ਹਨੂੰਮਾਨ ਮੰਦਰ ਦੇ ਬਾਹਰ ਕੂੜੇ ’ਚ ਸੁੱਟੀਆਂ ਗਈਆਂ ਧਾਰਮਿਕ ਤਸਵੀਰਾਂ
ਹਨੂੰਮਾਨ ਮੰਦਰ ਦੇ ਬਾਹਰ ਕੂੜੇ ’ਚ ਸੁੱਟੀਆਂ ਗਈਆਂ ਧਾਰਮਿਕ ਤਸਵੀਰਾਂ
Publish Date: Sun, 18 Jan 2026 05:09 PM (IST)
Updated Date: Sun, 18 Jan 2026 05:10 PM (IST)

- ਨਿਹੰਗ ਜਥੇਬੰਦੀਆਂ ਨੇ ਮੌਕੇ ’ਤੇ ਪਹੁੰਚ ਕੇ ਇਤਰਾਜ਼ ਕੀਤਾ - ਮੰਦਰ ਦੇ ਸੇਵਾਦਾਰ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਸਥਿਤੀ ਆਮ ਹੋਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਟਾਲਾ ਰੋਡ ’ਤੇ ਸਨ ਸਿਟੀ ਖੇਤਰ ਵਿਚ ਹਨੂਮਾਨ ਮੰਦਰ ਦੇ ਬਾਹਰ ਧਾਰਮਿਕ (ਤਸਵੀਰਾਂ) ਪ੍ਰਤੀਕਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਮੰਦਿਰ ਦੀ ਬਾਹਰੀ ਕੰਧ ਦੇ ਨੇੜੇ ਕੂੜੇ ਦੇ ਢੇਰ ਵਿਚ ਕੁਝ ਧਾਰਮਿਕ ਪ੍ਰਤੀਕ ਇਤਰਾਜ਼ਯੋਗ ਸਥਿਤੀ ਵਿਚ ਮਿਲਣ ਤੋਂ ਬਾਅਦ ਕੁਝ ਸਮੇਂ ਲਈ ਤਣਾਅ ਬਣਿਆ ਰਿਹਾ। ਸੂਚਨਾ ਮਿਲਣ ’ਤੇ ਸ਼ਰਧਾਲੂਆਂ ਅਤੇ ਸਥਾਨਕ ਵਾਸੀਆਂ ਵਿਚ ਰੋਸ ਫੈਲ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵੱਖ-ਵੱਖ ਨਿਹੰਗ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ ’ਤੇ ਪਹੁੰਚੇ। ਨਿਹੰਗ ਸਿੰਘ ਜਥੇਦਾਰ ਬਾਬਾ ਪਵਨਦੀਪ ਸਿੰਘ ਨੇ ਕਿਹਾ ਕਿ ਧਾਰਮਿਕ ਤਸਵੀਰਾਂ ਨੂੰ ਪੂਰੇ ਸਤਿਕਾਰ ਅਤੇ ਸਨਮਾਨ ਨਾਲ ਘਟਨਾ ਸਥਾਨ ਤੋਂ ਹਟਾਇਆ ਗਿਆ ਅਤੇ ਉਨ੍ਹਾਂ ਦਾ ਵਿਧੀਪੂਰਵਕ ਸੰਸਕਾਰ ਕੀਤਾ ਗਿਆ। ਘਟਨਾ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਜਥੇਬੰਦੀਆਂ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਮੰਦਿਰ ਦੇ ਲੰਬੇ ਸਮੇਂ ਤੋਂ ਸੇਵਾਦਾਰ ਭਾਰਤ ਭੂਸ਼ਣ ਨੇ ਘਟਨਾ ’ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਮੰਦਿਰ ਦੀਆਂ ਕੰਧਾਂ ਮੁਕਾਬਲਤਨ ਨੀਵੀਆਂ ਹੋਣ ਕਾਰਨ ਅਜਿਹਾ ਕੰਮ ਬਾਹਰੋਂ ਕਿਸੇ ਸ਼ਰਾਰਤੀ ਤੱਤ ਦੁਆਰਾ ਕੀਤਾ ਜਾ ਸਕਦਾ ਹੈ। ਭਾਰਤ ਭੂਸ਼ਣ ਨੇ ਜਨਤਕ ਤੌਰ ’ਤੇ ਸੰਗਤ ਅਤੇ ਭਾਈਚਾਰੇ ਤੋਂ ਮਾਫ਼ੀ ਮੰਗੀ, ਇਹ ਕਹਿੰਦੇ ਹੋਏ ਕਿ ਨਾ ਤਾਂ ਉਨ੍ਹਾਂ ਦਾ ਅਤੇ ਨਾ ਹੀ ਮੰਦਿਰ ਪ੍ਰਬੰਧਨ ਦਾ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਸੀ। ਉਨ੍ਹਾਂ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਭਵਿੱਖ ਵਿਚ ਅਜਿਹੀ ਸਥਿਤੀ ਨੂੰ ਰੋਕਣ ਲਈ ਮੰਦਿਰ ਕੰਪਲੈਕਸ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਸੇਵਾਦਾਰ ਵੱਲੋਂ ਜਨਤਕ ਮਾਫ਼ੀ ਮੰਗਣ ਤੋਂ ਬਾਅਦ ਨਿਹੰਗ ਸੰਗਠਨਾਂ ਨੇ ਮਾਮਲੇ ਨੂੰ ਸ਼ਾਂਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਫ਼ੀ ਸਵੀਕਾਰ ਕਰ ਲਈ ਗਈ ਹੈ, ਪਰ ਭਵਿੱਖ ਵਿੱਚ ਧਾਰਮਿਕ ਸਥਾਨਾਂ ਦੀ ਮਾਣ-ਮਰਿਆਦਾ ਅਤੇ ਸੁਰੱਖਿਆ ਦੀ ਰੱਖਿਆ ਲਈ ਵਿਸ਼ੇਸ਼ ਚੌਕਸੀ ਜ਼ਰੂਰੀ ਹੈ। ਇਸ ਵੇਲੇ ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਆਮ ਹੈ। ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।