ਬਰਾਊਂਜ ਮੈਡਲ ਤੇ ਟਰਾਫੀ ਹਾਸਲ ਕਰਨ ਵਾਲੀ ਵਾਲੀਬਾਲ ਟੀਮ ਦਾ ਹੋਇਆ ਸਵਾਗਤ
ਬਰਾਊਂਜ ਮੈਡਲ ਤੇ ਟਰਾਫੀ ਹਾਸਲ ਕਰਨ ਵਾਲੀ ਵਾਲੀਬਾਲ ਟੀਮ ਦਾ ਹੋਇਆ ਗਰਮ ਜੋਸ਼ੀ ਨਾਲ ਸਵਾਗਤ
Publish Date: Sun, 18 Jan 2026 05:25 PM (IST)
Updated Date: Sun, 18 Jan 2026 05:28 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : 2 ਦਹਾਕਿਆਂ ਦੇ ਲੰਮੇ ਅਰਸੇ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ ਵਿਖੇ ਕਰਵਾਏ ਪੁਰਸ਼ ਵਰਗ ਦੀ ਸੀਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ 2025-26 ਦੇ ਦੌਰਾਨ ਪੰਜਾਬ ਦੀ ਟੀਮ ਨੂੰ ਤੀਸਰਾ ਸਥਾਨ ਹਾਸਲ ਹੋਇਆ ਹੈ। ਇਸ ਗੱਲ ਦੀ ਜਾਣਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੌਮਾਂਤਰੀ ਵਾਲੀਬਾਲ ਕੋਚ ਜਗਦੀਪ ਸਿੰਘ ਦੇ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ਦੀ ਖੇਡ ਪ੍ਰਤੀਯੋਗਤਾ ਵਿਚ ਸ਼ਮੂਲੀਅਤ ਕਰਨ ਵਾਸਤੇ ਗਈ ਪੰਜਾਬ ਦੀ ਟੀਮ ਵਿਚ ਲੰਮੇ ਚੌੜੇ ਤਜ਼ਰਬੇ ਵਾਲੇ ਮਾਹਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਉਹੀ ਖਿਡਾਰੀ ਸਨ, ਜਿਹੜੇ ਪਹਿਲਾਂ ਕਈ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾ ਚੁੱਕੇ ਸਨ। ਸ਼ਮੂਲੀਅਤ ਕਰਨ ਤੋਂ ਪਹਿਲਾਂ ਇਨ੍ਹਾਂ ਸਮੁੱਚੇ ਖਿਡਾਰੀਆਂ ਨੂੰ ਮਾਹਿਰ ਕੋਚਾ ਤੇ ਤਕਨੀਸ਼ੀਨਾਂ ਦੇ ਵੱਲੋਂ ਹੋਰ ਵੀ ਖੇਡ ਮੁਹਾਰਤ ਹਾਸਲ ਕਰਵਾਈ ਗਈ ਸੀ। ਪੰਜਾਬ ਦੀ ਟੀਮ ਨੇ ਸਿਲਸਿਲੇਵਾਰ ਮੈਚਾਂ ਦੌਰਾਨ ਦੇਸ਼ ਭਰ ਤੋਂ ਆਈਆਂ ਚੋਟੀ ਦੀਆਂ ਵਾਲੀਬਾਲ ਟੀਮਾਂ ਨੂੰ ਪਛਾੜਦੇ ਹੋਏ ਤੇ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਈ ਤੇ ਫਿਰ ਕੌਮੀ ਪੱਧਰ ’ਤੇ ਤੀਸਰਾ ਸਥਾਨ ਹਾਸਲ ਕੀਤਾ। ਕੌਮਾਂਤਰੀ ਵਾਲੀਬਾਲ ਕੋਚ ਜਗਦੀਪ ਸਿੰਘ ਅਨੁਸਾਰ ਟੀਮ ਦੇ ਵਿਚ ਸ਼ਾਮਲ ਹਰੇਕ ਖਿਡਾਰੀ ਨੇ ਆਪੋ-ਆਪਣੀ ਖੇਡ ਜ਼ਿੰਮੇਵਾਰੀ ਸਮਝਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ ਤੇ ਆਪਸੀ ਬਿਹਤਰ ਤਾਲਮੇਲ ਵੀ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਦੋ ਦਹਾਕਿਆਂ ਦੇ ਲੰਮੇ ਅਰਸੇ ਬਾਅਦ ਟੀਮ ਦਾ ਇਹ ਮੁਕਾਮ ਹਾਸਲ ਕਰਨਾ ਆਪਣੇ ਆਪ ਵਿਚ ਇਕ ਬਹੁਤ ਵੱਡੀ ਪ੍ਰਾਪਤੀ। ਇਸ ਪ੍ਰਾਪਤੀ ਦੇ ਨਾਲ ਸੂਬੇ ਦੇ ਸਮੁੱਚੇ ਵਾਲੀਬਾਲ ਖਿਡਾਰੀਆਂ ਵਿਚ ਹੋਰ ਵੀ ਉਤਸ਼ਾਹ ਤੇ ਹੌਸਲਾ ਪੈਦਾ ਹੋਇਆ ਹੈ। ਭਵਿੱਖ ਵਿਚ ਟੀਮ ਦੇ ਕੋਲੋਂ ਹੋਰ ਵੀ ਸ਼ਾਨਦਾਰ ਤੇ ਬਿਹਤਰ ਪ੍ਰਦਰਸ਼ਨ ਦੀ ਆਸ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਹਰੇਕ ਖਿਡਾਰੀ ਨੂੰ ਬਰਾਊਜ਼ ਮੈਡਲ ਤੇ ਟੀਮ ਨੂੰ ਟਰਾਫੀ ਤੇ ਨਕਦੀ ਇਨਾਮੀ ਰਾਸ਼ੀ ਦੇ ਕੇ ਨਿਵਾਜਿਆ ਗਿਆ। ਵਾਪਸ ਪਰਤੀ ਟੀਮ ਦਾ ਵਾਲੀਬਾਲ ਖਿਡਾਰੀਆਂ, ਖੇਡ ਪ੍ਰਮੋਟਰਾਂ, ਖੇਡ ਪ੍ਰੇਮੀਆਂ ਦੇ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਹੁਣ ਇਹ ਟੀਮ ਅਗਲੇਰੀਆਂ ਖੇਡ ਪ੍ਰਤੀਯੋਗਤਾਵਾਂ ਵਿਚ ਸ਼ਮੂਲੀਅਤ ਕਰੇਗੀ।