ਸੂਚਨਾ ਕਮਿਸ਼ਨਰ ਪੰਜਾਬ ਵੱਲੋਂ ਜੀਐੱਨਡੀਯੂ ਦੇ ਰਸਿਟਰਾਰ ਤੇ ਵੀਸੀ 9 ਜੂਨ ਨੂੰ ਚੰਡੀਗੜ੍ਹ ਤਲਬ
ਸੂਚਨਾ ਕਮਿਸ਼ਨਰ ਪੰਜਾਬ ਵਲੋਂ ਜੀਐੱਨਡੀਯੂ ਦੇ ਰਸਿਟਰਾਰ ਅਤੇ ਵਾਈਸ ਚਾਂਸਲਰ 9 ਜੂਨ ਨੂੰ ਚੰਡੀਗੜ ਤਲਬ
Publish Date: Sat, 21 Mar 2026 07:08 PM (IST)
Updated Date: Sun, 22 Mar 2026 04:13 AM (IST)

* ਮਾਮਲਾ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਨਾ ਦੇਣ ਦਾ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਹੋਈ ਸੂਚਨਾ ਦਾ ਰਿਕਾਰਡ ਨਾ ਦੇਣ ਤੇ ਸੂਚਨਾ ਕਮਿਸ਼ਨਰ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ-ਕਮ-ਸੂਚਨਾ ਅਧਿਕਾਰੀ ਤੇ ਵਾਈਸ ਚਾਂਸਲਰ-ਕਮ-ਅਪੀਲ ਅਧਿਕਾਰੀ ਨੂੰ 9 ਜੂਨ ਨੂੰ ਚੰਡੀਗੜ੍ਹ ਵਿਖੇ ਤਲਬ ਕਰਨ ਦੀ ਸੂਚਨਾ ਹੈ। ਇਸ ਸਬੰਧੀ ਅਮਰਵੀਰ ਸਿੰਘ ਆਜ਼ਾਦ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚ ਲਾਅ ਵਿਭਾਗ ’ਚ ਪੜ੍ਹਦਾ ਹੈ ਅਤੇ ਉਸ ਨੂੰ ਲਾਅ ਵਿਭਾਗ ਦੇ ਕੁਝ ਪ੍ਰੋਫੈਸਰਾਂ ਵੱਲੋਂ ਜਾਣ-ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਉਸ ਨੂੰ ਜਾਣ-ਬੁੱਝ ਕੇ ਪੇਪਰਾਂ ’ਚ ਪੂਰੇ ਨੰਬਰ ਨਹੀ ਦਿੱਤੇ ਜਾ ਰਹੇ ਸਨ। ਜਦ ਉਸ ਨੇ ਪੇਪਰਾਂ ਦੀ ਦੁਬਾਰਾ ਰੀਵੈਲਿਊਏਸ਼ਨ ਪਾਈ ਤਾਂ ਉਸ ਦੇ ਕਈ ਪੇਪਰਾਂ ’ਚ 19 ਤੋਂ ਲੈ ਕੇ 34 ਨੰਬਰਾਂ ਤੱਕ ਵੱਧ ਜਾਂਦੇ ਰਹੇ, ਜਿਸ ਕਾਰਨ ਉਸ ਨੂੰ ਬਹੁਤ ਹੀ ਮਾਨਸਿਕ ਪਰੇਸ਼ਾਨੀ ਹੋਈ। ਇਹ ਮਾਮਲਾ ਕਈ ਵਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਹੋਰ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ। ਇਸੇ ਰੰਜਿਸ਼ਬਾਜ਼ੀ ਕਾਰਨ ਪ੍ਰੋਫੈਸਰ ਉਸ ਨੂੰ ਹੋਰ ਨਾਜਾਇਜ਼ ਤੰਗ ਪਰੇਸ਼ਾਨ ਕਰਨ ਲੱਗ ਪਏ ਤੇ ਜਾਣ-ਬੁੱਝ ਕੇ ਉਸ ਦਾ ਨਤੀਜਾ ਯੂਨੀਵਰਸਿਟੀ ਦੇ ਵੈਬਸਾਈਡ ’ਤੇ ਅਪਲੋਡ ਨਹੀਂ ਕੀਤਾ ਜਾਂਦਾ ਸੀ, ਜਿਸ ਕਾਰਨ ਅਮਰਵੀਰ ਸਿੰਘ ਨੇ ਆਪਣੀਆਂ ਉੱਤਰ ਪਰਚੀਆਂ ਤੇ ਹੋਰ ਵੇਰਵਿਆ ਦਾ ਰਿਕਾਰਡ ਲੈਣ ਲਈ ਸੂਚਨਾ ਅਧਿਕਾਰੀ-ਕਮ-ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਤੀ 11-8-2025 ਨੂੰ ਅਰਜੀ ਭੇਜੀ, ਪਰ ਸੂਚਨਾ ਅਧਿਕਾਰੀ ਕਮ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਕ ਮਹੀਨਾ ਬੀਤਣ ’ਤੇ ਵੀ ਮੰਗਿਆ ਹੋਇਆ ਕੋਈ ਵੀ ਰਿਕਾਰਡ ਜਾਣ-ਬੁੱਝ ਕੇ ਨਹੀਂ ਦਿੱਤਾ। ਜਿਸ ’ਤੇ ਉਸ ਨੇ ਇਸ ਸਬੰਧੀ ਅਪੀਲ ਅਧਿਕਾਰੀ-ਕਮ-ਡੀਮ ਅਕੈਡਮਿਕ ਅਫੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਮਿਤੀ 26-9-2025 ਨੂੰ ਅਪੀਲ ਭੇਜੀ। ਜਿਸ ’ਤੇ ਅਪੀਲ ਅਧਿਕਾਰੀ ਨੇ ਉਸ ਨੂੰ ਮਿਤੀ 20-11-2025 ਨੂੰ ਆਪਣੇ ਦਫਤਰ ਬੁਲਾਇਆ ਤਾਂ ਉਹ ਅਪੀਲ ਅਧਿਕਾਰੀ-ਕਮ-ਡੀਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੇਸ਼ ਹੋਇਆ ਤੇ ਉਸ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗਿਆ ਹੋਇਆ ਰਿਕਾਰਡ ਦਿਵਾਉਣ ਦੀ ਮੰਗ ਕੀਤੀ ਪਰ ਅਪੀਲ ਅਧਿਕਾਰੀ ਨੇ ਵੀ ਉਸ ਨੂੰ ਮੰਗਿਆ ਹੋਇਆ ਰਿਕਾਰਡ ਦਿਵਾਉਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਵੀ ਉਹ ਕਈ ਵਾਰ ਅਪੀਲ ਅਧਿਕਾਰੀ ਦੇ ਦਫ਼ਤਰ ਮੰਗੀ ਹੋਈ ਸੂਚਨਾ ਲੈਣ ਲਈ ਗਿਆ ਪਰ ਅਪੀਲ ਅਧਿਕਾਰੀ ਨੇ ਜਾਣ-ਬੁੱਝ ਕੇ ਆਪਣੇ ਅਧਿਕਾਰਾਂ ਦੀ ਦੁਰਵਰਤੋ ਕਰਦਿਆਂ ਉਸ ਨੂੰ ਮਿਤੀ 12-12-2025 ਨੂੰ ਜਾਰੀ ਇਕ ਪੱਤਰ ਰਾਹੀਂ ਮੰਗਿਆ ਹੋਇਆ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ’ਤੇ ਉਸ ਨੇ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਨੂੰ ਅਪੀਲ ਭੇਜੀ, ਜਿਸ ’ਤੇ ਗੌਰ ਕਰਦਿਆਂ ਵੀਰਿੰਦਰਜੀਤ ਸਿੰਘ ਸੂਚਨਾ ਕਮਿਸ਼ਨਰ ਪੰਜਾਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੂਚਨਾ ਅਧਿਕਾਰੀ-ਕਮ-ਰਜਿਸਟਰਾਰ ਅਤੇ ਅਪੀਲ ਅਧਿਕਾਰੀ-ਕਮ-ਵਾਇਸ ਚਾਂਸਲਰ ਨੂੰ ਮਿਤੀ 9 ਜੂਨ 2026 ਨੂੰ ਚੰਡੀਗੜ੍ਹ ਆਪਣੇ ਦਫ਼ਤਰ ਤਲਬ ਕਰ ਲਿਆ। ਤਲਬ ਕਰਨ ਸਬੰਧੀ ਕੋਈ ਵੀ ਦਸਤਾਵੇਜ ਜਾਂ ਨੋਟਿਸ ਨਹੀਂ ਮਿਲਿਆ : ਡਾ. ਚਾਹਲ ਇਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਡਾ. ਕਰਮਜੀਤ ਸਿੰਘ ਚਾਹਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਆਰਟੀਆਈ ਦਾ ਜਵਾਬ ਹਰ ਹਾਲਤ ’ਚ ਦਿੱਤਾ ਜਾਂਦਾ ਹੈ। ਇਸ ਸਬੰਧੀ ਜੇਕਰ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਚੰਡੀਗੜ੍ਹ ਕੋਈ ਦਸਤਾਵੇਜਾਂ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦਸਤਾਵੇਜ਼ ਮੁਹੱਈਆ ਕਰਵਾਏ ਜਾਣਗੇ। ਜਦਕਿ 9 ਜੂਨ ਨੂੰ ਤਲਬ ਕਰਨ ਸਬੰਧੀ ਕੋਈ ਵੀ ਦਸਤਾਵੇਜ਼ ਜਾਂ ਨੋਟਿਸ ਹਾਲੇ ਤੱਕ ਪ੍ਰਾਪਤ ਨਹੀਂ ਹੋਇਆ।