ਕਾਂਗਰਸ ਪਾਰਟੀ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਕਾਰਾਤਮਕ ਕਦਮ ਚੁੱਕ ਰਹੀ : ਡਾ. ਸੁਭਾਸ਼ ਥੋਬਾ
ਕਾਂਗਰਸ ਪਾਰਟੀ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਕਾਰਾਤਮਕ ਕਦਮ ਚੁੱਕ ਰਹੀ : ਡਾ. ਸੁਭਾਸ਼ ਥੋਬਾ
Publish Date: Mon, 19 Jan 2026 07:40 PM (IST)
Updated Date: Mon, 19 Jan 2026 07:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਾਂਗਰਸ ਪਾਰਟੀ ਹਮੇਸ਼ਾਂ ਭਾਰਤ ਵਿਚ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਰਹੀ ਹੈ। ਆਪਣੇ ਕਾਰਜਕਾਲ ਦੌਰਾਨ ਪਾਰਟੀ ਨੇ ਘੱਟ ਗਿਣਤੀਆਂ ਦੇ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਹਨ ਅਤੇ ਭਵਿੱਖ ਵਿਚ ਵੀ ਅਜਿਹਾ ਕਰਦੀ ਰਹੇਗੀ। ਇਹ ਵਿਚਾਰ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨੇ ਪ੍ਰਗਟ ਕੀਤੇ। ਉਨ੍ਹਾਂ ਇਹ ਟਿੱਪਣੀਆਂ ਉਸ ਸਮੇਂ ਕੀਤੀਆਂ ਜਦੋਂ ਤਰਨਤਾਰਨ, ਅੰਮ੍ਰਿਤਸਰ ਅਤੇ ਜਲੰਧਰ ਸਮੇਤ ਵੱਖ-ਵੱਖ ਜ਼ਿਿਲ੍ਹਆਂ ਤੋਂ ਈਸਾਈ ਭਾਈਚਾਰੇ ਦੇ ਇਕ ਵਫ਼ਦ ਨੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਪੰਜਾਬ ਪ੍ਰਧਾਨ ਡਾ. ਸੁਭਾਸ਼ ਥੋਬਾ ਦੀ ਅਗਵਾਈ ਵਿਚ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰ ਕੇ ਆਪਣੀਆਂ ਮੌਜੂਦਾ, ਬੁਨਿਆਦੀ ਅਤੇ ਭਵਿੱਖ ਦੀਆਂ ਮੰਗਾਂ ਪੇਸ਼ ਕੀਤੀਆਂ। ਡਾ. ਸੁਭਾਸ਼ ਥੋਬਾ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲਾ ਈਸਾਈ ਭਾਈਚਾਰਾ, ਜਿਸ ਵਿਚ ਜ਼ਿਆਦਾਤਰ ਦਲਿਤ, ਬੇਜ਼ਮੀਨੇ ਅਤੇ ਮਜ਼ਦੂਰ ਵਰਗ ਸ਼ਾਮਲ ਹਨ, ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ ਹੈ ਅਤੇ ਅੱਗੇ ਵੀ ਅਜਿਹਾ ਕਰਦਾ ਰਹੇਗਾ। ਉਨ੍ਹਾਂ ਨੇ ਮਨਰੇਗਾ ਵਰਗੀਆਂ ਗਰੀਬ ਪੱਖੀ ਯੋਜਨਾਵਾਂ ਵਿੱਚ ਕੀਤੇ ਗਏ ਕਥਿਤ ਲੁਕਵੇਂ ਬਦਲਾਅ ਨੂੰ ਮੰਦਭਾਗਾ ਦੱਸਿਆ। ਪ੍ਰੋ. ਇਮੈਨੁਅਲ ਨਾਹਰ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਜ਼ਿਲ੍ਹੇ ਵਿਚ ਇਸ ਮੁੱਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਇਸ ਮੌਕੇ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਜਸਬੀਰ ਸੰਧੂ, ਸਕੱਤਰ ਯਾਦਵਿੰਦਰ ਲਾਡੀ, ਕੋਆਰਡੀਨੇਟਰ ਰਾਜ ਰੋਫਾਨ, ਪੰਜਾਬ ਦੇ ਉਪ ਪ੍ਰਧਾਨ ਇਲਿਆਸ ਮਸੀਹ ਸਿੱਧੂ, ਉਪ ਪ੍ਰਧਾਨ ਈਸਾ ਦਾਸ ਟੋਨੀ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਵਾਰਿਸ ਮਸੀਹ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਐਡਵੋਕੇਟ ਅਬਰਾਹਿਮ, ਪਾਸਟਰ ਟਾਈਟਸ ਸਮੇਤ ਵੱਖ-ਵੱਖ ਜ਼ਿਿਲ੍ਹਆਂ ਦੇ ਅਧਿਕਾਰੀ, ਸਮਾਜ ਸੇਵਕ ਅਤੇ ਰਾਜਨੀਤਿਕ ਆਗੂ ਮੌਜੂਦ ਸਨ।