ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਕਾਨਫਰੰਸ ਨੇ ਖੋਜੀਆਂ ਨਵੀਆਂ ਰਾਹਾਂ
ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਕਾਨਫਰੰਸ ਨੇ ਖੋਜੀਆਂ ਨਵੀਆਂ ਰਾਹਾਂ
Publish Date: Tue, 10 Feb 2026 04:17 PM (IST)
Updated Date: Tue, 10 Feb 2026 04:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਨੇ ਤਿੰਨ ਦਿਨੀ ਅੰਤਰਰਾਸ਼ਟਰੀ ਕਾਨਫਰੰਸ ‘ਸਸਟੇਨੇਬਲ ਅਪ੍ਰੋਚਿਜ਼ ਇਨ ਮਾਈਕ੍ਰੋਬਾਇਲ ਐਂਡ ਨੈਚੁਰਲ ਪ੍ਰੋਡਕਟ-ਬੇਸਡ ਥੈਰੇਪਿਊਟਿਕਸ’ ਸਫਲਤਾਪੂਰਵਕ ਆਯੋਜਿਤ ਕੀਤੀ। ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ (ਰੂਸਾ) 2.0 ਦੀ ਵਿਸ਼ੇਸ਼ ਸਹਾਇਤਾ ਕਰਵਾਈ ਗਈ ਇਸ ਕਾਨਫਰੰਸ ਦਾ ਮੁੱਖ ਉਦੇਸ਼ ਕੁਦਰਤੀ ਤੇ ਮਾਈਕ੍ਰੋਬਾਇਲ ਆਧਾਰਿਤ ਨਵੇਂ ਇਲਾਜਾਂ ਤੇ ਚਾਨਣਾ ਪਾਉਣਾ ਸੀ। ਇਸ ਮੌਕੇ ਭਾਰਤ ਤੇ ਵਿਦੇਸ਼ਾਂ ਤੋਂ ਮਸ਼ਹੂਰ ਵਿਗਿਆਨੀ, ਡਾਕਟਰ, ਪ੍ਰੋਫੈਸਰ ਤੇ ਖੋਜ ਵਿਿਦਆਰਥੀ ਇਕੱਠੇ ਹੋਏ। ਚਰਚਾਵਾਂ ਵਿਚ ਪ੍ਰੋਬਾਇਓਟਿਕਸ, ਬੈਕਟੀਰੀਓਫੇਜ ਥੈਰੇਪੀ, ਫੀਕਲ ਮਾਈਕ੍ਰੋਬਾਇਓਟਾ ਟ੍ਰਾਂਸਪਲਾਂਟੇਸ਼ਨ, ਐਂਟੀਮਾਈਕ੍ਰੋਬਾਇਲ ਪੈਪਟਾਈਡਸ, ਗੁਟ ਮਾਈਕ੍ਰੋਬਾਇਓਮ ਨੂੰ ਸੰਤੁਲਿਤ ਕਰਨ ਤੇ ਕੁਦਰਤੀ ਉਤਪਾਦਾਂ ਤੋਂ ਨਵੀਆਂ ਦਵਾਈਆਂ ਬਣਾਉਣ ਵਰਗੇ ਮਹੱਤਵਪੂਰਨ ਵਿਿਸ਼ਆਂ ਤੇ ਡੂੰਘਾਈ ਨਾਲ ਗੱਲਬਾਤ ਹੋਈ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਅਕੈਡਮਿਕ ਮਾਮਲਿਆਂ ਦੇ ਡੀਨ ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਕੀਤੀ। ਉਨ੍ਹਾਂ ਨੇ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਨਵਾਂ ਉਤਸ਼ਾਹ ਭਰਦੇ ਹਨ ਤੇ ਗਿਆਨ ਦੀ ਵੰਡ ਨੂੰ ਤੇਜ਼ ਕਰਦੇ ਹਨ। ਵਿਭਾਗ ਮੁਖੀ ਤੇ ਕਾਨਫਰੰਸ ਕੋਆਰਡੀਨੇਟਰ ਡਾ. ਸੁਖਰਾਜ ਕੌਰ ਨੇ ਸਵਾਗਤ ਸੰਬੋਧਨ ਵਿਚ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਦੀ ਸ਼ੁਕਰਾਨਾ ਅਦਾ ਕੀਤਾ। ਰੂਸਾ ਦੀ ਫੰਡਿੰਗ ਕਾਰਨ ਸਾਰੇ ਵਿਿਦਆਰਥੀਆਂ ਲਈ ਮੁਫਤ ਰਜਿਸਟ੍ਰੇਸ਼ਨ ਸੀ, ਜਿਸ ਨਾਲ ਵੱਧ ਤੋਂ ਵੱਧ ਨੌਜਵਾਨ ਖੋਜੀ ਸ਼ਾਮਲ ਹੋ ਸਕੇ। ਮੁਖ ਸਪੀਕਰਾਂ ਵਿਚ ਪ੍ਰੋ. ਅਰਜਨ ਨਰਬਦ (ਕੁਆਡਰਮ ਇੰਸਟੀਚਿਊਟ, ਯੂਕੇ), ਪ੍ਰੋ. ਪਿਨਾਕੀ ਪਨੀਗ੍ਰਾਹੀ (ਜਾਰਜਟਾਊਨ ਯੂਨੀਵਰਸਿਟੀ, ਅਮਰੀਕਾ), ਪ੍ਰੋ. ਰਮਾ ਚੌਧਰੀ (ਸਾਬਕਾ ਹੈੱਡ, ਏਮਜ਼, ਦਿੱਲੀ), ਡਾ. ਰੁਪੇਸ਼ ਸ੍ਰੀਵਾਸਤਵ (ਏਮਜ਼), ਡਾ. ਅਸਿਫ ਅਲੀ (ਸੀਡੀਆਰਆਈ, ਲਖਨਊ) ਤੇ ਹੋਰ ਮਾਹਿਰ ਸ਼ਾਮਲ ਸਨ। ਦੂਜੇ ਦਿਨ ਡਾ. ਰੁਪੇਸ਼ ਸ੍ਰੀਵਾਸਤਵ ਨੇ ‘ਗੁਟ-ਇਮਿਊਨ-ਬੋਨ ਐਕਸਿਸ’ ਨੂੰ ਨਿਸ਼ਾਨਾ ਬਣਾ ਕੇ ਆਸਟੀਓਪੋਰੋਸਿਸ ਵਿਚ ਹੱਡੀਆਂ ਦੇ ਨੁਕਸਾਨ ਨੂੰ ਰੋਕਣ ਦੀ ਨਵੀਂ ਰਣਨੀਤੀ ਸਾਂਝੀ ਕੀਤੀ ਤੇ ਇਮਿਊਨੋਪੋਰੋਸਿਸ ਸ਼ਬਦ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪ੍ਰੋਬਾਇਓਟਿਕ ਬੈਕਟੀਰੀਆ ਨੇ ਚੂਹਿਆਂ ਵਿਚ ਆਸਟੀਓਪੋਰੋਸਿਸ ਨੂੰ ਘੱਟ ਕੀਤਾ। ਪ੍ਰੋ. ਪਿਨਾਕੀ ਪਨੀਗ੍ਰਾਹੀ ਨੇ 25 ਸਾਲਾਂ ਦੀ ਖੋਜ ਦੀ ਯਾਤਰਾ ਸਾਂਝੀ ਕਰਦਿਆਂ ਨਵਜੰਮੇ ਬੱਚਿਆਂ ਵਿਚ ਨਿਊਨੇਟਲ ਸੈਪਸਿਸ ਤੇ ਨੈਕਰੋਟਾਈਜ਼ਿੰਗ ਐਂਟਰੋਕੋਲਾਈਟਿਸ ਲਈ ਪ੍ਰੋਬਾਇਓਟਿਕ ਦੀ ਫੇਜ਼-3 ਕਲੀਨੀਕਲ ਟ੍ਰਾਇਲ ਸਫਲਤਾ ਬਾਰੇ ਦੱਸਿਆ। ਉਨ੍ਹਾਂ ਨੇ ਆਯੁਰਵੇਦ ਤੇ ਯੋਗ ਨੂੰ ਮੁੜ ਜਗਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਕੁਦਰਤੀ ਉਤਪਾਦ ਤੇ ਪ੍ਰੋਬਾਇਓਟਿਕਸ ਨੂੰ ਐਲੋਪੈਥੀ ਦਵਾਈਆਂ ਨਾਲ ਮਿਲਾ ਕੇ ਵਰਤਣਾ ਚਾਹੀਦਾ ਹੈ। ਪ੍ਰੋ. ਰਮਾ ਚੌਧਰੀ ਨੇ ਭਾਰਤ ਤੇ ਵਿਸ਼ਵ ਵਿਚ ਐਂਟੀਬਾਇਓਟਿਕ ਰੋਧਕਤਾ ਦੀ ਗੰਭੀਰਤਾ ਤੇ ਰੌਸ਼ਨੀ ਪਾਈ ਤੇ ਨਵਜੰਮੇ ਬੱਚਿਆਂ ਵਿਚ ਪ੍ਰੋਬਾਇਓਟਿਕਸ ਤੇ ਬੈਕਟੀਰੀਓਫੇਜ ਦੀ ਵਰਤੋਂ ਦੇ ਤਜਰਬੇ ਸਾਂਝੇ ਕੀਤੇ। ਡਾ. ਸੁਰੇਸ਼ ਕੋਰਪੋਲੇ ਨੇ ਮਾਈਕ੍ਰੋਬਾਇਲ ਐਂਟੀਮਾਈਕ੍ਰੋਬਾਇਲ ਪੈਪਟਾਈਡਸ ਦੀ ਸੰਭਾਵਨਾ ਗੱਲ ਕੀਤੀ। ਪ੍ਰੋ. ਅਸਿਫ ਅਲੀ ਨੇ ਐਂਡੋਫਾਈਟਿਕ ਫੰਗੀ ਤੇ ਪੌਦਿਆਂ ਤੋਂ ਕੈਂਸਰ ਤੇ ਨਿਊਰੋਪੈਥਿਕ ਦਰਦ ਲਈ ਨਵੀਆਂ ਦਵਾਈਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਸਤਵਿੰਦਰਜੀਤ ਕੌਰ ਨੇ ਓਨੋਸੋਮਾ ਬ੍ਰੈਕਟੀਏਟਾ ਪੌਦੇ ਦੇ ਕੈਂਸਰ ਵਿਰੋਧੀ ਗੁਣ ਦੱਸੇ। ਤੀਜੇ ਦਿਨ ਡਾ. ਤਨੂ ਸਾਗਰ ਨੇ ਬੈਕਟੀਰੀਓਫੇਜ ਨੂੰ ਐਂਟੀਬਾਇਓਟਿਕਸ ਦਾ ਵਿਕਲਪ ਦੱਸਿਆ। ਡਾ. ਮਨਪ੍ਰੀਤ ਕੌਰ ਨੇ ਸਤਨ ਕੈਂਸਰ ਅਧਿਐਨ ਵਿਚ ਮਾਈਕ੍ਰੋਬਾਇਲ ਮੈਟਾਬੋਲਾਈਟਸ ਨੂੰ ਬਾਇਓਮਾਰਕਰ ਵਜੋਂ ਪੇਸ਼ ਕੀਤਾ। ਡਾ. ਰੋਹਿਤ ਸ਼ਰਮਾ ਨੇ ਪ੍ਰੋਬਾਇਓਟਿਕਸ ਤੇ ਗ੍ਰੀਨ ਟੀ ਨਾਲ ਬੁਢਾਪੇ ਦੇ ਹਾਲਮਾਰਕਸ ਨੂੰ ਘੱਟ ਕਰਨ ਦੀ ਗੱਲ ਕੀਤੀ। ਸਮਾਪਤੀ ਸੈਸ਼ਨ ਵਿਚ ਡਾ. ਸੁਖਰਾਜ ਕੌਰ ਨੇ ਤਿੰਨ ਦਿਨਾਂ ਦੀ ਰੂਪਰੇਖਾ ਪੇਸ਼ ਕੀਤੀ, ਪ੍ਰੋ. ਸੈਣੀ ਨੇ ਸਮਾਪਤੀ ਟਿੱਪਣੀਆਂ ਕੀਤੀਆਂ ਤੇ ਡਾ. ਵਿਜੇ ਨੇ ਧੰਨਵਾਦ ਕੀਤਾ। ਇਹ ਕਾਨਫਰੰਸ ਨਵੇਂ ਇਲਾਜਾਂ ਦੀ ਖੋਜ ਲਈ ਮਹੱਤਵਪੂਰਨ ਪਲੇਟਫਾਰਮ ਸਾਬਤ ਹੋਈ।