ਚੀਜ਼ਾਂ ਨੂੰ ਭੁੱਲਣਾ ਅਲਜ਼ਾਈਮਰ ਦੀ ਨਿਸ਼ਾਨੀ, ਇਸ ਨੂੰ ਹਲਕੇ ’ਚ ਨਾ ਲਓ : ਡਾ. ਦਿਨੇਸ਼ ਕੁਮਾਰ
ਚੀਜ਼ਾਂ ਨੂੰ ਭੁੱਲਣਾ ਅਲਜ਼ਾਈਮਰ ਦੀ ਨਿਸ਼ਾਨੀ, ਇਸ ਨੂੰ ਹਲਕੇ 'ਚ ਨਾ ਲਓ : ਡਾ. ਦਿਨੇਸ਼ ਕੁਮਾਰ
Publish Date: Sun, 18 Jan 2026 04:43 PM (IST)
Updated Date: Sun, 18 Jan 2026 04:46 PM (IST)

ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਲਜ਼ਾਈਮਰ ਅਤੇ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਾਗਰੂਕਤਾ ਜਾਣਕਾਰੀ ਸਾਂਝੀ ਕਰਦੇ ਹੋਏ ਨਿਊਰੋ ਰੋਗਾਂ ਦੇ ਮਾਹਰ ਡਾ. ਦਿਨੇਸ਼ ਕੁਮਾਰ ਡੀਐੱਮ ਨਿਰੋਲੋਜੀ, ਪ੍ਰੋਫੈਸਰ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਨੇ ਦੱਸਿਆ ਕਿ ਇਸ ਰੋਗ ਨਾਲ ਹੌਲੀ-ਹੌਲੀ ਵਿਅਕਤੀ ਦੀ ਯਾਦ ਸ਼ਕਤੀ ਅਤੇ ਸੋਚਣ ਦੀ ਸ਼ਕਤੀ ਘਟਦੀ ਰਹਿੰਦੀ ਹੈ। ਦਿਮਾਗ ਦੇ ਸੈੱਲਾਂ ਦੇ ਕਮਜ਼ੋਰ ਹੋਣ ਕਾਰਨ ਅਲਜ਼ਾਈਮਰ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਵਿਅਕਤੀ ਹੌਲੀ-ਹੌਲੀ ਆਪਣੀ ਯਾਦਦਾਸ਼ਤ ਗੁਆਉਣਾ ਸ਼ੁਰੂ ਕਰ ਦਿੰਦਾ ਹੈ। ਡਿਮੈਂਸ਼ੀਆ ਅਲਜ਼ਾਈਮਰ ਰੋਗ ਦਾ ਸਭ ਤੋਂ ਆਮ ਰੂਪ ਹੈ। ਇਹ ਬਿਮਾਰੀ ਸਿਰਫ਼ ਬਜ਼ੁਰਗਾਂ ਤਕ ਹੀ ਸੀਮਤ ਨਹੀਂ ਰਹਿ ਗਈ, ਸਗੋਂ ਨੌਜਵਾਨ ਵੀ ਇਸ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ। ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਪਛਾਣ ਕੇ ਕਿਸੇ ਮਾਹਿਰ ਨਿਊਰੋਲੋਜਿਸਟ ਤੋਂ ਇਲਾਜ ਸ਼ੁਰੂ ਕਰਵਾਇਆ ਜਾਵੇ ਤਾਂ ਇਸ ਬਿਮਾਰੀ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ। ਮਾਹਰ ਨੇ ਦੱਸਿਆ ਕਿ ਅੱਖਾਂ ਦੀ ਰੋਸ਼ਨੀ ਘਟਣਾ, ਛੋਟੇ-ਮੋਟੇ ਕੰਮ ਕਰਨ ਵਿਚ ਮੁਸ਼ਕਿਲ, ਪਰਿਵਾਰ ਦੇ ਮੈਂਬਰਾਂ ਨੂੰ ਪਛਾਣ ਨਾ ਸਕਣਾ, ਰਾਤ ਨੂੰ ਨੀਂਦ ਨਾ ਆਉਣਾ, ਰੱਖੀਆਂ ਚੀਜ਼ਾਂ ਭੁੱਲ ਜਾਣਾ, ਉਦਾਸੀ, ਡਰ, ਸ਼ਖ਼ਸੀਅਤ ਵਿਚ ਤਬਦੀਲੀ, ਯਾਦ ਨਾ ਆਉਣਾ। ਗੱਲ ਕਰਦੇ ਸਮੇਂ ਸਹੀ ਸ਼ਬਦਾਂ ਦਾ ਉਚਾਰਨਾ ਹੋਣਾ ਤੇ ਗੱਲ ਸਮਝਣ ਵਿਚ ਅਸਮਰੱਥਾ। ਉਨ੍ਹਾਂ ਕਿਹਾ ਕਿ ਅਲਜ਼ਾਈਮਰ ਦਾ ਪੂਰਾ ਇਲਾਜ ਨਹੀਂ ਹੈ, ਪਰ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ, ਜਿਸ ਵਿਚ ਯਾਦਦਾਸ਼ਤ ਵਧਾਉਣ ਦੀਆਂ ਕਸਰਤਾਂ ਕਰਵਾ ਕੇ ਤੇ ਦਵਾਈਆਂ ਨਾਲ ਅਲਜ਼ਾਈਮਰ ਨੂੰ ਕਾਫੀ ਹੱਦ ਤਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜੀਵਨਸ਼ੈਲੀ ਵਿਚ ਕੁਝ ਬਦਲਾਅ ਕਰਕੇ ਇਸ ਬਿਮਾਰੀ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ। ਜਿਵੇਂ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਲਓ, ਲੋਕਾਂ ਨਾਲ ਮੇਲ਼-ਮਿਲਾਪ ਵਧਾਈ ਤਾਂ ਕਿ ਡਿਪਰੈਸ਼ਨ ਨਾ ਹੋਵੇ। ਭਰਪੂਰ ਨੀਂਦ ਲਓ, ਨਸ਼ਿਆਂ ਤੋਂ ਦੂਰ ਰਹੋ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਕਰੋ। ਨਿਯਮਿਤ ਕਸਰਤ ਕਰੋ ਅਤੇ ਸਕਾਰਾਤਮਕ ਸੋਚ ਬਣਾਈ ਰੱਖੋ।