ਲਿਬਰਟੀ ਮਾਰਕੀਟ ਦੇ ਕਾਰੋਬਾਰੀ ਲਲਿਤ ਅਰੋੜਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
ਲਿਬਰਟੀ ਮਾਰਕੀਟ ਦੇ ਕਾਰੋਬਾਰੀ ਲਲਿਤ ਅਰੋੜਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
Publish Date: Tue, 27 Jan 2026 07:01 PM (IST)
Updated Date: Wed, 28 Jan 2026 04:10 AM (IST)

* ਮੁਲਜ਼ਮ ਇੰਸਪੈਕਟਰ ਵਿਨੋਦ ਸ਼ਰਮਾ ਨੇ ਜ਼ਮਾਨਤ ਅਰਜ਼ੀ ਦਾਇਰ ਕੀਤੀ, ਭੇਸ ਬਦਲ ਕੇ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਇਆ * ਮੁਅੱਤਲ ਇੰਸਪੈਕਟਰ ਦੇ ਨਾਮ ਤੇ ਲਈ ਸੀ 5 ਲੱਖ ਰੁਪਏ ਦੀ ਰਿਸ਼ਵਤ, ਪੀੜਤ ਨੂੰ ਨਸ਼ੀਲੇ ਪਦਾਰਥਾਂ ਦੇ ਕੇਸ ’ਚ ਫਸਾਉਣ ਦੀ ਦੇ ਰਿਹਾ ਸੀ ਧਮਕੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਛੇਹਰਟਾ ਥਾਣੇ ਦੇ ਮੁਅੱਤਲ ਇੰਸਪੈਕਟਰ ਵਿਨੋਦ ਸ਼ਰਮਾ ਦੇ ਨਾਂ ਤੇ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਮੁਲਜ਼ਮ ਲਲਿਤ ਅਰੋੜਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ ਹੈ। ਇਸ ਦੌਰਾਨ ਫ਼ਰਾਰ ਇੰਸਪੈਕਟਰ ਵਿਨੋਦ ਸ਼ਰਮਾ ਦੀ ਜ਼ਮਾਨਤ ਅਰਜ਼ੀ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀ ਹੈ। ਮੁਲਜ਼ਮ ਨੇ ਇਸ ਸਮੇਂ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਦੌਰਾਨ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਨੋਦ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਦਿਨ ਪਹਿਲਾਂ ਇੰਸਪੈਕਟਰ ਵਿਨੋਦ ਸ਼ਰਮਾ ਭੇਸ ਬਦਲ ਕੇ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਇਆ ਸੀ। ਇਸ ਤੋਂ ਇਲਾਵਾ ਉਸ ਨੇ ਇਕ ਮੰਦਰ ’ਚ ਵੀ ਜਾ ਕੇ ਪ੍ਰਾਰਥਨਾ ਕੀਤੀ ਸੀ। ਜਦੋਂ ਤੱਕ ਵਿਜੀਲੈਂਸ ਟੀਮ ਉਕਤ ਸਥਾਨਾਂ ਤੇ ਪਹੁੰਚੀ ਤਾਂ ਮੁਲਜਮ ਫਰਾਰ ਹੋ ਚੁੱਕਾ ਸੀ। ਜਿਕਰਯੋਗ ਹੈ ਕਿ ਪਿਛਲੇ ਸਾਲ 4 ਨਵੰਬਰ ਨੂੰ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਲਿਬਰਟੀ ਮਾਰਕੀਟ ਦੇ ਮੋਬਾਈਲ ਕਾਰੋਬਾਰੀ ਲਲਿਤ ਅਰੋੜਾ ਨੂੰ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਸੀ ਕਿ ਇਹ ਰਿਸ਼ਵਤ ਇੰਸਪੈਕਟਰ ਵਿਨੋਦ ਸ਼ਰਮਾ ਨੂੰ ਦਿੱਤੀ ਜਾਣੀ ਸੀ, ਜੋ ਉਸ ਸਮੇਂ ਛੇਹਰਟਾ ਪੁਲਿਸ ਥਾਣੇ ਦੇ ਇੰਚਾਰਜ ਸਨ। ਜਦੋਂ ਤੱਕ ਪੁਲਿਸ ਪੁੱਛਗਿੱਛ ਕਰਨ ਤੋਂ ਬਾਅਦ ਵਿਨੋਦ ਤੱਕ ਪਹੁੰਚ ਸਕੀ ਵਿਨੋਦ ਆਪਣਾ ਮੋਬਾਈਲ ਫੋਨ ਬੰਦ ਕਰ ਚੁੱਕਾ ਸੀ ਤੇ ਰੂਪੋਸ਼ ਹੋ ਗਿਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਵਿਨੋਦ ਸ਼ਰਮਾ ਛੇਹਰਟਾ ਵਾਸੀ ਇਕ ਵਿਅਕਤੀ ਤੇ ਅਫੀਮ ਦੇ ਕੇਸ ’ਚ ਫਸਾਉਣ ਦਾ ਝੂਠਾ ਦੋਸ਼ ਲਗਾਉਣਾ ਚਾਹੁੰਦਾ ਸੀ, ਹਾਲਾਂਕਿ ਉਸ ਦੇ ਭਰਾ ਪਹਿਲਾਂ ਹੀ ਨਸ਼ੇ ਦੇ ਇਕ ਕੇਸ ’ਚ ਨਾਮਜਦ ਕੀਤਾ ਜਾ ਚੁੱਕਾ ਸੀ। ਦੋਸ਼ ਲਾਇਆ ਗਿਆ ਸੀ ਕਿ ਇੰਸਪੈਕਟਰ ਨੇ ਪੀੜਤ ਨੂੰ ਡਰਾਇਆ-ਧਮਕਾਇਆ ਸੀ ਅਤੇ ਪੀੜਤ ਤੋਂ ਪੰਜ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਕਾਰੋਬਾਰੀ ਲਲਿਤ ਅਰੋੜਾ ਨੂੰ ਪੰਜ ਲੱਖ ਰੁਪਏ ਵਸੂਲ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਇੰਸਪੈਕਟਰ ਵਿਨੋਦ ਦੀ ਲਲਿਤ ਨਾਲ ਕਾਫੀ ਨੇੜਤਾ ਸੀ। ਪੀੜਤ ਨੇ ਇਸ ਸਬੰਧੀ ਮੁੱਖ ਮੰਤਰੀ ਪੋਰਟਲ ਤੇ ਸ਼ਿਕਾਇਤ ਦਰਜ ਕਰਵਾਈ ਸੀ।