50ਵੀਂ ਕਨਵੋਕੇਸ਼ਨ ਨੂੰ ਲੈ ਕੇ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ
50ਵੀਂ ਕਨਵੋਕੇਸ਼ਨ ਨੂੰ ਲੈ ਕੇ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ
Publish Date: Tue, 13 Jan 2026 06:29 PM (IST)
Updated Date: Wed, 14 Jan 2026 04:07 AM (IST)

* ਭਲਕੇ ਰਾਸ਼ਟਰਪਤੀ ਮੁਰਮੂ ਵੰਡਣਗੇ ਡਿਗਰੀਆਂ ਤੇ ਫੁਹਾਰੇ ਦਾ ਕਰਨਗੇ ਉਦਘਾਟਨ ਫੋਟੋ-9 ਕੈਪਸ਼ਨ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੇ ਨਜਦੀਕ ਚੌਰਾਹੇ ਦੇ ਵਿੱਚ ਉਸਾਰੇ ਗਏ ਆਧੁਨਿਕ ਤਕਨੀਕ ਭਰਪੂਰ ਫੁਹਾਰੇ ਨੂੰ ਅਤਿਮ ਛੋਹਾਂ ਦਿੰਦੇ ਕਾਰੀਗਰ ਤੇ ਹੋਰ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : 15 ਜਨਵਰੀ ਨੂੰ ਹੋਣ ਜਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 50ਵੀਂ ਕਨਵੋਕੇਸ਼ਨ ਦੇ ਦੌਰਾਨ ਮੁੱਖ ਮਹਿਮਾਨ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ ਮੋਹਰੀ ਰਹੇ ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਣਗੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਦਿੱਖ ਨੂੰ ਆਕਰਸ਼ਕ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇ ਖੂਬਸੂਰਤੀ ਨੂੰ ਚਾਰ ਚੰਨ ਲਗਾਉਣ ਵਾਲੇ ਹਾਲ ਹੀ ਵਿਚ ਕਰੋੜਾ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਧੁਨਿਕ ਤਕਨੀਕ ਭਰਪੂਰ ਤੇ ਅਧਿਆਤਮਿਕਤਾ ਦਾ ਸੁਨੇਹਾ ਦੇਣ ਵਾਲੇ ਫੁਹਾਰਾ ਚੌਕ ਦਾ ਉਦਘਾਟਨ ਵੀ ਕਰਨਗੇ। ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਆਮਦ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਵੱਲੋਂ ਤਿਆਰੀਆਂ ਦਾ ਆਲਮ ਜ਼ੋਰਾਂ ’ਤੇ ਹੈ। ਉਨ੍ਹਾਂ ਨੂੰ ਖੁਸ਼ਆਮਦੀਦ ਕਹਿਣ ਦੇ ਲਈ ਜੀਐੱਨਡੀਯੂ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਹੈ। ਫੁਹਾਰੇ ਦੀ ਤਿਆਰੀ ਅਤੇ ਪੂਰਨਤਾ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਜੀਐੱਨਡੀਯੂ ਦੇ ਵੀਸੀ ਪ੍ਰੋ. ਡਾ. ਕਰਮਜੀਤ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਤੇ ਅਧਿਆਪਨ ਤੇ ਗੈਰ ਅਧਿਆਪਨ ਵਰਗ ਦੇ ਵੱਲੋਂ ਪੂਰੀ ਚੁਸਤੀ ਫੁਰਤੀ ਤੇ ਸਰਗਰਮੀ ਦਿਖਾਈ ਜਾ ਰਹੀ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਸ਼ਾਨ ਦੇ ਵਿਚ ਕਿਸੇ ਵੀ ਕਿਸਮ ਦੀ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ ਨੂੰ ਲੈ ਕੇ ਰਿਹਰਸਲਾਂ ਦਾ ਆਲਮ ਵੀ ਜ਼ੋਰਾਂ ’ਤੇ ਹੈ। ਜੀਐੱਨਡੀਯੂ ਕੈਂਪਸ ਦਾ ਦੌਰਾ ਕਰਨ ਤੇ ਹਰੇਕ ਜ਼ਿੰਮੇਵਾਰ ਵਰਗ ਨੂੰ ਆਪੋ ਆਪਣੀ ਜ਼ਿੰਮੇਵਾਰੀ ਦੀਆਂ ਤਿਆਰੀਆਂ ਕਰਦੇ ਦੇਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਜਿੱਥੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦੇ ਵੱਲੋਂ ਆਪਣੀ ਸਰਗਰਮੀ ਵਧਾ ਦਿੱਤੀ ਗਈ ਹੈ, ਉਥੇ ਕਨਵੋਕੇਸ਼ਨ ਵਾਲੇ ਦੀ ਗੋਲਡਨ ਜੁਬਲੀ ਕੰਨਵੈਂਸ਼ਨ ਹਾਲ ਨੂੰ ਸੁਰੱਖਿਆ ਏਜੰਸੀਆਂ ਦੇ ਵੱਲੋਂ ਆਪਣੇ ਸੁਰੱਖਿਆ ਕਲਾਵੇ ਵਿਚ ਲੈ ਲਿਆ ਗਿਆ ਹੈ। ਸਵੇਰੇ-ਸ਼ਾਮ ਵਿਸ਼ੇਸ਼ ਹਥਿਆਰਬੰਦ ਸੁਰੱਖਿਆ ਦਸਤੇ ਹਾਲ ਦੀ ਨਿਗਰਾਨੀ ਕਰ ਰਹੇ ਹਨ। ਜੀਐਨਡੀਯੂ ਦੇ ਸਬੰਧਤ ਵਿਭਾਗਾਂ ਦੇ ਵੱਲੋਂ ਸਫਾਈ, ਲਿਪਾ ਪੋਚੀ ਤੇ ਦਰੱਖਤਾਂ ਦੀ ਕਾਂਟ-ਛਾਂਟ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਬਗੀਚਿਆਂ ਦੇ ਫੁੱਲ ਬੁੂਟਿਆਂ ਦੀ ਸਾਂਭ ਸੰਭਾਲ ਤੇ ਪਾਰਕਾਂ ਦੀ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕਨਵੋਕੇਸ਼ਨ ਨਾਲ ਸਬੰਧਤ ਹਰੇਕ ਸਰਗਰਮੀ ਤੇ ਹਲਚਲ ਦੀ ਸੂਚਨਾ ਪੰਜਾਬ ਤੇ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਦੇਣ ਦੇ ਨਾਲ-ਨਾਲ ਰਾਸ਼ਟਰਪਤੀ ਭਵਨ ਦੇ ਪ੍ਰੋਟੋਕਾਲ ਅਧਿਕਾਰੀ ਤੱਕ ਵੀ ਪੁੱਜਦਾ ਕੀਤੇ ਜਾਣ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ। ਜਿਕਰਯੋਗ ਹੈ ਕਿ ਸਮੁੱਚੀਆਂ ਤਿਆਰੀਆਂ ਦੇ ਨਾਲ-ਨਾਲ ਜੀਐØੱਨਡੀਯੂ ਪ੍ਰਸ਼ਾਸ਼ਨ ਨੂੰ ਰਾਸ਼ਟਰਪਤੀ ਭਵਨ ਦੇ ਪ੍ਰੋਟੋਕਾਲ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਪਵੇਗਾ ਤੇ ਕਿਸੇ ਵੀ ਕਿਸਮ ਦੀ ਛੋਟੀ ਮੋਟੀ ਗਲਤੀ ਦੀ ਗੁੰਜਾਇਸ਼ ਦਾ ਸਵਾਲ ਹੀ ਪੈਦਾ ਹੀ ਨਹੀਂ ਹੁੰਦਾ। ਇਸ ਦੌਰਾਨ ਗਵਰਨਰ ਤੇ ਚਾਂਸਲਰ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਸ਼ੇਸ਼ ਹਾਜ਼ਰੀ ਦੇ ਨਾਲ-ਨਾਲ ਕਈ ਹੋਰ ਅਹਿਮ ਤੇ ਕੱਦਵਾਰ ਰਾਜਨੀਤਿਕ ਤੇ ਗੈਰ ਰਾਜਨੀਤਕ ਹਸਤੀਆਂ ਵੀ ਇਸ ਸਮਾਰੋਹ ਦੀਆਂ ਗਵਾਹ ਬਣਗੀਆਂ। ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾਂ ਤੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਵੱਲੋਂ ਵੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ।