ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲਾਂ ਨਾਲ ਜੁੜੇ 6 ਜਣੇ ਗ੍ਰਿਫਤਾਰ
ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲਾਂ ਨਾਲ ਜੁੜੇ 6 ਵਿਅਕਤੀ ਗ੍ਰਿਫਤਾਰ
Publish Date: Sun, 15 Mar 2026 06:29 PM (IST)
Updated Date: Mon, 16 Mar 2026 04:13 AM (IST)

ਫੋਟੋ ਕੈਪਸ਼ਨ : ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਹੋਰ। * ਤਿੰਨ ਪੀਐਕਸ-5.7 ਸਮੇਤ ਛੇ ਪਿਸਤੌਲਾਂ ਬਰਾਮਦ * ਗ੍ਰਿਫ਼ਤਾਰ ਕੀਤੇ ਵਿਅਕਤੀ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿਚ ਸਨ * ਭਾਰਤ-ਪਾਕਿ ਸਰਹੱਦ ਨੇੜਿਓਂ ਖੇਪ ਪ੍ਰਾਪਤ ਕਰ ਰਹੇ ਸਨ : ਡੀਜੀਪੀ ਯਾਦਵ * ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ : ਸੀਪੀ ਭੁੱਲਰ ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਕਮਿਸ਼ਨਰੇਟ ਪੁਲਿਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਆਧੁਨਿਕ ਪਿਸਤੌਲ ਤੇ 3.5 ਕਿਲੋ ਹੈਰੋਇਨ ਬਰਾਮਦ ਕਰ ਕੇ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਦੇ ਦੋ ਵੱਖ-ਵੱਖ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰਕੈਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਕਰਨ ਸਿੰਘ (26), ਗੁਰਪ੍ਰੀਤ ਸਿੰਘ ਉਰਫ਼ ਗੋਪੀ (22), ਰਾਕੇਸ਼ ਉਰਫ਼ ਕੇਸ਼ੂ (26), ਚਮਕੋਰ ਸਿੰਘ ਉਰਫ਼ ਚਮਕੋਰ (23), ਚਾਰੇਂ ਵਾਸੀ ਖੇਮਕਰਨ, ਤਰਨਤਾਰਨ ਤੇ ਮੱਖਣਦੀਨ ਉਰਫ਼ ਮੱਖਣ (22) ਵਾਸੀ ਨਾਗ ਕਲਾਂ, ਅੰਮ੍ਰਿਤਸਰ ਅਤੇ ਜਸਬੀਰ ਸਿੰਘ ਉਰਫ਼ ਬੀਰਾ ਉਰਫ਼ ਰਘੂ (19) ਵਾਸੀ ਪਿੰਡ ਮੂਲੇਚੱਕ, ਅੰਮ੍ਰਿਤਸਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿਚ ਤਿੰਨ ਪੀ ਐਕਸ 5.7×28 ਐੱਮਐੱਮ ਟੀਆਈਐੱਸਏਐੱਸ ਟਰਕੀ ਪਿਸਤੌਲ, ਦੋ .30 ਬੋਰ ਤੇ ਇਕ 9 ਐੱਮਐੱਮ ਪਿਸਤੌਲ ਤੋਂ ਇਲਾਵਾ 60 ਕਾਰਤੂਸ ਵੀ ਸ਼ਾਮਲ ਹਨ। ਇਸ ਕਾਰਵਾਈ ’ਚ ਬਰਾਮਦ ਕੀਤੇ ਗਏ ਆਧੁਨਿਕ ਆਟੋਮੈਟਿਕ ਪੀ ਐਕਸ 5.7×28 ਐੱਮਐੱਮ ਟੀਆਈਐੱਸਏਐੱਸ ਟਰਕੀ ਸੀਰੀਜ਼ ਪਿਸਤੌਲ ਨਵੀਨਤਮ ਹਥਿਆਰ ਹੈ ਅਤੇ ਇਹ ਦੁਰਲੱਭ ਬਰਾਮਦਗੀਆਂ ਵਿਚੋਂ ਇੱਕ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਪਾਕਿਸਤਾਨ-ਆਧਾਰਤ ਤਸਕਰਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ, ਜੋ ਡਰੋਨ ਜ਼ਰੀਏ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਸਰਹੱਦ ਪਾਰ ਦੇ ਇਕ ਹੈਂਡਲਰ ਅਧੀਨ ਕੰਮ ਕਰ ਰਹੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਇਕ ਵੱਡਾ ਸੰਗਠਿਤ ਤਸਕਰੀ ਨੈੱਟਵਰਕ ਹੋ ਸਕਦਾ ਹੈ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ’ਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਮੁੱਚੇ ਨੈੱਟਵਰਕ ਨੂੰ ਖ਼ਤਮ ਕੀਤਾ ਜਾ ਸਕੇ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗਸ਼ਤ ਤੇ ਤਲਾਸ਼ੀ ਦੌਰਾਨ, ਪੁਲਿਸ ਟੀਮਾਂ ਨੇ ਮੋਟਰਸਾਈਕਲ ਤੇ ਸਵਾਰ ਦੋ ਸ਼ੱਕੀ ਨੌਜਵਾਨਾਂ ਕਰਨ ਸਿੰਘ ਤੇ ਗੁਰਪ੍ਰੀਤ ਉਰਫ਼ ਗੋਪੀ ਦੀ ਤਲਾਸ਼ੀ ਲੈਣ ਤੇ ਦੋ ਟੀਆਈਐੱਸਏਐੱਸ ਟਰਕੀ ਪਿਸਤੌਲ, ਮੈਗਜ਼ੀਨ ਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਖੁਲਾਸੇ ਉਪਰੰਤ ਜਾਂਚ ਦੌਰਾਨ ਗੋਲਾ ਬਾਰੂਦ ਸਮੇਤ ਇਕ ਹੋਰ ਟੀਆਈਐੱਸਏਐੱਸ ਟਰਕੀ ਪਿਸਤੌਲ ਤੇ ਇਕ .30 ਬੋਰ ਪਿਸਤੌਲ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨੇੜਲੇ ਪਿੰਡਾਂ ਨਾਲ ਸਬੰਧਤ ਹਨ, ਜਿਸ ਨਾਲ ਸਰਹੱਦ ਪਾਰੋਂ ਇਨ੍ਹਾਂ ਹਥਿਆਰਾਂ ਦੀ ਤਸਕਰੀ ’ਚ ਮਦਦ ਮਿਲੀ। ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣੇ ਸਪਲਾਇਰ ਦਾ ਖੁਲਾਸਾ ਕੀਤਾ ਤੇ ਉਸ ਦੀ ਪਛਾਣ ਮੱਖਣਦੀਨ ਉਰਫ਼ ਮੱਖਣ ਵਜੋਂ ਕੀਤੀ, ਜਿਸ ਨੂੰ ਬਾਅਦ ਵਿਚ ਇਕ .30 ਬੋਰ ਪਿਸਤੌਲ, ਮੈਗਜ਼ੀਨ ਤੇ ਗੋਲਾ ਬਾਰੂਦ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਸੀਪੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਇਕ ਹੋਰ ਕਾਰਵਾਈ ’ਚ ਪੁਲਿਸ ਟੀਮਾਂ ਨੇ ਸ਼ੱਕੀ ਰਾਕੇਸ਼ ਉਰਫ਼ ਕੇਸ਼ੂ ਤੇ ਚਮਕੋਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੁਲਾਸੇ ਤੇ 800 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਇਸ ਮਾਮਲੇ ’ਚ ਹੈਰੋਇਨ ਦੀ ਕੁੱਲ ਬਰਾਮਦਗੀ 1 ਕਿੱਲੋਗ੍ਰਾਮ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਭਰੋਸੇਯੋਗ ਗੁਪਤ ਸੂਚਨਾ ਤੇ ਪੁਲਿਸ ਟੀਮਾਂ ਵੱਲੋਂ ਸੁਚੱਜੇ ਤਾਲਮੇਲ ਨਾਲ ਅਗਲੇਰੀ ਕਾਰਵਾਈ ਕਰਕਦਿਆਂ ਜਸਬੀਰ ਸਿੰਘ ਉਰਫ ਬੀਰਾ ਉਰਫ ਰਘੂ ਨੂੰ 2.5 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਤਿੰਨ ਵੱਖ-ਵੱਖ ਮਾਮਲੇ ਥਾਣਾ ਗੇਟ ਹਕੀਮਾ ਵਿਖੇ ਅਸਲਾ ਐਕਟ ਦੀ ਧਾਰਾ 25(8) ਅਧੀਨ ਐੱਫਆਈਆਰ ਨੰਬਰ 59 ਮਿਤੀ 08-03-2026, ਥਾਣਾ ਛੇਹਰਟਾ ਵਿਖੇ ਐੱਨਡੀਪੀਐੱਸ ਐਕਟ ਦੀ ਧਾਰਾ 21-ਸੀ ਤੇ 21-ਬੀ ਅਧੀਨ ਐੱਫਆਈਆਰ ਨੰਬਰ 53 ਮਿਤੀ 10-03-2026 ਅਤੇ ਥਾਣਾ ਵੇਰਕਾ ਵਿਖੇ ਐੱਨਡੀਪੀਐਸ ਐਕਟ ਦੀ ਧਾਰਾ 21-ਸੀ ਅਧੀਨ ਐੱਫਆਈਆਰ ਨੰਬਰ 27 ਮਿਤੀ 08-03-2026 ਦਰਜ ਕੀਤੇ ਗਏ ਹਨ।