ਖ਼ਾਲਸਾ ਕਾਲਜ ਐਜੂਕੇਸ਼ਨ, ਜੀਟੀ ਰੋਡ ’ਚ ਐਲੂਮਨੀ ਮੀਟ ਕਰਵਾਈ
ਖ਼ਾਲਸਾ ਕਾਲਜ ਐਜੂਕੇਸ਼ਨ ਜੀਟੀ ਰੋਡ ਵਿਖੇ ਐਲੂਮਨੀ ਮੀਟ ਕਰਵਾਈ
Publish Date: Tue, 24 Feb 2026 06:28 PM (IST)
Updated Date: Wed, 25 Feb 2026 04:08 AM (IST)

ਫੋਟੋ-32 ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀਟੀ ਰੋਡ ਵਿਖੇ ਐਲੂਮਨੀ ਮੀਟ ਕਰਵਾਈ ਗਈ। ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਨਿਰਦੇਸ਼ਾਂ ’ਤੇ ਉਲੀਕੀ ਗਈ ਉਕਤ ਅਲੂਮਨੀ ਮੀਟ ’ਚ ਕਾਲਜ ਦੇ ਸਾਬਕਾ ਵਿਦਿਆਰਥੀ ਖਾਲਸਾ ਯੂਨੀਵਰਸਿਟੀ ਤੋਂ ਫੈਕਲਟੀ ਆਫ ਲੈਗੂਏਜਸ, ਮੁਖੀ ਡਾ. ਰਮਿੰਦਰ ਕੌਰ, ਲੁਧਿਆਣਾ ਤੋਂ ਸੇਵਾਮੁਕਤ ਪ੍ਰਿੰਸੀਪਲ ਡਾ. ਕੰਵਲਦੀਪ ਕੌਰ, ਡਿਪਾਰਟਮੈਂਟ ਆਫ ਡਿਸਟੈਂਸ ਐਡ ੳਪਨ ਲਰਨਿੰਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸ੍ਰੀਮਤੀ ਜਸ਼ਨਦੀਪ ਕੌਰ ਅਤੇ ਪ੍ਰੋ. ਕੁਲਦੀਪ ਪੁਰੀ ਨੇ ਸਿੱਖਿਆ ਸਾਹਿਤ ਅਤੇ ਸਮਾਜ ਦੇ ਵਿਸ਼ੇ ’ਤੇ ਪੈਨਲ ਡਿਸਕਸ਼ਨ ਕਰਕੇ ਆਏ ਸਾਬਕਾ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ’ਚ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਡਾ. ਕੁਮਾਰ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸੇ ਵੀ ਕਾਲਜ ਦਾ ਮੁੱਖ ਥੰਮ ਐਲੂਮਨੀ ਹੁੰਦੇ ਹਨ ਜੋ ਕਿ ਪੜ੍ਹ ਕੇ ਸਮਾਜ ’ਚ ਸੰਸਥਾ ਦੇ ਵੱਕਾਰ ਨੂੰ ਬਰਕਰਾਰ ਰੱਖਦੇ ਹਨ ਅਤੇ ਇਸ ਸੰਸਥਾ ਦੇ ਸਾਰੇ ਹੀ ਐਲੂਮਨੀ ਅੱਜ ਵੱਖ-ਵੱਖ ਸਕੂਲਾਂ ਕਾਲਜਾਂ ਜਾਂ ਹੋਰ ਸੰਸਥਾਵਾਂ ਨਾਲ ਜੁੜ ਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਸਮਾਰੋਹ ’ਚ 100 ਤੋਂ ਵਧੇਰੇ ਸਾਬਕਾ ਵਿਦਿਆਰਥੀਆਂ ’ਚ ਸਭ ਤੋਂ ਪੁਰਾਣੇ ਐਲੂਮਨੀ ਸੰਤੋਖ ਸਿੰਘ ਸੇਠੀ (ਮੈਂਬਰ, ਖਾਲਸਾ ਕਾਲਜ ਗਵਰਨਿੰਗ ਕੌਂਸਲ) ਅਤੇ ਚਰਨਜੀਤ ਸਿੰਘ ਗੁਮਟਾਲਾ ਜਿੰਨ੍ਹਾਂ ਨੇ ਕਿ ਕ੍ਰਮਵਾਰ 1971 ਅਤੇ 1972 ’ਚ ਇਸ ਕਾਲਜ ਤੋਂ ਬੀ.ਐੱਡ ਕੀਤੀ ਸੀ, ਨੇ ਹਿੱਸਾ ਲਿਆ। ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਹੋਰਨਾਂ ਸਾਬਕਾ ਵਿਦਿਆਰਥੀਆਂ ’ਚ ਡਾ. ਹਰਪ੍ਰੀਤ ਕੌਰ, ਡਾ. ਰਾਕੇਸ਼ ਕਪੂਰ, ਡਾ. ਬੀਐੱਮ ਸ਼ਰਮਾ, ਗੁਰਪ੍ਰੀਤ ਸਿੰਘ ਰਿਆੜ, ਰਾਕੇਸ਼ ਕੁਮਾਰ ਗੁਲਾਟੀ ਦੇ ਨਾਲ-ਨਾਲ ਕਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਪ੍ਰਿੰਸੀਪਲ ਅਤੇ ਅਧਿਆਪਕਾਂ ਵਜੋਂ ਕਾਰਜਸ਼ੀਲ ਐਲੂਮਨੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ ਅਤੇ ਬਹੁਤ ਸਾਰੇ ਐਲੂਮਨੀ ਨੇ ਵੱਖ-ਵੱਖ ਆਈਟਮਾਂ ਦੀ ਵੀ ਪੇਸ਼ਕਾਰੀ ਕਰਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਐਲੂਮਨੀ ਮੀਟ ਦਾ ਆਯੋਜਨ ਡਾ. ਮਨਪ੍ਰੀਤ ਕੌਰ, ਡਾ. ਪਾਰੂਲ ਅਗਰਵਾਲ ਤੇ ਡਾ. ਸੁਖਮਨਦੀਪ ਕੌਰ (ਅਸਿਸਟੈਂਟ ਪ੍ਰੋਫੈਸਰ) ਦੀ ਅਗਵਾਈ ਹੇਠ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਡਾ. ਕੁਮਾਰ ਅਤੇ ਐਸੋਸੀਏਟ ਪ੍ਰੋਫੈਸਰ ਡਾ. ਗੁਰਜੀਤ ਕੌਰ ਨੇ ਪੈਨਲ ਡਿਸਕਸ਼ਨ ’ਚ ਭਾਗ ਲੈਣ ਵਾਲੇ ਐਲੂਮਨੀ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।