ਜੀਐੱਨਡੀਯੂ ਸੁਰੱਖਿਆ ਵਿਭਾਗ ਤੋਂ ਸੇਵਾਮੁਕਤ ਹੋਏ ਅਧਿਕਾਰੀਆਂ ਨੂੰ ਵਿਦਾਇਗੀ
ਜੀਐਨਡੀਯੂ ਸੁਰੱਖਿਆ ਵਿਭਾਗ ਤੋਂ ਸੇਵਾਮੁਕਤ ਹੋਏ ਅਧਿਕਾਰੀਆਂ ਨੂੰ ਵਿਦਾਇਗੀ
Publish Date: Tue, 31 Mar 2026 07:09 PM (IST)
Updated Date: Wed, 01 Apr 2026 04:13 AM (IST)

ਫੋਟੋ-27 ਕੈਪਸ਼ਨ : ਸੇਵਾਮੁਕਤ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਮੁੱਖ ਸੁਰੱਖਿਆ ਅਧਿਕਾਰੀ ਹਰਵਿੰਦਰ ਸਿੰਘ ਸੰਧੂ, ਕੈਪਟਨ ਸਾਹਿਬ ਸਿੰਘ, ਕੈਪਟਨ ਜਸਬੀਰ ਸਿੰਘ, ਰਾਮ ਲੁਭਾਇਆ, ਰੇਸ਼ਮ ਸਿੰਘ ਢਿੱਲੋਂ ਤੇ ਹੋਰ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਿਸ਼ਵ ਪ੍ਰਸਿੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਦੇ ਵਿਚ ਕਈ ਦਹਾਕੇ ਸੁਰੱਖਿਆ ਸੇਵਾਵਾਂ ਦੇਣ ਤੋਂ ਉਪਰੰਤ ਤਿੰਨ ਅਧਿਕਾਰੀ ਸੇਵਾਮੁਕਤ ਹੋ ਗਏ। ਜਿੰਨ੍ਹਾਂ ਵਿੱਚ ਸੀਨੀਅਰ ਸੁਰੱਖਿਆ ਸੁਪਰਵਾਈਜ਼ਰ ਕੈਪਟਨ ਰਾਮ ਸਿੰਘ ਸੰਧੂ, ਸਹਾਇਕ ਸੁਪਰਵਾਈਜਰ ਬਲਗੇਰ ਸਿੰਘ ਤੇ ਸੀਨੀਅਰ ਸੁਰੱਖਿਆ ਗਾਰਡ ਸੁਖਚੈਨ ਸਿੰਘ ਦੇ ਨਾਮ ਸ਼ਾਮਲ ਹਨ। ਇਨ੍ਹਾਂ ਤਿੰਨਾ ਸੇਵਾਮੁਕਤ ਅਧਿਕਾਰੀਆਂ ਦੀ ਸ਼ਾਨ ਦੇ ਵਿਚ ਵਿਭਾਗ ਦੇ ਵੱਲੋਂ ਬਾਬਾ ਬੁੱਢਾ ਸਾਹਿਬ ਭਵਨ ਵਿਖੇ ਸ਼ਾਨਦਾਰ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੁੱਖ ਸੁਰੱਖਿਆ ਅਧਿਕਾਰੀ ਤੇ ਸੇਵਾਮੁਕਤ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਪੀਪੀਐਸ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਜਦੋਂ ਕਿ ਸੀਨੀਅਰ ਸੁਰੱਖਿਆ ਸੁਪਰਵਾਈਜਰ ਰਾਮ ਲੁਭਾਇਆ, ਕੈਪਟਨ ਸਾਹਿਬ ਸਿੰਘ, ਕੈਪਟਨ ਜਸਬੀਰ ਸਿੰਘ ਤੇ ਪ੍ਰਧਾਨ ਰੇਸ਼ਮ ਸਿੰਘ ਢਿੱਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਦੇ ਵੱਲੋਂ ਸੇਵਾਮੁਕਤ ਹੋਏ ਸੀਨੀਅਰ ਸੁਪਰਵਾਈਜਰ ਕੈਪਟਨ ਰਾਮ ਸਿੰਘ ਸੰਧੂ, ਸਹਾਇਕ ਸੁਪਰਵਾਈਜਰ ਬਲਗੇਰ ਸਿੰਘ ਤੇ ਸੀਨੀਅਰ ਸੁਰੱਖਿਆ ਗਾਰਡ ਸੁਖਚੈਨ ਸਿੰਘ ਦੀ ਕਾਰਜਸ਼ੈਲੀ ਤੇ ਰੌਸ਼ਨੀ ਪਾਈ। ਇਸ ਮੌਕੇ ਮੁੱਖ ਮਹਿਮਾਨ ਮੁੱਖ ਸੁਰੱਖਿਆ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਪੀਪੀਐਸ ਨੇ ਕਿਹਾ ਕਿ ਤਿੰਨਾਂ ਹੀ ਅਧਿਕਾਰੀਆਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਮਿਸਾਲੀ ਕਾਰਜਸ਼ੈਲੀ ਨੂੰ ਤਰਜੀਹ ਦਿੱਤੀ ਤੇ ਕੈਂਪਸ ਦੇ ਨਾਲ ਸਬੰਧਤ ਅਧਿਆਪਨ, ਗੈਰ ਅਧਿਆਪਨ ਤੇ ਵਿਦਿਆਰਥੀ ਵਰਗ ਦੀ ਜਾਨ ਤੇ ਮਾਲ ਦੀ ਹਿਫਾਜਤ ’ਚ ਅਹਿਮ ਭੂਮਿਕਾ ਅਦਾ ਕੀਤੀ। ਇੱਥੇ ਹੀ ਬੱਸ ਨਹੀਂ ਇਨ੍ਹਾਂ ਵੱਲੋਂ ਸੰਜੀਦਗੀ ਤੇ ਸੁਹਿਰਦਤਾ ਦੇ ਨਾਲ ਵਿਚਰਦਿਆਂ ਹਰੇਕ ਵਰਗ ਦੇ ਨਾਲ ਬੇਹਤਰ ਸੰਪਰਕ ਅਤੇ ਗੂੜੇ ਰਿਸ਼ਤਿਆਂ ਨੂੰ ਵੀ ਪਹਿਲ ਦਿੱਤੀ। ਇਸ ਮੌਕੇ ਤਿੰਨ੍ਹਾਂ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।