ਕੌਮੀ ਪੱਧਰ ਦੇ ਸਾਈਕਲਿੰਗ ਖੇਡ ਮੁਕਾਬਲਿਆਂ ’ਚ ਪੰਜਾਬ ਦੀ ਝੰਡੀ
ਕੌਮੀ ਪੱਧਰ ਦੇ ਸਾਈਕਲਿੰਗ ਖੇਡ ਮੁਕਾਬਲਿਆਂ ’ਚ ਪੰਜਾਬ ਦੀ ਝੰਡੀ
Publish Date: Sun, 18 Jan 2026 04:33 PM (IST)
Updated Date: Sun, 18 Jan 2026 04:37 PM (IST)

- ਪਲਕਪ੍ਰੀਤ ਕੌਰ ਤੇ ਅਰਸ਼ਪ੍ਰੀਤ ਸਿੰਘ ਨੇ ਜਿੱਤੇ ਦੋ-ਦੋ ਮੈਡਲ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਕਰਵਾਈ 69ਵੀਂ ਨੈਸ਼ਨਲ ਸਕੂਲ ਗੇਮਜ਼ 2025-26 ਦੇ ਟਰੈਕ ਸਾਈਕਲਿੰਗ ਦੇ ਵੱਖ-ਵੱਖ ਮੁਕਾਬਲਿਆਂ ਵਿਚ ਪੰਜਾਬ ਦੀ ਝੰਡੀ ਰਹੀ। ਗੁਰੂ ਨਗਰੀ ਨਾਲ ਸਬੰਧਤ ਤੇ ਖਾਲਸਾ ਕਾਲਜ ਪਬਲਿਕ ਸਕੂਲ ਜੀਟੀ ਰੋਡ ਦੀ ਵਿਦਿਆਰਥਣ ਅਤੇ ਕੌਮਾਤਰੀ ਸਾਈਕਲਿੰਗ ਕੋਚ ਰਾਜੇਸ਼ ਕੌਸ਼ਕ ਜੀਐੱਨਡੀਯੂ ਤੇ ਕੋਚ ਭੁਪਿੰਦਰ ਸਿੰਘ ਦੀ ਲਾਡਲੀ ਸ਼ਾਗਿਰਦ ਪਲਕਪ੍ਰੀਤ ਕੌਰ ਪੁੱਤਰੀ ਬਲਜਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਉਂਦੇ ਹੋਏ ਦੋ ਮੈਡਲ ਹਾਸਲ ਕੀਤੇ ਹਨ, ਜਿਸ ਵਿਚ ਇਕ ਗੋਲਡ ਤੇ ਇੱਕ ਸਿਲਵਰ ਮੈਡਲ ਸ਼ਾਮਲ ਹੈ। ਜਦੋਂਕਿ ਇਸੇ ਹੀ ਸਕੂਲ ਦੇ ਵਿਿਦਆਰਥੀ ਅਰਸ਼ਪ੍ਰੀਤ ਸਿੰਘ ਨੇ ਵੀ ਦੋ ਮੈਡਲ ਹਾਸਲ ਕੀਤੇ ਹਨ ਜਿਸ ਵਿੱਚ ਇਕ ਸਿਲਵਰ ਤੇ ਇਕ ਬਰਾਊਜ਼ ਮੈਡਲ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਪਲਪ੍ਰੀਤ ਕੌਰ ਨੇ ਟੀਮ ਸਪ੍ਰਿੰਟ ਦੇ ਵਿਚ ਗੋਲਡ ਮੈਡਲ, ਜਦੋਂ ਕਿ ਦੋ ਕਿਲੋਮੀਟਰ ਪ੍ਰਸ਼ੂਟ ਵਿੱਚ ਸਿਲਵਰ ਮੈਡਲ, ਅਰਸ਼ਪ੍ਰੀਤ ਸਿੰਘ ਨੇ ਟੀਮ ਸਪ੍ਰਿੰਟ ਵਿਚ ਸਿਲਵਰ ਤੇ ਟੀਮ ਟਰਾਇਲ ਦੇ ਵਿਚ ਬਰਾਊਜ਼ ਮੈਡਲ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਕੌਮੀ ਪੱਧਰ ਦੀ ਉਪਰੋਕਤ ਖੇਡ ਪ੍ਰਤੀਯੋਗਤਾ ਦੌਰਾਨ ਦੋਵਾਂ ਖਿਡਾਰੀਆਂ ਨੇ ਦੇਸ਼ ਭਰ ਦੇ ਚੋਟੀ ਦੇ ਸਾਈਕਲਿੰਗ ਖਿਡਾਰੀਆਂ ਨੂੰ ਸਿਲਸਿਲੇਵਾਰ ਮੈਚਾਂ ਦੇ ਵਿਚ ਹਰਾਉਂਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਈ ਤੇ ਫਿਰ ਇਹ ਮੁਕਾਮ ਹਾਸਲ ਕੀਤਾ। ਇਸ ਤੋਂ ਪਹਿਲਾਂ ਵੀ ਇਹ ਖਿਡਾਰੀ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਦੇ ਸਾਈਕਲਿੰਗ ਖੇਡ ਮੁਕਾਬਲਿਆਂ ਦੌਰਾਨ ਸ਼ਾਨਦਾਰ ਤੇ ਬੇਹਤਰ ਖੇਡ ਪ੍ਰਦਰਸ਼ਨ ਦੇ ਬਲਬੂਤੇ ਮਿਸਾਲੀ ਪ੍ਰਾਪਤੀਆਂ ਕਰ ਚੁੱਕੇ ਹਨ। ਪ੍ਰਬੰਧਕਾਂ ਵੱਲੋਂ ਦੋਵਾਂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਆਯੋਜਿਤ 69ਵੇਂ ਨੈਸ਼ਨਲ ਸਕੂਲ ਗੇਮਜ਼ 2025-26 ਦੇ ਟਰੈਕ ਸਾਈਕਲਿੰਗ ਮੁਕਾਬਲਿਆਂ ਦੌਰਾਨ ਪੰਜਾਬ ਦੇ ਦੋਵਾਂ ਵਰਗਾਂ ਦੇ ਖਿਡਾਰੀਆਂ ਦੇ ਮਿਸਾਲੀ ਪ੍ਰਦਰਸ਼ਨ ਨੂੰ ਲੈ ਕੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸਕੱਤਰ ਕੌਮਾਂਤਰੀ ਸਾਈਕਲਿਸਟ ਸੀਆਈਟੀ ਰੇਲਵੇ (ਰਿਟਾ.) ਬਾਬਾ ਸਿੰਘ ਭੋਮਾ ਸੰਧੂ ਨੇ ਖੁਸ਼ੀ ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਵਾਪਸ ਪਰਤਣ ਤੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਤੇ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਦੇ ਕੋਲੋਂ ਸਾਈਕਲਿੰਗ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਨਦਾਰ ਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਇਹ ਹੱਕ ਅਤੇ ਅਧਿਕਾਰ ਵੀ ਹੈ।