‘ਸਤਿਨਾਮ-ਵਾਹਿਗੁਰੂ’ ਦੇ ਜਾਪ ਨਾਲ ਪਵਿੱਤਰ ਸਰੋਵਰ ਦੀ ਕਾਰ ਸੇਵਾ ਮੁਕੰਮਲ
‘ਸਤਿਨਾਮ-ਵਾਹਿਗੁਰੂ’ ਦੇ ਜਾਪ ਨਾਲ ਪਵਿੱਤਰ ਸਰੋਵਰ ਦੀ ਕਾਰ ਸੇਵਾ ਮੁਕੰਮਲ
Publish Date: Tue, 17 Feb 2026 04:05 PM (IST)
Updated Date: Tue, 17 Feb 2026 04:06 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ 87ਵਾਂ ਵਿਸ਼ਾਲ ਹੋਲਾ ਮੁਹੱਲਾ ਸਮਾਗਮ 23 ਫਰਵਰੀ 2026 ਤੋਂ ਕਮੇਟੀ ਦੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਗੁਰਦੁਆਰਾ ਬੋਹੜੀ ਸਾਹਿਬ ਵਿਖੇ ‘ਚੜਦੀ ਕਲਾ ਸੇਵਕ ਸਭਾ’ ਅਤੇ ‘ਹਰ ਮੈਦਾਨ ਫਤਿਹ ਸੇਵਕ ਸਭਾ’ ਗੁਰਦੁਆਰਾ ਛੇਹਰਟਾ ਸਾਹਿਬ ਦੇ ਨੌਜਵਾਨਾਂ ਵਲੋਂ ਸਰੋਵਰ ਦੀ ਸਫਾਈ ਦੀ ਸੇਵਾ ਕੀਤੀ ਗਈ। ਨੌਜਵਾਨਾਂ ਨੇ ‘ਸਤਿਨਾਮ-ਵਾਹਿਗੁਰੂ’ ਦਾ ਜਾਪ ਕਰਦਿਆਂ ਸਰੋਵਰ ਦੀ ਪੌੜੀਆਂ ਦੀ ਸਫਾਈ ਕੀਤੀ। ਜਿਕਰਯੋਗ ਸਰੋਵਰ ਵਿਚ ਮੌਜੂਦ ਮਛਲੀਆਂ ਨੂੰ ਸੁਰੱਖਿਅਤ ਇਕ ਪਾਸੇ ਕਰਕੇ ਸਫਾਈ ਕਰਨ ਉਪਰੰਤ ਦੂਸਰੇ ਪਾਸੇ ਪਾਣੀ ਵਿਚ ਤਬਦੀਲ ਕੀਤਾ ਗਿਆ। ‘ਚੜਦੀ ਕਲਾ ਸੇਵਕ ਸਭਾ’ ਦੇ ਸੇਵਾਦਾਰਾਂ ਅਤੇ ‘ਹਰ ਮੈਦਾਨ ਫਤਿਹ ਸੇਵਕ ਸਭਾ’ ਦੇ ਪ੍ਰਧਾਨ ਗੋਪੀ ਨੇ ਕਿਹਾ ਕਿ ਉਨ੍ਹਾਂ ਦੀਆਂ ਦੋਵੇਂ ਸੰਸਥਾਵਾਂ ਦੇ ਸੇਵਾਦਾਰ ਧਾਰਮਿਕ ਸਮਾਗਮਾਂ ਦੌਰਾਨ ਨਗਰ ਕੀਰਤਨ ਦੇ ਰੂਟ ਦੌਰਾਨ ਰਸਤਿਆਂ ਦੀ ਵੀ ਵਿਸ਼ੇਸ਼ ਸਫਾਈ ਕਰਦੇ ਹਨ। ਇਸ ਤੋਂ ਇਲਾਵਾ ਧਾਰਮਿਕ ਸਮਾਗਮਾਂ ਵਿਚ ਜਿੱਥੇ ਵੀ ਜਰੂਰਤ ਹੁੰਦੀ ਹੈ, ਉਨ੍ਹਾਂ ਦੀ ਸੰਸਥਾਵਾਂ ਵੱਧ ਚੜ੍ਹ ਕੇ ਸੇਵਾ ਨਿਭਾਉਂਦੀਆਂ ਹਨ। ਇਸ ਦੌਰਾਨ ਸਰੋਵਰ ਦੀ ਸੇਵਾ ਮੁਕੰਮਲ ਕਰਨ ਉਪਰੰਤ ਸਮੂਹ ਸੇਵਾਦਾਰਾਂ ਨੂੰ ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਸਨਮਾਨਿਤ ਵੀ ਕੀਤਾ। ਜਿਕਰਯੋਗ ਹੈ ਕਿ ਇਸ ਮੇਲੇ ਸਬੰਧੀ 23 ਫਰਵਰੀ ਸੋਮਵਾਰ ਨੂੰ ਗੁਰਦੁਆਰਾ ਬੋਹੜੀ ਸਾਹਿਬ ਵਿਖੇ 50 ਸ਼੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਦੇ ਪਾਠ ਆਰµਭ ਕੀਤੇ ਜਾਣਗੇ। 23 ਫਰਵਰੀ ਤੋਂ ਆਰੰਭ ਹੋਣ ਵਾਲੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ 25 ਫਰਵਰੀ ਨੂੰ ਪਾਏ ਜਾਣਗੇ। 25 ਫਰਵਰੀ ਨੂੰ ਮੁੜ 50 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਇਸੇ ਤਰ੍ਹਾਂ 27 ਫਰਵਰੀ, 1 ਮਾਰਚ ਅਤੇ 3 ਮਾਰਚ ਤੱਕ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਵੱਖ-ਵੱਖ ਲੜੀਆਂ ਦੇ ਭੋਗ ਪਾਉਣ ਉਪਰੰਤ 5 ਮਾਰਚ ਤੱਕ ਕੁੱਲ 250 ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਣਗੇ। ਬਾਕਸ ਸੰਗਤਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ : ਪ੍ਰਧਾਨ ਸੰਧੂ ਇਸ ਮੌਕੇ ਕਮੇਟੀ ਦੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 87ਵਾਂ ਵਿਸ਼ਾਲ ਹੋਲਾ ਮੁਹੱਲਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਤਹਿਤ ਪਵਿੱਤਰ ਸਰੋਵਰ ਦੀ ਸੇਵਾ ਮੁਕੰਮਲ ਕੀਤੀ ਗਈ ਹੈ। ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਇਸ਼ਨਾਨ ਵੀ ਕਰਦੀਆਂ ਹਨ। ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉੁਨ੍ਹਾਂ ਦੱਸਿਆ 1, 2, 3 ਅਤੇ 4 ਮਾਰਚ 2026 ਨੂੰ ਵਿਸ਼ਾਲ ਦੀਵਾਨ ਸਜਾਏ ਜਾਣਗੇ। ਦੀਵਾਨ ਹਾਲ ਦੇ ਸਮਾਗਮਾਂ ਵਿਚ ਕਈ ਪ੍ਰਸਿੱਧ ਰਾਗੀ, ਢਾਡੀ ਪ੍ਰਚਾਰਕ ਅਤੇ ਕਵੀਸ਼ਰ ਮਨੋਹਰ ਵਖਿਆਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। 21 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।