ਬਾਬਾ ਬਕਾਲਾ ਸਾਹਿਬ ਵਿਖੇ ਆਪ ਤੇ ਅਕਾਲੀ 7 ਕੌਂਸਲਰਾਂ ਵੱਲੋਂ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਰੱਦ
ਬਾਬਾ ਬਕਾਲਾ ਸਾਹਿਬ ਵਿਖੇ ਆਪ ਅਤੇ ਅਕਾਲੀ 7 ਕੌਂਸਲਰਾਂ ਵੱਲੋਂ ਪ੍ਰਧਾਨ ਖਿਲਾਫ ਬੇਭੋਸਗੀ ਦਾ ਮਤਾ ਰੱਦ
Publish Date: Tue, 20 Jan 2026 04:17 PM (IST)
Updated Date: Tue, 20 Jan 2026 04:18 PM (IST)

ਈਓ, ਕੌਂਸਲਰਾਂ ਨੇ ਕੀਤੀ ਪ੍ਰਬੰਧਕ ਲਗਾਉਣ ਦੀ ਮੰਗ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪਹਿਲੀ ਵਾਰ ਹੋਂਦ ਵਿਚ ਆਈ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੀ ਪ੍ਰਧਾਨਗੀ ਦੇ ਮਸਲੇ ਨੇ ਨਵਾਂ ਮੋੜ ਲੈ ਲਿਆ ਹੈ। ਬੀਤੀ 5 ਜਨਵਰੀ ਨੂੰ ਨਗਰ ਪੰਚਾਇਤ ਦੇ 7 ਕੌਂਸਲਰਾਂ ਵੱਲੋਂ ਪ੍ਰਧਾਨ ਸੁਰਜੀਤ ਸਿੰਘ ਕੰਗ ਖਿਲ਼ਾਫ ਪੇਸ਼ ਕੀਤਾ ਗਿਆ ਬੇਭਰੋਸਗੀ ਦਾ ਮਤਾ ਅੱਜ ਰੱਦ ਹੋ ਗਿਆ। ਇਸ ਦੌਰਾਨ ਹਾਜ਼ਰ 7 ਕੌਂਸਲਰਾਂ ਨੇ ਜਿੱਥੇ ਪ੍ਰਧਾਨ ਤੋਂ ਹਮਾਇਤ ਵਾਪਸ ਲੈਣ ਲਈ ਇਕ ਵਾਰ ਫਿਰ ਤੋਂ ਪ੍ਰਣ ਦੁਹਰਾਇਆ, ਉਥੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਪ੍ਰਧਾਨ ਨੂੰ ਲਾਂਭੇ ਕਰ ਕੇ ਇੱਥੇ ਪ੍ਰਬੰਧਕ ਲਾਇਆ ਜਾਵੇ। ਈਓ ਅਨਿਲ ਚੋਪੜਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 5 ਜਨਵਰੀ ਨੂੰ ਨਗਰ ਪੰਚਾਇਤ ਦੇ 8 ਮੈਂਬਰਾਂ ਵੱਲੋਂ ਲਿਖਤੀ ਤੌਰ ਤੇ ਪ੍ਰਧਾਨ ਸੁਰਜੀਤ ਸਿੰਘ ਕੰਗ ਦੇ ਖਿਲਾਫ ਬੇਭਰੋਸਗੀ ਦਾ ਮਤਾ ਆਇਆ ਸੀ, ਜਿਸ ਅਨੁਸਾਰ ਉਨ੍ਹਾਂ ਪ੍ਰਧਾਨ ਨੂੰ ਮੀਟਿੰਗ ਸੱਦਣ ਲਈ ਕਿਹਾ ਸੀ। ਅੱਜ ਜਦੋਂ ਪ੍ਰਧਾਨ ਨੇ ਮੀਟਿੰਗ ਸੱਦੀ ਹੈ ਤਾਂ ਕੁੱਲ 13 ਵਿਚੋਂ 12 ਮੈਂਬਰ ਹਾਜ਼ਰ ਸਨ। ਇਸ ਮੌਕੇ 7 ਕੌਂਸਲਰਾਂ ਨੇ ਪ੍ਰਧਾਨ ਤੋਂ ਹਮਾਇਤ ਵਾਪਸ ਲਈ ਹੈ, ਜਦਕਿ ਇਕ ਕੌਂਸਲਰ ਬੀਬੀ ਮਨਜੀਤ ਕੌਰ ਗੈਰ ਹਾਜ਼ਰ ਸੀ। ਪਰ ਉਧਰ 5 ਕੌਂਸਲਰ ਪ੍ਰਧਾਨ ਸੁਰਜੀਤ ਸਿੰਘ ਕੰਗ ਦੇ ਹੱਕ ਵਿਚ ਭੁਗਤੇ ਹਨ। ਵਾਰਡ ਨੰਬਰ 1 ਤੋਂ ਵਾਈਸ ਪ੍ਰਧਾਨ ਸੁਖਵਿੰਦਰ ਕੌਰ, ਵਾਰਡ ਨੰਬਰ 8 ਤੋਂ ਮਨਜਿੰਦਰ ਸਿੰਘ ਭੁੱਲਰ, ਵਾਰਡ ਨੰਬਰ 13 ਤੋਂ ਸੁਰਜੀਤ ਸਿੰਘ ਕੰਗ, ਵਾਰਡ ਨੰਬਰ 1 ਤੋਂ ਰਵੀ ਸਿੰਘ ਸਭਰਵਾਲ, ਵਾਰਡ ਨੰਬਰ 12 ਤੋਂ ਸੁਖਜੀਤ ਕੌਰ ਕੰਗ ਨੇ ਪ੍ਰਧਾਨ ਸੁਰਜੀਤ ਸਿੰਘ ਕੰਗ ਦੇ ਹੱਕ ਵਿਚ ਵੋਟ ਪਾਈ ਹੈ, ਜਦਕਿ ਜੈਮਲ ਸਿੰਘ (ਵਾਰਡ ਨੰਬਰ 2), ਗੁਰਮੀਤ ਕੌਰ (ਵਾਰਡ ਨੰਬਰ 3), ਰਮਨਦੀਪ ਕੌਰ (ਵਾਰਡ ਨੰਬਰ 4), ਗੁਰਮੀਤ ਸਿੰਘ (ਵਾਰਡ 6), ਸਰਬਜੀਤ ਕੌਰ (ਵਾਰਡ 7), ਬਲਜੀਤ ਕੌਰ (ਵਾਰਡ 9) ਅਤੇ ਰਣਜੀਤ ਕੌਰ (ਵਾਰਡ 10) ਨੇ ਪ੍ਰਧਾਨ ਦੇ ਖਿਲਾਫ ਵੋਟ ਪਾਈ। ਬੇਭਰੋਸਗੀ ਮਤੇ ਵਾਸਤੇ 9 ਮੈਬਰਾਂ ਦੀ ਜ਼ਰੂਰਤ ਸੀ ਪਰ 7 ਮੈਂਬਰ ਹੋਣ ਕਾਰਨ ਬੇਭਰੋਸਗੀ ਮਤਾ ਰੱਦ ਹੋ ਗਿਆ। ਉਨ੍ਹਾਂ ਕਿਹਾ ਕਿ ਫਿਲਹਾਲ ਸੁਰਜੀਤ ਸਿੰਘ ਕੰਗ ਹੀ ਪ੍ਰਧਾਨ ਹਨ। ਇਸ ਦੌਰਾਨ ਪ੍ਰਧਾਨ ਸੁਰਜੀਤ ਸਿੰਘ ਕੰਗ ਖਿਲਾਫ ਮੋਰਚਾ ਖੋਲ੍ਹਣ ਵਾਲੇ ਆਪ ਦੇ ਕੌਂਸਲਰ ਜੈਮਲ ਸਿੰਘ, ਗੁਰਮੀਤ ਕੌਰ, ਰਮਨਦੀਪ ਕੌਰ ਰੰਧਾਵਾ, ਗੁਰਮੀਤ ਸਿੰਘ ਪਨੇਸਰ, ਸਰਬਜੀਤ ਕੌਰ ਧਾਮੀ, ਬਲਜੀਤ ਕੌਰ ਗਿੱਲ ਅਤੇ ਰਣਜੀਤ ਕੌਰ ਨੇ ਦੋਸ਼ ਲਾਇਆ ਕਿ ਇਕ ਸਾਲ ਪਿੱਛੋਂ ਵੀ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਲਈ ਕੋਈ ਕਾਰਜ ਨਹੀਂ ਹੋਇਆ। ਉਨ੍ਹਾਂ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਈਓ ਅਨਿਲ ਚੋਪੜਾ ਤੋਂ ਮੰਗ ਕੀਤੀ ਕਿ ਅਸੀਂ ਪ੍ਰਧਾਨ ਸੁਰਜੀਤ ਸਿੰਘ ਕੰਗ ਤੋਂ ਆਪਣੀ ਹਮਾਇਤ ਵਾਪਸ ਲੈਂਦੇ ਹਾਂ, ਇਸ ਲਈ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਕਾਰਜਾਂ ਲਈ ਪ੍ਰਬੰਧਕ ਲਾਇਆ ਜਾਵੇ। ਇਸ ਮੌਕੇ ਪ੍ਰਧਾਨ ਕੰਗ ਨੇ ਕਿਹਾ ਕਿ ਉਨ੍ਹਾਂ ਖਿਲਾਫ ਬੇਭਰੋਸਗੀ ਮਤਾ ਪੂਰਨ ਤੌਰ ਤੇ ਰੱਦ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਵਿਚ ਖੜ੍ਹੇ ਤਿੰਨ ਮੈਂਬਰ ਅਕਾਲੀ ਦਲ ਰਮਨਦੀਪ ਕੌਰ ਰੰਧਾਵਾ, ਸਰਬਜੀਤ ਕੌਰ, ਰਣਜੀਤ ਕੌਰ, ਇਕ ਮੈਂਬਰ ਅਜ਼ਾਦ ਬਲਜੀਤ ਕੌਰ ਗਿੱਲ, ਤਿੰਨ ਮੈਂਬਰ ਝਾੜੂ ਨਿਸ਼ਾਨ ਤੇ ਜਿੱਤੇ ਗੁਰਮੀਤ ਸਿੰਘ ਪਨੇਸਰ, ਜੈਮਲ ਸਿੰਘ, ਗੁਰਮੀਤ ਕੌਰ ਵੱਲੋਂ ਮਿਲੀਭੁਗਤ ਕਰ ਕੇ ਕਮੇਟੀ ਤੋੜਨ ਦਾ ਯਤਨ ਅਸਫਲ ਰਿਹਾ ਹੈ। ਇਸ ਮੌਕੇ ਸੂਬੇਦਾਰ ਹਰਜੀਤ ਸਿੰਘ, ਰੇਸ਼ਮ ਸਿੰਘ, ਬਲਸ਼ਰਨ ਸਿੰਘ, ਸੁਰਜੀਤ ਕੌਰ ਕੰਗ, ਸੁਖਦੇਵ ਸਿੰਘ, ਪਰਮਜੀਤ ਸਿੰਘ, ਪ੍ਰਦੀਪ ਕੁਮਾਰ ਲਹੋਰੀਆ, ਰਣਜੀਤ ਸਿੰਘ ਫੌਜੀ, ਨਿੰਦਰ ਸਿੰਘ, ਗੁਰਦਿਆਲ ਸਿੰਘ, ਜਤਿੰਦਰ ਸਿੰਘ, ਸਰਤਾਜ ਸਿੰਘ, ਅਮਾਨਦੀਪ ਸਿੰਘ, ਸਰਬਜੀਤ ਸਿੰਘ ਫੌਜੀ, ਮਲਕੀਤ ਸਿੰਘ, ਬਲਕਾਰ ਸਿੰਘ ਆਦਿ ਮੌਜੂਦ ਸਨ।