ਬਿਜਲੀ ਕਾਮਿਆਂ ਨੇ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਕੀਤੀ ਦੇਸ਼ ਵਿਆਪੀ ਮੁਕੰਮਲ ਹੜਤਾਲ
ਬਿਜਲੀ ਕਾਮਿਆਂ ਵੱਲੋਂ ਕਾਰਪੋਰੇਟ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਦੇਸ਼ ਵਿਆਪੀ ਮੁਕੰਮਲ ਹੜਤਾਲ
Publish Date: Thu, 12 Feb 2026 06:52 PM (IST)
Updated Date: Fri, 13 Feb 2026 04:09 AM (IST)

* ਸਬ ਡਵੀਜ਼ਨ ਹਰਸ਼ਾ ਛੀਨਾ ਵਿਖੇ ਕੀਤੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਫੋਟੋ-5 ਕੈਪਸਨ: ਹਰਸ਼ਾ ਛੀਨਾ ਵਿਖੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਦੇ ਮੁਲਾਜ਼ਮ। ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਪਾਵਰਕਾਮ ਤੇ ਟਰਾਂਸਕੋ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ’ਤੇ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਸਬ ਡਵੀਜ਼ਨ ਹਰਸ਼ਾ ਛੀਨਾ ਵਿਖੇ ਦੇਸ਼ ਵਿਆਪੀ ਮੁਕੰਮਲ ਹੜਤਾਲ ਕੀਤੀ ਗਈ, ਜਿਸ ’ਚ ਪੈਨਸ਼ਨਰਜ ਐਸੋਸੀਏਸ਼ਨ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ-2025 ਅਤੇ ਬਿਜਲੀ ਐਕਟ-2003 ਨੂੰ ਵਾਪਸ ਕਰਾਉਣ ਲਈ ਚਾਰ ਲੇਬਰ ਕੋਡ ਰੱਦ ਕਰਾਉਣ ਲਈ, ਮਨਰੇਗਾ ਨੂੰ ਬਹਾਲ ਕਰਾਉਣ ਲਈ, ਬੀਜ ਬਿੱਲ 2025 ਨੂੰ ਵਾਪਸ ਕਰਾਉਣ ਲਈ ਇਹ ਹੜਤਾਲ ਕੀਤੀ ਜਾ ਰਹੀ ਹੈ। ਆਗੂਆਂ ਨੇ ਗੇਟ ਰੈਲੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਤੋਂ ਬਣੇ ਲੋਕ ਪੱਖੀ ਕਾਨੂੰਨਾਂ ਨੂੰ ਵੱਡੀ ਪੱਧਰ ’ਤੇ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਕਾਨੂੰਨਾਂ ਨੂੰ ਮੁੱਢੋਂ ਹੀ ਖਤਮ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਵੱਡੀ ਪੱਧਰ ’ਤੇ ਕਾਰਪੋਰੇਟ ਪੱਖੀ ਨਵੇਂ ਨਵੇਂ ਕਾਨੂੰਨ ਲਿਆ ਕੇ ਕਿਰਤੀ ਲੋਕਾਂ ਦੀ ਰੱਤ ਨਿਚੋੜ ਲੁੱਟ ਕਰਨ ਦਾ ਹੱਲਾ ਵਿੱਢਿਆ ਹੋਇਆ ਹੈ। ਇਸ ਹੱਲੇ ਤਹਿਤ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਰੋਜ਼ਗਾਰ ਤੇ ਲੱਗੇ ਕਾਮਿਆਂ ਦੀਆਂ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ, ਲੁੱਟ ਅਤੇ ਰੱਤ ਨਿਚੋੜ ਮੁਨਾਫੇ ਲਈ ਆਊਟਸੋਰਸਡ ਪ੍ਰਣਾਲੀ ਧੜੱਲੇ ਨਾਲ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਮਾ ਦੋਖੀ ਚਾਰ ਲੇਬਰ ਕੋਡ ਵੀ ਲਾਗੂ ਕੀਤੇ ਜਾ ਰਹੇ ਹਨ, ਨਵੀਂ ਪੈਨਸ਼ਨ ਪਾਲਿਸੀ ਲਾਗੂ ਕੀਤੀ ਗਈ ਹੈ ਅਤੇ ਕੰਮ ਦਿਹਾੜੀ ਅੱਠ ਘੰਟੇ ਤੋਂ 12 ਘੰਟੇ ਕਰ ਦਿੱਤੀ ਗਈ ਹੈ। ਤਨਖਾਹ ਢਾਂਚੇ ਵਿੱਚ ਵੱਡੀ ਤਬਦੀਲੀ ਕਰਕੇ ਉੱਕੀ ਪੁੱਕੀ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਗਿਆ ਹੈ। ਇਸੇ ਨੀਤੀ ਤਹਿਤ ਹੀ ਮਜ਼ਦੂਰਾਂ ਅਤੇ ਕਿਸਾਨਾਂ ਅਤੇ ਹੱਲਾ ਵਿੱਢਦਿਆਂ ਮਨਰੇਗਾ ਦਾ ਨਾਂ ਬਦਲਣ ਦੇ ਬਹਾਨੇ ਹੇਠ ਇਸ ਨੂੰ ਮੁਕੰਮਲ ਬੰਦ ਕਰਨ ਦੀ ਤਿਆਰੀ ਕੀਤੀ ਗਈ ਹੈ ਅਤੇ ਖੇਤੀ ਤੇ ਕਾਰਪੋਰੇਟੀ ਕਬਜ਼ਾ ਕਰਾਉਣ ਲਈ ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ। ਜਿਸ ਦੀ ਆਗੂਆਂ ਨੇ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨਾ ਬੰਦ ਕਰੇ। ਜੇਕਰ ਸਰਕਾਰਾਂ ਇਨ੍ਹਾਂ ਹੱਲਿਆਂ ਨੂੰ ਵਾਪਸ ਨਹੀਂ ਕਰਨਗੀਆਂ ਤਾਂ ਕੁੱਲ ਕਿਰਤੀ/ ਸੰਘਰਸ਼ਸ਼ੀਲ ਲੋਕਾਂ ਨਾਲ ਜੋਟੀ ਪਾ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ 90 ਦੇ ਕਰੀਬ ਜਥੇਬੰਦੀਆਂ ਦੇ ਸਾਂਝੇ ਫੈਂਸਲੇ ਮੁਤਾਬਕ 22 ਫਰਵਰੀ ਨੂੰ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ ਅਤੇ ਵੱਡੇ ਆਗੂਆਂ ਦੇ ਘਰਾਂ ਸਾਹਮਣੇ ਸਾਂਝੇ ਵਿਸ਼ਾਲ ਰੋਸ ਧਰਨੇ ਦਿੱਤੇ ਜਾਣਗੇ। ਜੇਕਰ ਕੇਂਦਰ ਸਰਕਾਰ ਵੱਲੋਂ ਲੋਕ ਸਭਾ/ਰਾਜ ਸਭਾ ਵਿਚ ਬਿਜਲੀ ਸੋਧ ਬਿਲ 2025 ਅਤੇ ਬੀਜ ਬਿੱਲ 2025 ਲਿਆਂਦਾ ਗਿਆ ਤਾਂ ਉਸ ਦਿਨ ਨੂੰ ਕਾਲਾ ਦਿਨ ਮਨਾਉਂਦਿਆਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਗੇਟ ਰੈਲੀ ਨੂੰ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਜੁਗਰਾਜ ਸਿੰਘ ਛੀਨਾ, ਪਰਮਿੰਦਰ ਸਿੰਘ, ਰਜਬੀਰ ਸਿੰਘ ਦੁਧਰਾਏ, ਜਤਿੰਦਰ ਸਿੰਘ ਛੀਨਾ, ਸੰਦੀਪ ਸਿੰਘ , ਜਸਪਾਲ ਸਿੰਘ, ਨਰਿੰਦਰ ਕੁਮਾਰ ਪੈਨਸ਼ਨਰ ਐਸੋਸ਼ੀਏਸ਼ਨ ਕਰਮ ਸਿੰਘ ਨੇ ਸੰਬੋਧਨ ਕੀਤਾ।