ਬੈਲਜੀਅਮ ਦੇ ਖੋਜ਼ ਵਿਦਵਾਨਾਂ ਨੇ ਕੀਤਾ ਇਤਿਹਾਸਕ ਖਾਲਸਾ ਕਾਲਜ ਦਾ ਦੌਰਾ
ਬੈਲਜੀਅਮ ਦੇ ਖੋਜ਼ ਵਿਦਵਾਨਾਂ ਨੇ ਕੀਤਾ ਇਤਿਹਾਸਕ ਖਾਲਸਾ ਕਾਲਜ ਦਾ ਦੌਰਾ
Publish Date: Tue, 03 Feb 2026 05:00 PM (IST)
Updated Date: Tue, 03 Feb 2026 05:02 PM (IST)

16 ਮੈਂਬਰੀ ਵਫ਼ਦ ਨੂੰ ਇਤਿਹਾਸਕ ਨਾਯਾਬ ਵਿਰਸੇ ਨੇ ਕੀਤਾ ਮੋਹਿਤ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਇਤਿਹਾਸਕ ਖਾਲਸਾ ਕਾਲਜ ਕੈਂਪਸ ਦਾ ਬੈਲਜੀਅਮ ਦੀ ਲੂਵਨ ਯੂਨੀਵਰਸਿਟੀ ਤੋਂ ਆਏ ਅਧਿਆਪਕਾਂ, ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਸਮੇਤ 16 ਮੈਂਬਰੀ ਉੱਚ ਪੱਧਰੀ ਵਫ਼ਦ ਨੇ ਦੌਰਾ ਕੀਤਾ। ਸੰਨ 1892 ’ਚ ਬਣੇ ਇਸ ਸ਼ਾਨਦਾਰ ਵਿਰਾਸਤੀ ਭਵਨ ਅਤੇ ਸਿੱਖ ਇਤਿਹਾਸ ਰਿਸਰਚ ਸੈਂਟਰ ’ਚ ਸੰਭਾਲੀਆਂ ਗਈਆਂ ਬੇਸ਼ਕੀਮਤੀ ਵਿਰਾਸਤਾਂ ਨੂੰ ਦੇਖ ਕੇ ਵਫ਼ਦ ਦੇ ਮੈਂਬਰ ਬਹੁਤ ਪ੍ਰਭਾਵਿਤ ਹੋਏ। ਇਸ ਦੌਰਾਨ ਉਨ੍ਹਾਂ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਖੇਪ ਵਿਚਾਰ-ਵਟਾਂਦਰਾ ਵੀ ਕੀਤਾ। ਇਹ ਵਫ਼ਦ ਡਾ. ਬਰਟ ਬਰੂਕਆਰਟ, ਪ੍ਰੋਫੈਸਰ ਵਰਲਡ ਰਿਲੀਜਨ, ਲੂਵਨ ਯੂਨੀਵਰਸਿਟੀ (ਬਰੱਸਲਜ਼ ਨੇੜੇ) ਦੀ ਅਗਵਾਈ ’ਚ ਕੈਂਪਸ ਪੁੱਜਾ। ਉਕਤ ਵਫ਼ਦ ਦਾ ਕੈਂਪਸ ’ਚ ਪਹੁੰਚਣ ’ਤੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਵਫ਼ਦ ਦਾ ਸਵਾਗਤ ਕੀਤਾ। ਕੌਂਸਲ ਦੇ ਮੈਂਬਰ ਅਤੇ ਕਾਲਜ ਦੇ ਗਲੋਬਲ ਐਲੂਮਨੀ ਕਨਵੀਨਰ ਡਾ. ਦਵਿੰਦਰ ਸਿੰਘ ਛੀਨਾ ਦੇ ਸਹਿਯੋਗ ਨਾਲ ਪਹੁੰਚੇ ਉਕਤ ਯੂਰਪੀ ਵਫ਼ਦ ਨੇ ਕਿਹਾ ਕਿ ਉਹ ਪੰਜਾਬ ਦੀ ਧਨੀ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਅਤੇ ਸਿੱਖ ਵਾਸਤੂਕਲਾ ਤੇ ਇਤਿਹਾਸ ਦੀ ਖੋਜ ਲਈ ਪੰਜਾਬ ਦੌਰੇ ’ਤੇ ਆਏ ਹਨ। ਇਸ ਮੌਕੇ ਡਾ. ਛੀਨਾ ਨੇ ਕਿਹਾ ਕਿ ਵਫ਼ਦ ਨੇ ਸਿੱਖ ਇਤਿਹਾਸ ਖੋਜ ਕੇਂਦਰ ਦੇ 100 ਸਾਲ ਤੋਂ ਵਧੇਰੇ ਇਤਿਹਾਸਕ ਦਸਤਾਵੇਜ਼ੀ ਭੰਡਾਰ, ਜਿਨ੍ਹਾਂ ’ਚ ਨਾਯਾਬ ਵਸਤਾਂ, ਦੁਲੱਭ ਕਿਤਾਬਾਂ, ਜਰਨਲਾਂ ਅਤੇ ਮਿਊਜ਼ੀਅਮ ਨੂੰ ਦੇਖਿਆ। ਇਸ ਦੇ ਨਾਲ ਉਨ੍ਹਾਂ 300 ਏਕੜ ’ਚ ਫੈਲੇ ਵਿਸ਼ਾਲ ਕੈਂਪਸ ਅਤੇ ਇੰਡੋ-ਸਾਰਾਸੈਨਿਕ ਵਾਸਤੂਕਲਾ ਲਈ ਪ੍ਰਸਿੱਧ ਸ਼ਾਨਦਾਰ ਭਵਨ ਦਾ ਜਾਇਜ਼ਾ ਲਿਆ। ਇਸ ਮੌਕੇ ਡਾ. ਛੀਨਾ ਅਤੇ ਡਾ. ਰਾਜਬੀਰ ਸਿੰਘ ਨੇ ਵਫ਼ਦ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਦੀ ਵਿਰਾਸਤੀ ਇਮਾਰਤ ਸੱਭਿਆਚਾਰਕ ਮਿਲਾਪ ਅਤੇ ਧਰਮਨਿਰਪੇਖ ਰਵਾਇਤਾਂ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕੈਂਪਸ ਦੀਆਂ ਵਿਸ਼ੇਸ਼ਤਾਵਾਂ ਨੂੰ ਸੰਭਾਲਣ ਇਸ ਤੋਂ ਇਲਾਵਾ ਆਧੁਨਿਕ ਅਕਾਦਮਿਕ ਲੋੜਾਂ ਦੇ ਨਾਲ-ਨਾਲ ਵਿਰਾਸਤੀ ਸੁੰਦਰਤਾ ਨੂੰ ਕਾਇਮ ਰੱਖਿਆ ਗਿਆ ਹੈ। ਇਸ ਮੌਕੇ ਵਫ਼ਦ ਦਾ ਸਵਾਗਤ ਕਰਦਿਆਂ ਛੀਨਾ ਨੇ ਕਿਹਾ ਕਿ ਬੈਲਜੀਅਮ ਦੇ ਅਕਾਦਮਿਕ ਜਗਤ ਨਾਲ ਜੁੜੇ ਵਿਦਵਾਨਾਂ ਦਾ ਸਵਾਗਤ ਕਰਨਾ ਕਾਲਜ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ, ਕਿਉਂਕਿ ਇਹ ਸੰਸਥਾ ਸਿੱਖਿਆ, ਵਿਰਾਸਤ ਅਤੇ ਸੱਭਿਆਚਾਰਕ ਯਾਦਾਂ ਦੇ ਮਿਲਾਪ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਕੈਂਪਸ ਖ਼ੁਦ ’ਚ ਇਕ ਜਿਉਂਦਾ ਜਾਗਦਾ ਪੁਰਾਲੇਖ ਹੈ। ਇਸ ਦੀ ਵਾਸਤੂਕਲਾ ਸਿੱਖ, ਮੁਗਲ ਅਤੇ ਇੰਡੋ-ਸਾਰਾਸੈਨਿਕ ਸ਼ੈਲੀਆਂ ਦਾ ਇਕ ਸ਼ਾਨਦਾਰ ਮਿਸ਼ਰਣ ਪੰਜਾਬ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ ਅਤੇ ਵੰਡ ਦੀ ਥਾਂ ਸੰਵਾਦ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸੌ ਸਾਲ ਤੋਂ ਵਧੇਰੇ ਸਮੇਂ ਦੌਰਾਨ ਇਸ ਸੰਸਥਾ ਨੇ ਬਰਤਾਨਵੀ ਰਾਜ, ਸੁਧਾਰ ਅੰਦੋਲਨ, ਆਜ਼ਾਦੀ, ਵੰਡ ਅਤੇ ਆਧੁਨਿਕ ਭਾਰਤ ਦੇ ਵਿਕਾਸ ਨੂੰ ਦੇਖਿਆ ਹੈ ਅਤੇ ਹਰ ਦੌਰ ’ਚ ਸਿੱਖਿਆ ਅਤੇ ਸੇਵਾ ਦਾ ਕੇਂਦਰ ਬਣੀ ਰਹੀ ਹੈ। ਇਸ ਮੌਕੇ ਪ੍ਰਿੰ. ਡਾ. ਰੰਧਾਵਾ ਨੇ ਕਿਹਾ ਕਿ ਇਸ ਇਤਿਹਾਸਕ ਪਿਛੋਕੜ ’ਚ ਸਿੱਖ ਇਤਿਹਾਸ ਖੋਜ ਸੈਂਟਰ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ 20ਵੀਂ ਸਦੀ ਦੇ ਸ਼ੁਰੂਆਤੀ ਦੌਰ ’ਚ ਸਥਾਪਿਤ ਇਹ ਸੈਂਟਰ ਸਿੱਖ ਇਤਿਹਾਸ ਦੇ ਵਿਗਿਆਨਕ ਅਧਿਐਨ ਲਈ ਸਭ ਤੋਂ ਪਹਿਲੀਆਂ ਸੰਸਥਾਵਾਂ ’ਚੋਂ ਇੱਕ ਹੈ। ਇੱਥੇ ਸੰਭਾਲੀਆਂ ਗਈਆਂ ਪਾਂਡੂਲਿਪੀਆਂ, ਦਸਤਾਵੇਜ਼ੀ ਰਿਕਾਰਡ, ਅਖਬਾਰ, ਕਲਾ ਅਤੇ ਵਸਤਾਂ ਵਿਦਵਾਨਾਂ ਲਈ ਅਮੁੱਲ ਮੁੱਢਲੇ ਸਰੋਤ ਹਨ, ਜੋ ਸਿਰਫ਼ ਸਿੱਖ ਧਾਰਮਿਕ ਇਤਿਹਾਸ ਹੀ ਨਹੀਂ, ਸਗੋਂ ਦੱਖਣੀ ਏਸ਼ੀਆ ਦੇ ਸਮਾਜਿਕ ਅਤੇ ਰਾਜਨੀਤਕ ਇਤਿਹਾਸ ਨੂੰ ਵੀ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਰਪ ਦੀਆਂ ਸਭ ਤੋਂ ਪੁਰਾਣੀਆਂ ਅਤੇ ਪ੍ਰਸਿੱਧ ਯੂਨੀਵਰਸਿਟੀਆਂ ’ਚੋਂ ਇਕ ਲੂਵਨ ਯੂਨੀਵਰਸਿਟੀ ਦੇ ਵਫ਼ਦ ਦਾ ਦੌਰਾ ਕਾਲਜ ਲਈ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਇਹ ਗਿਆਨ ਦੀ ਖੋਜ ਨੂੰ ਸਰਹੱਦਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਤੋਂ ਉੱਪਰ ਦੱਸਦਾ ਹੈ। ਉਨ੍ਹਾਂ ਕਿਹਾ ਕਿ ਅਰਕਾਈਵ ਅਧਿਐਨ, ਧਾਰਮਿਕ ਇਤਿਹਾਸ, ਕਾਲੋਨੀਅਲ ਅਤੇ ਪੋਸਟ-ਕਾਲੋਨੀਅਲ ਅਧਿਐਨ ਅਤੇ ਇਤਿਹਾਸਕ ਸਰੋਤਾਂ ਦੀ ਡਿਜੀਟਲ ਸੰਭਾਲ ਦੇ ਖੇਤਰਾਂ ’ਚ ਲੂਵਨ ’ਵਰਸਿਟੀ ਅਤੇ ਖਾਲਸਾ ਕਾਲਜ ਦਰਮਿਆਨ ਅਕਾਦਮਿਕ ਸਹਿਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਵਫ਼ਦ ’ਚ ਨੇਲੇ ਆਰਮਾਂਡ ਐੱਮ, ਜੋਨਾਥਨ, ਈਸਾਈ, ਡਗਮਾਰ ਯੂਲਾਲੀ ਆਰ, ਜੋਹਾਨ, ਜੈਨੀਫਰ, ਕੈਰਲ ਫਿਲਿਪ ਲੁਈਸ, ਮੈਰੀ ਐਗਨੇਸ ਆਈ, ਨੇਟਰ-ਜਾਨ ਹੈਂਡਰਿਕ ਐਲ, ਐਕਸਲ ਰੋਜਰ ਜੇਜੇ, ਗ੍ਰਿਸਜਾ ਗਿਨੋ ਸੀ, ਮਾਲਿਸ ਕ੍ਰਿਸਟੀਨ ਐੱਚ., ਕਾਟੇ, ਰਿਕ ਆਦਿ ਸ਼ਾਮਲ ਸੀ।