ਰਈਆ ’ਚ ਆਗੂਆਂ ਨੇ ਕੀਤਾ ਟਰੈਕਟਰ ਮਾਰਚ
ਕਸਬਾ ਰਈਆ ’ਚ ਆਗੂਆਂ ਕੀਤਾ ਟਰੈਕਟਰ ਮਾਰਚ
Publish Date: Tue, 27 Jan 2026 06:31 PM (IST)
Updated Date: Wed, 28 Jan 2026 04:08 AM (IST)

ਫੋਟੋ-49 ਕੈਪਸ਼ਨ - ਟਰੈਕਟਰ ਮਾਰਚ ਕੱਢਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂ। ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ ’ਤੇ ਦਿੱਲੀ ਮੋਰਚੇ ਟਰੈਕਟਰ ਪਰੇਡ ਦੀ ਵਰ੍ਹੇਗੰਢ ਮੌਕੇ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ, ਮਜ਼ਦੂਰ ਤੇ ਟ੍ਰੇਡ ਯੂਨੀਅਨ ਦੇ ਸੈਂਕੜੇ ਵਰਕਰਾਂ ਵੱਲੋਂ ਕਸਬਾ ਰਈਆ ਵਿਖੇ ਸੈਂਕੜੇ ਟਰੈਕਟਰਾਂ ਸਮੇਤ ਮਾਰਚ ਕੀਤਾ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੁਬਾਈ ਆਗੂ ਗੁਰਮੇਜ ਸਿੰਘ ਤਿੰਮੋਵਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਛੱਜਲਵੱਡੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਲਬੀਰ ਸਿੰਘ ਬੇਦਾਦਪੁਰ, ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਉਦੋਕੇ ਨੇ ਕਿਹਾ ਕਿ ਲੋਕ ਰੋਹ ਅੱਗੇ ਝੁਕਦਿਆਂ ਕੇਂਦਰ ਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣੇ ਪਏ ਸਨ ਪਰ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਨੀਅਤ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ, ਇਸੇ ਤਹਿਤ ਹੀ ਬਿਜਲੀ ਸੋਧ ਬਿੱਲ 2025 ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਬਿਜਲੀ ਵਰਗੀ ਜਰੂਰੀ ਵਸਤੂ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਇਸੇ ਤਰ੍ਹਾਂ ਹੀ ਬੀਜ ਸੋਧ ਐਕਟ ਲਿਆ ਕੇ ਦੇਸ਼ ਦੀਆਂ ਸਰਕਾਰੀ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਬੀਜਾਂ ਦੀ ਖੋਜ ਦਾ ਕੰਮ ਬੰਦ ਕਰਕੇ ਪ੍ਰਾਈਵੇਟ ਕਾਰਪੋਰੇਟ ਘਰਾਣਿਆ ਨੂੰ ਮਨ ਮਰਜ਼ੀ ਦੇ ਭਾਅ ਬੀਜ ਵੇਚਣ ਦੀ ਖੁੱਲ ਦਿੱਤੀ ਜਾ ਰਹੀ ਹੈ, ਜਿਸ ਨਾਲ ਪਹਿਲਾਂ ਹੀ ਕਰਜੇ ਦੇ ਬੋਝ ਹੇਠ ਦੱਬੀ ਕਿਸਾਨੀ ਹੋਰ ਡੂੰਘੇ ਸੰਕਟ ਵਿਚ ਫਸ ਜਾਵੇਗੀ।