ਉਦਯੋਗਿਕ ਕਾਮਿਆਂ ਦਾ ਰੇਟ ਨਾ ਵਧਾਉਣ 'ਤੇ ਹੜਤਾਲ ਦੀ ਚੇਤਾਵਨੀ
ਉਦਯੋਗਿਕ ਕਾਮਿਆਂ ਦਾ ਰੇਟ ਨਾ ਵਧਾਉਣ 'ਤੇ ਹੜਤਾਲ ਦੀ ਚੇਤਾਵਨੀ
Publish Date: Tue, 24 Feb 2026 07:01 PM (IST)
Updated Date: Wed, 25 Feb 2026 04:10 AM (IST)

ਫੋਟੋ-43 ਕੈਪਸਨ - ਮੀਟਿੰਗ ਦੌਰਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਅਮਰਜੀਤ ਸਿੰਘ ਆਂਸਲ ਤੇ ਹੋਰ ਸਾਥੀ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਤਲੀਘਰ ਸਥਿਤ ਸੀਟੂ ਦਫ਼ਤਰ ਵਿਖੇ ਟਰੇਡ ਯੂਨੀਅਨ ਸੀਟੂ, ਏਟਕ ਤੇ ਸੀਟੀਯੂ ਪੰਜਾਬ ਦੀ ਅਹਿਮ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ’ਚ ਉਦਯੋਗਿਕ ਕਾਮਿਆਂ ਦੀਆਂ ਉਜਰਤਾਂ (ਰੇਟਾਂ) ’ਚ ਵਾਧੇ ਅਤੇ ਭਵਿੱਖ ਦੀ ਰਣਨੀਤੀ ਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ। ਸੀਟੂ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ 12 ਫਰਵਰੀ ਦੀ ਇਤਿਹਾਸਕ ਹੜਤਾਲ ਨੂੰ ਸਫਲ ਬਣਾਉਣ ਲਈ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ। ਆਗੂਆਂ ਨੇ ਦੱਸਿਆ ਕਿ ਮਿੱਲ ਮਾਲਕਾਂ ਨਾਲ ਕੰਮ ਦੇ ਰੇਟਾਂ ਸਬੰਧੀ ਜੋ ਪਿਛਲਾ ਸਮਝੌਤਾ ਹੋਇਆ ਸੀ, ਉਹ 31 ਦਸੰਬਰ 2025 ਨੂੰ ਖਤਮ ਹੋ ਚੁੱਕਾ ਹੈ। ਕਾਮਿਆਂ ਦੀਆਂ ਵਧਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ, ਜਥੇਬੰਦੀਆਂ ਵੱਲੋਂ ਮਿੱਲ ਮਾਲਕਾਂ ਨੂੰ ਨਵੇਂ ਰੇਟ ਲਾਗੂ ਕਰਨ ਲਈ ਨੋਟਿਸ ਭੇਜ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਮਿੱਲ ਮਾਲਕਾਂ ਨੇ ਰੇਟਾਂ ਵਿੱਚ ਵਾਧੇ ਸਬੰਧੀ ਸਕਾਰਾਤਮਕ ਹੁੰਗਾਰਾ ਨਾ ਦਿੱਤਾ, ਤਾਂ ਮਜਬੂਰਨ ਵਰਕਰਾਂ ਨੂੰ ਤਿੱਖਾ ਸੰਘਰਸ਼ ਅਤੇ ਹੜਤਾਲ ਦਾ ਰਸਤਾ ਅਖਤਿਆਰ ਕਰਨਾ ਪਵੇਗਾ। ਇਸ ਮੀਟਿੰਗ ਵਿਚ ਅਮਰਜੀਤ ਸਿੰਘ ਆਂਸਲ (ਏਟਕ), ਮੋਹਨ ਲਾਲ, ਸ਼ਮਸ਼ੇਰ ਸਿੰਘ ਸ਼ੇਰਾ, ਬ੍ਰਹਮਦੇਵ, ਅਤੇ ਜਗਤਾਰ ਸਿੰਘ ਕਰਮਪੁਰਾ (ਸੀਟੀਯੂ), ਕਿਰਪਾ ਰਾਮ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਚਰਨਜੀਤ ਸਿੰਘ ਮਜੀਠਾ, ਪ੍ਰਤਾਪ ਸਿੰਘ ਖਾਪੜਖੇੜੀ, ਧਰਮਪਾਲ, ਬਲਬੀਰ ਸਿੰਘ ਅਤੇ ਕੁਲਬੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।