- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਲਸਾ ਯੂਨੀਵਰਸਿਟੀ ਵੱਲੋਂ ‘ਪ੍ਰੀ-ਸਮਿਟ ਪ੍ਰੋਗਰਾਮ-2026’ ਤਹਿਤ ਵਰਕਸ਼ਾਪ ਕਰਵਾਈ

:ਫੋਟੋ-12
ਕੈਪਸ਼ਨ :¸ ਖ਼ਾਲਸਾ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਵਰਕਸ਼ਾਪ ਦੌਰਾਨ ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ, ਡਾ. ਦੀਪਿਕਾ ਕੋਹਲੀ ਤੇ ਹੋਰ ਸਟਾਫ਼।
* ਏਆਈ ਕੇਵਲ ਤਕਨਾਲੋਜੀ ਦਾ ਵਿਸ਼ਾ ਨਹੀਂ ਰਿਹਾ, ਬਲਕਿ ਹਰੇਕ ਖੇਤਰ ’ਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਿਹਾ : ਡਾ. ਮਹਿਲ ਸਿੰਘ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ
ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਵੱਲੋਂ ‘ਮੈਂਟਰਿੰਗ, ਐਡਵਾਈਜ਼ਿੰਗ ਅਤੇ ਪੀਅਰ ਲਰਨਿੰਗ ’ਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ’ ਵਿਸ਼ੇ ’ਤੇ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਈ ਉਕਤ ਵਰਕਸ਼ਾਪ ਭਾਰਤ ਏਆਈ ਸਮਿੱਟ-2026 ਦੀਆਂ ਅਧਿਕਾਰਕ ਪ੍ਰੀ-ਸਮਿੱਟ ਗਤੀਵਿਧੀਆਂ ਤਹਿਤ ਕਰਵਾਈ ਗਈ। ਜਿਸ ’ਚ ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਜੀਟੀ ਰੋਡ ਤੋਂ ਅਸਿਸਟੈਂਟ ਪ੍ਰੋਫੈਸਰ ਤੇ ਵਿੱਦਿਅਕ ਸਲਾਹਕਾਰ, ਫਰਾਂਸ ਡਾ. ਦੀਪਿਕਾ ਕੋਹਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਉਪਰੋਕਤ ਵਿਸ਼ੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਏਆਈ ਅਜੋਕੇ ਸਮੇਂ ’ਚ ਕੇਵਲ ਤਕਨਾਲੋਜੀ ਦਾ ਵਿਸ਼ਾ ਨਹੀਂ ਰਿਹਾ, ਬਲਕਿ ਇਹ ਸਿੱਖਿਆ, ਸਿਹਤ, ਉਦਯੋਗ, ਖੇਤੀਬਾੜੀ ਅਤੇ ਪ੍ਰਸ਼ਾਸਨ ਸਮੇਤ ਹਰੇਕ ਖੇਤਰ ’ਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਏਆਈ ਆਧਾਰਿਤ ਤਕਨਾਲੋਜੀਆਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਕੰਮ ਕਰਨ ਦੇ ਢੰਗ ਨੂੰ ਵੀ ਬਦਲਣਗੀਆਂ, ਇਸ ਲਈ ਵਿਦਿਆਰਥੀਆਂ ਲਈ ਇਸ ਖੇਤਰ ’ਚ ਜਾਣਕਾਰੀ ਅਤੇ ਹੁਨਰ ਹਾਸਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਭਵਿੱਖ ’ਚ ਵੀ ਅਜਿਹੇ ਜਾਣਕਾਰੀ ਭਰਪੂਰ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ ਤਾਂ ਜੋ ਵਿਿਦਆਰਥੀ ਨਵੀਂ ਤਕਨਾਲੋਜੀ ਨਾਲ ਕਦਮ ਮਿਲਾ ਕੇ ਚੱਲ ਸਕਣ ਅਤੇ ਦੇਸ਼ ਦੇ ਤਕਨੀਕੀ ਵਿਕਾਸ ’ਚ ਆਪਣਾ ਯੋਗਦਾਨ ਪਾ ਸਕਣ। ਇਸ ਦੌਰਾਨ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਏਆਈ ਮਸ਼ੀਨਾਂ ਨੂੰ ਮਨੁੱਖੀ ਬੁੱਧੀ ਦੀ ਤਰ੍ਹਾਂ ਸੋਚਣ, ਸਿੱਖਣ ਅਤੇ ਫ਼ੈਸਲੇ ਕਰਨ ਯੋਗ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਥਿਤੀ ’ਚ ਸਮਾਰਟਫੋਨ ਐਪਲੀਕੇਸ਼ਨਾਂ, ਆਨਲਾਈਨ ਸੇਵਾਵਾਂ, ਡਿਜ਼ੀਟਲ ਸਿਹਤ ਪ੍ਰਣਾਲੀਆਂ ਅਤੇ ਆਟੋਮੇਟਿਕ ਵਾਹਨਾਂ ’ਚ ਏਆਈ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਨਾਲ-ਨਾਲ ਖੇਤੀਬਾੜੀ ਖੇਤਰ ’ਚ ਵੀ ਏਆਈ ਦੀ ਮਦਦ ਨਾਲ ਮੌਸਮ ਦੀ ਭਵਿੱਖਬਾਣੀ, ਫ਼ਸਲਾਂ ਦੀ ਬਿਮਾਰੀਆਂ ਦੀ ਪਛਾਣ ਅਤੇ ਉਤਪਾਦਨ ’ਚ ਸੁਧਾਰ ਕੀਤਾ ਜਾ ਸਕਦਾ ਹੈ।
ਇਸ ਪ੍ਰੋਗਰਾਮ ਦੇ ਦੂਜੇ ਪੜਾਅ ’ਚ ਡਾ. ਦੀਪਿਕਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਵਰਕਸ਼ਾਪ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਭਾਰਤ ਏ. ਆਈ. ਮਿਸ਼ਨ ਦੇ ਉਦੇਸ਼ਾਂ ਤਹਿਤ ਆਯੋਜਿਤ ਕੀਤੀ ਗਈ ਸੀ, ਜੋ ਦੇਸ਼ ਦੇ ਏਆਈ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਆਤਮਨਿਰਭਰ ਭਾਰਤ ਅਤੇ ਵਿਕਸ਼ਿਤ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣਾਂ ਦਾ ਸਮਰਥਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿੱਥੇ ਏਆਈ ਨਵੀਆਂ ਸੁਵਿਧਾਵਾਂ ਲੈ ਕੇ ਆ ਰਹੀ ਹੈ, ਉੱਥੇ ਇਸ ਦੇ ਨੈਤਿਕ ਅਤੇ ਸਮਾਜਿਕ ਪੱਖਾਂ ਨੂੰ ਵੀ ਧਿਆਨ ’ਚ ਰੱਖਣਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਡਾਟਾ ਸੁਰੱਖਿਆ, ਗੋਪਨੀਯਤਾ ਅਤੇ ਤਕਨਾਲੋਜੀ ਦੀ ਜ਼ਿੰਮੇਵਾਰ ਵਰਤੋਂ ਸਬੰਧੀ
ਸਚੇਤ ਰਹਿਣ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਮੂਡਲ, ਕੈਨਵਾ, ਗੂਗਲ ਕਲਾਸਰੂਮ, ਪੈਡਲੇਟ ਵਰਗੇ ਟੂਲ ਸਿੱਖਣ ਦੇ ਨਤੀਜਿਆਂ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਅਧਿਆਪਨ ਨੂੰ ਤੁਲਨਾਤਮਕ ਤੌਰ ’ਤੇ ਪ੍ਰਭਾਵੀ ਪ੍ਰਕਿਿਰਆ ਬਣਾ ਸਕਦੇ ਹਨ। ਇਸ ਮੌਕੇ ਡਾ. ਦੀਪਿਕਾ ਨੇ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਪਾਠਾਂ ਨੂੰ ਸਿੱਖਣ ਲਈ ਵਰਤੇ ਜਾਣ ਵਾਲੇ ਏਆਈ ਟੂਲਸ ਨਾਲ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵਧੀਆ ਨਤੀਜੇ ਪ੍ਰਾਪਤ ਹੋ ਸਕਦੇ ਹਨ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਸਬੰਧੀ ਮੈਨੇਜ਼ਮੈਂਟ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਵੀ ਕੀਤਾ।