ਮੁੱਖ ਮੰਤਰੀ ਨੂੰ 13 ਫਰਵਰੀ ਨੂੰ ਪੈਨਸ਼ਨਰ ਭੇਜਣਗੇ ਮੰਗ ਪੱਤਰ
ਮੁੱਖ ਮੰਤਰੀ ਨੂੰ 13 ਫਰਵਰੀ ਨੂੰ ਪੈਨਸ਼ਨਰ ਭੇਜਣਗੇ ਮੰਗ ਪੱਤਰ
Publish Date: Tue, 03 Feb 2026 05:14 PM (IST)
Updated Date: Tue, 03 Feb 2026 05:17 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : 13 ਫਰਵਰੀ ਨੂੰ ਸਾਰੇ ਜ਼ਿਲ੍ਹਿਆਂ ਦੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਡੀਸੀ ਰਾਹੀਂ ਮੰਗ ਪੱਤਰ ਭੇਜੇ ਜਾ ਰਹੇ ਹਨ। ਇਸ ਸਬੰਧੀ ਨਗਰ ਨਿਗਮ ਪੈਨਸ਼ਨਰਜ਼ ਯੂਨੀਅਨ ਅੰਮ੍ਰਿਤਸਰ ਵੱਲੋਂ ਵੀ ਤਿਆਰੀ ਕੱਸਦਿਆਂ ਪ੍ਰਧਾਨ ਕਰਮਜੀਤ ਸਿੰਘ ਕੇਪੀ ਦੀ ਅਗਵਾਈ ਹੇਠ ਰਣਜੀਤ ਐਵੀਨਿਊ ਦਫਤਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪ੍ਰਧਾਨ ਕਰਮਜੀਤ ਸਿੰਘ, ਬਲਜੀਤ ਸਿੰਘ ਬਾਜਵਾ ਚੇਅਰਮੈਨ, ਸਤਵੰਤ ਸਿੰਘ, ਦਵਿੰਦਰ ਸਿੰਘ ਪੰਡੋਰੀ, ਪਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਪੈਨਸ਼ਨਰਾਂ ਤੇ ਮੁਲਾਜ਼ਮਾਂ ਪ੍ਰਤੀ ਰਵੱਈਆ ਨਿੰਦਣ ਵਾਲਾ ਹੈ। ਮੁੱਖ ਮੰਤਰੀ ਤੇ ਵਿੱਤ ਮੰਤਰੀ ਲਾਰੇ ਲਾ ਕੇ ਡੰਗ ਟਪਾਈ ਕਰ ਰਹੇ ਹਨ। ਪੰਜਾਬ ਸਰਕਾਰ ਪੈਨਸ਼ਨਰਾਂ ਨੂੰ 2.59 ਗੁਣਾਂਕ ਨਾਲ ਪੈਨਸ਼ਨ ਦਾ ਵਾਧਾ ਨਹੀਂ ਦੇ ਰਹੀ। 16 ਪ੍ਰਤੀਸ਼ਤ ਡੀਏ ਲਾਗੂ ਨਹੀਂ ਕੀਤਾ ਜਾ ਰਿਹਾ। ਪ੍ਰਧਾਨ ਕਰਮਜੀਤ ਸਿੰਘ ਕੇਪੀ ਨੇ ਕਿਹਾ ਕਿ ਪੰਜਾਬ ਸਰਕਾਰ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ, ਜਿਸ ਨੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਪਰ ਲਾਗੂ ਨਹੀਂ ਕੀਤਾ। ਪੈਨਸ਼ਨਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਅੰਮ੍ਰਿਤਸਰ ਨੇ ਅਜੇ ਤੱਕ ਪੇ ਕਮਿਸ਼ਨ ਬਕਾਏ, ਐੱਲਟੀਸੀ, ਲੀਵ ਇਨ-ਕੈਸ਼ਮੈਂਟ ਦੇ ਬਕਾਏ ਜਾਰੀ ਨਹੀਂ ਕੀਤੇ ਅਤੇ ਸੇਵਾ-ਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਆਪਣੇ ਲਾਭ ਲੈਣ ਲਈ ਸਾਲ-ਸਾਲ ਲੱਗ ਜਾਂਦਾ ਹੈ। ਪੈਨਸ਼ਨਰਾਂ ਦੀਆਂ ਇਨ੍ਹਾਂ ਮੰਗਾਂ ਨੂੰ ਮੁੱਖ ਰੱਖਦਿਆਂ ਯੂਨੀਅਨ ਵੱਲੋਂ 13 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਡੀਸੀ ਰਾਹੀਂ ਮੰਗ ਪੱਤਰ ਭੇਜਿਆ ਜਾਵੇਗਾ। ਇਸ ਮੀਟਿੰਗ ’ਚ ਤਿਲਕ ਰਾਜ, ਅਮਰਪਾਲ ਸਿੰਘ, ਬਲਕਾਰ ਸਿੰਘ, ਵਿਨੋਦ ਕੁਮਾਰ ਹਾਂਡਾ, ਭੁਪਿੰਦਰ ਸਿੰਘ, ਜਸਪਾਲ ਸਿੰਘ ਸੋਹਲ, ਹਰਜੀਤ ਸਿੰਘ, ਦਲਬੀਰ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।