ਸਿਵਲ ਕੋਰਟ ਬਾਬਾ ਬਕਾਲਾ ਸਾਹਿਬ ਵੱਲੋਂ ਜੀਐੱਨਡੀਯੂ ਦੇ ਰਜਿਸਟਰਾਰ, ਵੀਸੀ ਤੇ ਹੋਰਨਾਂ ਨੂੰ ਨੋਟਿਸ
ਸਿਵਲ ਕੋਰਟ ਬਾਬਾ ਬਕਾਲਾ ਸਾਹਿਬ ਵਲੋਂ ਜੀਐੱਨਡੀਯੂ ਦੇ ਰਜਿਸਟਰਾਰ, ਵਾਈਸ ਚਾਸਲਰ ਅਤੇ ਹੋਰਨਾਂ ਨੂੰ ਨੋਟਿਸ
Publish Date: Sun, 22 Mar 2026 07:21 PM (IST)
Updated Date: Mon, 23 Mar 2026 04:14 AM (IST)

* 24 ਮਾਰਚ ਲਈ ਪੇਸ਼ ਹੋਣ ਲਈ ਕੀਤਾ ਨੋਟਿਸ ਜਾਰੀ * ਯੂਨੀਵਰਸਿਟੀ ਨੂੰ ਵਿਦਿਆਰਥੀ ਦਾ ਅਕੈਡਮਿਕ ਰਿਕਾਰਡ ਨਸ਼ਟ ਕਰਨ ’ਤੇ ਲਗਾਈ ਰੋਕ ਕੈਪਸ਼ਨ - ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਮਰ ਵੀਰ ਸਿੰਘ। ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਰਮਨਦੀਪ ਕੌਰ ਸਿਵਲ ਜੱਜ ਬਾਬਾ ਬਕਾਲਾ ਸਾਹਿਬ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਜਿਸਟਰਾਰ, ਵਾਈਸ ਚਾਂਸਲਰ, ਪ੍ਰੋਫੈਸਰ ਮੀਨੂੰ ਵਰਮਾ ਤੇ ਪ੍ਰੋਫੈਸਰ ਅਰਵਿੰਦਕਾ ਚੌਧਰੀ ਤੇ ਹੋਰਨਾਂ ਨੂੰ 24 ਮਾਰਚ ਨੂੰ ਅਦਾਲਤ ’ਚ ਪੇਸ਼ ਹੋਣ ਲਈ ਹੁਕਮ ਜਾਰੀ ਕਰਨ ਦੀ ਸੂਚਨਾ ਹੈ। ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚ ਲਾਅ ਵਿਭਾਗ ’ਚ ਪੜ੍ਹਦੇ ਵਿਦਿਆਰਥੀ ਅਮਰਵੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਲਾਅ ਵਿਭਾਗ ਦੇ ਕੁਝ ਪ੍ਰੋਫੈਸਰਾਂ ਪ੍ਰੋਫੈਸਰ ਮੀਨੂੰ ਵਰਮਾ, ਪ੍ਰੋਫੈਸਰ ਅਰਵਿੰਦਕਾ ਚੋਧਰੀ, ਪ੍ਰੋਫੈਸਰ ਪੁਸ਼ਪਾ ਦੇਵੀ, ਕਲਰਕ ਰਜਿੰਦਰ ਸਿੰਘ ਵੱਲੋਂ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਜਾਣਬੁੱਝ ਕੇ ਪੇਪਰਾਂ ’ਚ ਪੂਰੇ ਨੰਬਰ ਨਹੀਂ ਦਿੱਤੇ ਜਾ ਰਹੇ ਸਨ। ਜਦ ਉਸ ਨੇ ਪੇਪਰਾਂ ਦੀ ਦੁਬਾਰਾ ਰੀਵੈਲਿਊਏਸ਼ਨ ਪਾਈ ਤਾਂ ਉਸ ਦੇ ਕਈ ਪੇਪਰਾਂ ’ਚ 19 ਤੋਂ 34 ਨੰਬਰਾਂ ਤੱਕ ਵੱਧ ਜਾਂਦੇ ਰਹੇ। ਜਿਸ ਕਾਰਨ ਵਿਦਿਆਰਥੀ ਨੂੰ ਬਹੁਤ ਹੀ ਮਾਨਸਿਕ ਪ੍ਰੇਸ਼ਾਨੀ ਹੋਈ। ਇਹ ਮਾਮਲਾ ਕਈ ਵਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਹੋਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪ੍ਰੋਫੈਸਰ ਮੀਨੂੰ ਵਰਮਾ ਨੇ ਉਸ ਨੂੰ ਬੁਲਾ ਕੇ ਉਸ ਨਾਲ ਵਾਅਦਾ ਕੀਤਾ ਕਿ ਉਸ ਨਾਲ ਅਜਿਹਾ ਦੁਬਾਰਾ ਨਹੀ ਹੋਵੇਗਾ, ਪਰ ਉਕਤ ਪ੍ਰੋਫੈਸਰਾਂ ਤੇ ਇਨ੍ਹਾਂ ਦੇ ਕੁਝ ਸਾਥੀਆਂ ਨੇ ਹੋਰ ਨਾਜਾਇਜ਼ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਜਾਣਬੁੱਝ ਕੇ ਉਸ ਦਾ ਨਤੀਜਾ ਯੂਨੀਵਰਸਿਟੀ ਦੀ ਵੈਬਸਾਈਡ ’ਤੇ ਅਪਲੋਡ ਨਹੀ ਕੀਤਾ ਜਾਂਦਾ ਸੀ। ਅਮਰਵੀਰ ਸਿੰਘ ਨੇ ਦੱਸਿਆ ਕਿ ਜਦ ਉਸ ਨੂੰ ਪਤਾ ਲੱਗਾ ਕਿ ਉਕਤ ਪ੍ਰੋਫੈਸਰ ਆਪਸੀ ਮਿਲੀਭੁਗਤ ਨਾਲ ਉਸ ਦਾ ਅਕੈਡਮਿਕ ਰਿਕਾਰਡ ਤੇ ਜੋ ਰਿਕਾਰਡ ਉਸ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਯੂਨੀਵਰਸਿਟੀ ਤੋਂ ਮੰਗਿਆ ਸੀ, ਉਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਉਸ ਨੇ ਸਿਵਲ ਕੋਰਟ ਬਾਬਾ ਬਕਾਲਾ ਸਾਹਿਬ ’ਚ ਮਨਡੈਟਰੀ ਇੰਜੈਕਸ਼ਨ ਤੇ ਸਟੇਅ ਦੀ ਅਰਜੀ ਦਾਇਰ ਕੀਤੀ। ਜਿਸ ’ਤੇ ਗੌਰ ਕਰਦਿਆਂ ਰਮਨਦੀਪ ਕੌਰ ਸਿਵਲ ਜੱਜ ਬਾਬਾ ਬਕਾਲਾ ਸਾਹਿਬ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ, ਪ੍ਰੋਫੈਸਰ ਮੀਨੂੰ ਵਰਮਾ, ਪ੍ਰੋਫੈਸਰ ਅਰਵਿੰਦਕਾ ਚੌਧਰੀ ਤੇ ਹੋਰਨਾਂ ਨੂੰ ਮਿਤੀ 24 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਹਨ ਅਤੇ ਯੂਨੀਵਰਸਿਟੀ ਨੂੰ ਉਸ ਦਾ ਅਕੈਡਮਿਕ ਰਿਕਾਰਡ ਨਸ਼ਟ ਕਰਨ ਤੋ ਰੋਕ ਦਿੱਤਾ ਹੈ।