ਖੇਡ ਟੂਰਨਾਮੈਂਟ ਦੌਰਾਨ ਸ਼ਰਾਰਤੀ ਅਨਸਰਾਂ ਕੀਤਾ ਪ੍ਰਧਾਨ ’ਤੇ ਹਮਲਾ
ਖੇਡ ਟੂਰਨਾਮੈਂਟ ਦੌਰਾਨ ਸ਼ਰਾਰਤੀ ਅਨਸਰਾਂ ਕੀਤਾ ਪ੍ਰਧਾਨ ’ਤੇ ਹਮਲਾ
Publish Date: Tue, 20 Jan 2026 05:37 PM (IST)
Updated Date: Tue, 20 Jan 2026 05:39 PM (IST)

-ਮਾਮਲਾ ਖਿਡਾਰਨਾਂ ਨਾਲ ਛੇੜਛਾੜ ਤੇ ਬਦਸਲੂਕੀ ਕਰਨ ਤੋਂ ਰੋਕਣ ਦਾ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਸਮੇਸ਼ ਸਪੋਰਟਸ ਵੈਲਫੇਅਰ ਕਲੱਬ ਚਾਟੀਵਿੰਡ ਪਿੰਡ ਦੇ ਪ੍ਰਧਾਨ ਵਿਕਰਮ ਸਿੰਘ ’ਤੇ ਖੇਡ ਟੂਰਨਾਮੈਂਟ ਦੌਰਾਨ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਕਰਮ ਸਿੰਘ ਸਰਕਰੀ ਹਸਪਤਾਲ ਮਾਨਾਂਵਾਲਾ ਵਿਖੇ ਜ਼ੇਰੇ ਇਲਾਜ ਹੈ। ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀਜੀਪੀ ਪੰਜਾਬ ਪੁਲਿਸ ਤੇ ਐਸਐਸਪੀ ਦਿਹਾਤੀ ਨੂੰ ਇਕ ਸ਼ਿਕਾਇਤ ਪੱਤਰ ਭੇਜ ਕੇ 16 ਜਨਵਰੀ 2026 ਨੂੰ ਉਨ੍ਹਾਂ ਦੇ ਕਲੱਬ ਵੱਲੋਂ ਕਰਵਾਏ ਗਏ ਬਹੁ-ਖੇਡ ਮੁਕਾਬਲਿਆਂ ਦੌਰਾਨ ਸ਼ਮੂਲੀਅਤ ਕਰਨ ਆਈਆਂ ਖਿਡਾਰਨਾਂ ਨਾਲ ਬਦਸਲੂਕੀ, ਛੇੜਛਾੜ ਕਰਨ ਤੋਂ ਰੋਕਣ ਤੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਵਾਲੇ ਪਿੰਡ ਦੇ ਹੀ ਕੁੱਝ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਵਿਕਰਮ ਸਿੰਘ ਅਨੁਸਾਰ ਘਟਨਾਕ੍ਰ਼ਮ ਦੇ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਕਿਸੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤੇ ਨਾ ਹੀ ਕਿਸੇ ਕਸੂਰਵਾਰ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ। ਭੇਜੇ ਗਏ ਸ਼ਿਕਾਇਤ ਪੱਤਰ ਦੀ ਕਾਪੀ ਦਿਖਾਉਂਦਿਆਂ ਪੀੜਤ ਤੇ ਕਲੱਬ ਦੇ ਪ੍ਰਧਾਨ ਵਿਕਰਮ ਸਿੰਘ ਨੇ ਦੱਸਿਆ ਕਿ ਇਸ ਘਟਨਾਕ੍ਰਮ ਦੀ ਚੁਫੇਰਿਓਂ ਸਖ਼ਚ ਨਿੰਦਾ ਹੋਈ ਹੈ ਪਰ ਖਿਡਾਰਨ ਧੀਆਂ ਭੈਣਾਂ ਦੇ ਨਾਲ ਛੇੜਛਾੜ ਤੇ ਬਦਸਲੂਕੀ ਕਰਨ ਵਾਲੇ ਸਮੁੱਚੇ ਸ਼ਰਾਰਤੀ ਅਨਸਰ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ 16 ਜਨਵਰੀ ਨੂੰ ਕਲੱਬ ਵੱਲੋਂ ਸਰਕਾਰੀ ਹਾਈ ਸਕੂਲ ਚਾਟੀਵਿੰਡ ਦੀ ਗਰਾਊਂਡ ਵਿਚ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਖਿਡਾਰਨ ਲੜਕੀਆਂ ਵੀ ਸ਼ਮੂਲੀਅਤ ਕਰਨ ਲਈ ਪਹੁੰਚੀਆਂ। ਇਸ ਦੌਰਾਨ ਕੁਝ ਸ਼ਰਾਰਤੀ ਪ੍ਰਵਿਰਤੀ ਵਾਲੇ ਲੜਕੇ ਗਰਾਊਂਡ ਵਿਚ ਆ ਗਏ ਤੇ ਲੜਕੀਆਂ ਨਾਲ ਬਦਤਮੀਜ਼ੀ ਕਰਨ ਦੇ ਨਾਲ ਭੱਦੀ ਸ਼ਬਦਾਵਲੀ ਦਾ ਵੀ ਇਸਤੇਮਾਲ ਕੀਤਾ। ਵਿਕਰਮ ਸਿੰਘ ਅਨੁਸਾਰ ਉਸ ਵੱਲੋਂ ਤੇ ਕਲੱਬ ਦੇ ਹੋਰਨਾਂ ਮੈਂਬਰਾਂ ਵੱਲੋਂ ਜਦੋਂ ਉਕਤ ਸ਼ਰਾਰਤੀ ਅਨਸਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਨਾਲ ਬੇਤਹਾਸ਼ਾ ਕੁੱਟਮਾਰ ਕੀਤੀ ਅਤੇ ਸੱਟਾਂ ਮਾਰ ਦਿੱਤੀਆਂ। ਇਸ ਦੌਰਾਨ ਉਨ੍ਹਾਂ ਦਾ ਇਕ ਦੰਦ ਵੀ ਟੁੱਟ ਗਿਆ। ਇਸ ਸਮੁੱਚੇ ਘਟਨਾਕ੍ਰਮ ਦੇ ਮੌਕੇ ਸਰਪੰਚ ਸੰਦੀਪ ਸਿੰਘ, ਕਲੱਬ ਦੇ ਅਹੁੱਦੇਦਾਰ ਦਰਸ਼ਕ ਤੇ ਕੱਦਵਾਰ ਵਿਅਕਤੀ ਹਾਜ਼ਰ ਸਨ। ਵਿਕਰਮ ਸਿੰਘ ਨੇ ਦੱਸਿਆ ਕਿ ਘਟਨਾਕ੍ਰਮ ਵਾਲੇ ਦਿਨ ਮੌਕੇ ’ਤੇ ਪਹੁੰਚੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਪਰ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਵਿਕਰਮ ਸਿੰਘ ਅਨੁਸਾਰ ਇਲਾਕੇ ਦੇ ਖਿਡਾਰੀਆਂ ਅਤੇ ਪਰਿਵਾਰਾਂ ਦੇ ਵਿਚ ਭਾਰੀ ਰੋਸ ਹੈ ਤੇ ਉਨ੍ਹਾਂ ਨੇ ਦੋਸ਼ੀਆਂ ਦੇ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲਿਸ ਥਾਣਾ ਚਾਟੀਵਿੰਡ ਦੇ ਏਐਸਆਈ ਬਲਵਿੰਦਰ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੀੜਤ ਦੀ ਮੁਕੰਮਲ ਮੈਡੀਕਲ ਰਿਪੋਰਟ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਮੁੱਖੀ ਖੁੱਦ ਸੰਜੀਦਗੀ ਅਤੇ ਸੁਹਿਰਦਤਾ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਨੂੰ ਇੰਨਸਾਫ ਦਿੱਤਾ ਜਾਵੇਗਾ।