ਧਰਤੀ ਉੱਤੇ ਮਹਾਪੁਰਸ਼ਾਂ ਦਾ ਅਵਤਰਨ ਕਦੇ ਵੀ ਸਾਧਾਰਨ ਜਾਂ ਨਿਰਥਕ ਨਹੀਂ ਹੁੰਦਾ : ਭਾਰਤੀ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਤਿਸੰਗ ਸਮਾਗਮ ਦਾ ਆਯੋਜਨ
Publish Date: Mon, 19 Jan 2026 04:40 PM (IST)
Updated Date: Mon, 19 Jan 2026 04:42 PM (IST)

- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਸਤਿਸੰਗ ਸਮਾਗਮ ਕਰਵਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਦੁਆਰਾ ਰਾਮ ਤਲਾਈ ਮੰਦਿਰ ਵਿਚ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੌਜੂਦ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਨੀਰਜਾ ਭਾਰਤੀ ਨੇ ਕਿਹਾ ਕਿ ਧਰਤੀ ਉੱਤੇ ਮਹਾਪੁਰਸ਼ਾਂ ਦਾ ਅਵਤਰਨ ਕਦੇ ਵੀ ਸਾਧਾਰਨ ਜਾਂ ਨਿਰਥਕ ਨਹੀਂ ਹੁੰਦਾ। ਉਹ ਸਿਰਫ਼ ਕਿਸੇ ਪੰਥ, ਪਰੰਪਰਾ ਜਾਂ ਰਸਮ-ਰਿਵਾਜ ਨੂੰ ਵਧਾਉਣ ਲਈ ਨਹੀਂ ਆਉਂਦੇ, ਬਲਕਿ ਉਨ੍ਹਾਂ ਦਾ ਉਦੇਸ਼ ਮਨੁੱਖ ਨੂੰ ਉਸ ਪਰਮ ਸੱਚ ਨਾਲ ਜਾਣੂ ਕਰਵਾਉਣਾ ਹੁੰਦਾ ਹੈ, ਜਿਸ ਦਾ ਉਹ ਖੁਦ ਪ੍ਰਤੱਖ ਅਨੁਭਵ ਕਰ ਸਕੇ। ਸਾਧਵੀ ਨੇ ਦੱਸਿਆ ਕਿ ਬ੍ਰਹਮ ਗਿਆਨ ਹੀ ਉਹ ਦਿਵਯ ਸਾਧਨ ਹੈ, ਜਿਸ ਦੇ ਰਾਹੀਂ ਮਨੁੱਖ ਦੇ ਅੰਦਰ ਮੌਜੂਦ ਸ਼ਾਸ਼ਵਤ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਜਦੋਂ ਤਕ ਇਹ ਗਿਆਨ ਪ੍ਰਾਪਤ ਨਹੀਂ ਹੁੰਦਾ, ਉਦੋਂ ਤਕ ਧਰਮ ਸਿਰਫ਼ ਪੁਸਤਕਾਂ, ਕਥਾਵਾਂ ਅਤੇ ਸ਼ਬਦਾਂ ਤਕ ਹੀ ਸੀਮਿਤ ਰਹਿ ਜਾਂਦਾ ਹੈ। ਪਰ ਜਿਵੇਂ ਹੀ ਕਿਸੇ ਪੂਰਨ ਗੁਰੂ ਦੀ ਕਿਰਪਾ ਨਾਲ ਆਤਮ-ਗਿਆਨ ਦਾ ਅਨੁਭਵ ਹੁੰਦਾ ਹੈ, ਜੀਵਨ ਦੀ ਦਿਸ਼ਾ ਹੀ ਬਦਲ ਜਾਂਦੀ ਹੈ। ਮਨੁੱਖ ਅਗਿਆਨ ਤੋਂ ਗਿਆਨ ਵੱਲ, ਸਵਾਰਥ ਤੋਂ ਕਰੁਣਾ ਵੱਲ ਅਤੇ ਬਾਹਰੀ ਦਿਖਾਵੇ ਤੋਂ ਅੰਦਰੂਨੀ ਅਨੁਭੂਤੀ ਵੱਲ ਅੱਗੇ ਵਧਣ ਲੱਗ ਪੈਂਦਾ ਹੈ। ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਅੱਜ ਅਕਸਰ ਅਸੀਂ ਮਹਾਪੁਰਸ਼ਾਂ ਦੇ ਅਸਲ ਸੰਦੇਸ਼ ਨੂੰ ਭੁੱਲ ਕੇ ਸਿਰਫ ਉਨ੍ਹਾਂ ਦੇ ਨਾਮ ਦਾ ਹੀ ਪ੍ਰਚਾਰ ਕਰਨ ਵਿਚ ਲੱਗ ਜਾਂਦੇ ਹਾਂ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਧਰਮ ਆਤਮਿਕ ਉੱਨਤੀ ਦਾ ਸਾਧਨ ਬਣਨ ਦੀ ਥਾਂ ਸਿਰਫ਼ ਪਰੰਪਰਾਵਾਂ ਅਤੇ ਰਸਮਾਂ ਦਾ ਭਾਰ ਬਣ ਕੇ ਰਹਿ ਜਾਂਦਾ ਹੈ। ਉਦੋਂ ਮਨੁੱਖ ਭਕਤੀ ਦੇ ਮਾਰਗ ’ਤੇ ਤੁਰਨ ਦੀ ਥਾਂ ਹੋਰਾਂ ਨਾਲ ਆਪਣੇ ਆਪ ਨੂੰ ਸ਼੍ਰੇਸ਼ਠ ਸਾਬਤ ਕਰਨ ਦੀ ਦੌੜ ਵਿਚ ਫਸ ਜਾਂਦਾ ਹੈ। ਸਾਧਵੀ ਨੇ ਇੱਕ ਸਾਧਾਰਨ ਪਰ ਪ੍ਰਭਾਵਸ਼ਾਲੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਿਵੇਂ ਚਮਚਾ ਹਰ ਰੋਜ਼ ਭੋਜਨ ਵਿਚ ਹੁੰਦਾ ਹੈ, ਪਰ ਕਦੇ ਵੀ ਸੁਆਦ ਨਹੀਂ ਜਾਣ ਸਕਦਾ, ਉਸੇ ਤਰ੍ਹਾਂ ਜੇ ਅਸੀਂ ਕੇਵਲ ਧਾਰਮਿਕ ਗ੍ਰੰਥਾਂ ਦਾ ਪਾਠ ਕਰੀਏ ਅਤੇ ਉਨ੍ਹਾਂ ਵਿਚ ਲੁਕੇ ਤੱਤ-ਗਿਆਨ ਨੂੰ ਨਾ ਸਮਝੀਏ, ਤਾਂ ਸਾਡਾ ਗਿਆਨ ਵੀ ਉਪਰਲਾ ਹੀ ਰਹਿ ਜਾਂਦਾ ਹੈ। ਅਸੀਂ ਪਰਮਾਤਮਾ ਬਾਰੇ ਬਹੁਤ ਕੁਝ ਜਾਣ ਸਕਦੇ ਹਾਂ, ਪਰ ਪਰਮਾਤਮਾ ਨੂੰ ਜਾਣ ਨਹੀਂ ਪਾਉਂਦੇ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਕਥਾਵਾਂ, ਭਜਨਾਂ ਅਤੇ ਅਨੁਸ਼ਠਾਨਾਂ ਵਿਚ ਹੀ ਨਾ ਉਲਝੇ, ਬਲਕਿ ਕਿਸੇ ਪੂਰਨ ਗੁਰੂ ਦੀ ਸ਼ਰਨ ਵਿਚ ਜਾ ਕੇ ਪਰਮ ਸੱਚ ਦਾ ਅਨੁਭਵ ਕਰੇ। ਇਹੀ ਅਨੁਭਵ ਜੀਵਨ ਨੂੰ ਸਹੀ ਦਿਸ਼ਾ ਦਿੰਦਾ ਹੈ ਅਤੇ ਵਿਅਕਤੀ ਨੂੰ ਨਾ ਸਿਰਫ਼ ਸੱਚਾ ਭਕਤ, ਸਗੋਂ ਇਕ ਬਿਹਤਰ ਇਨਸਾਨ ਵੀ ਬਣਾਉਂਦਾ ਹੈ। ਅਸਲ ਧਰਮ ਉਹੀ ਹੈ ਜੋ ਅੰਦਰੋਂ ਬਦਲਾਅ ਲਿਆਏ ਅਤੇ ਮਨੁੱਖ ਨੂੰ ਪ੍ਰੇਮ, ਸੇਵਾ ਅਤੇ ਸਦਭਾਵ ਵੱਲ ਪ੍ਰੇਰਿਤ ਕਰੇ।