ਸਾਰੇ ਧਰਮਾਂ ਦੇ ਦਿਨ-ਦਿਹਾੜੇ ਤੇ ਤਿਉਹਾਰ ਮਨਾਉਣੇ ਚਾਹੀਦੇ ਹਨ : ਸੰਧੂ
ਜੀਐੱਨਡੀਯੂ ਦੇ ਸੁਰੱਖਿਆ ਵਿਭਾਗ ਨੇ ਮਨਾਈ ਲੋਹੜੀ
Publish Date: Tue, 13 Jan 2026 05:50 PM (IST)
Updated Date: Wed, 14 Jan 2026 04:06 AM (IST)

* ਜੀਐੱਨਡੀਯੂ ਦੇ ਸੁਰੱਖਿਆ ਵਿਭਾਗ ਨੇ ਮਨਾਈ ਲੋਹੜੀ ਫੋਟੋ-21 ਕੈਪਸ਼ਨ : ਜੀਐੱਨਡੀਯੂ ਦੇ ਸੁਰੱਖਿਆ ਵਿਭਾਗ ਦੇ ਵੱਲੋਂ ਮਨਾਈ ਗਈ ਲੋਹੜੀ ਦੌਰਾਨ ਮੁੱਖ ਸੁਰੱਖਿਆ ਅਫਸਰ ਤੇ ਪੰਜਾਬ ਪੁਲਿਸ ਦੇ ਸੇਵਾ ਮੁੱਕਤ ਪੀਪੀਐਸ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਤੇ ਹੋਰ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬੀ ਸੱਭਿਆਚਾਰ ਤੇ ਆਪਸੀ ਭਾਈਚਾਰਕ ਸਾਂਝ ਦੇ ਨਾਲ-ਨਾਲ ਖੁਸ਼ੀਆਂ ਖੇੜਿਆਂ ਦਾ ਪ੍ਰਤੀਕ ਲੋਹੜੀ ਤੇ ਮਾਘੀ ਦਾ ਤਿਉਹਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵੀ ਬੜੇ ਚਾਅ ਤੇ ਰੀਝ ਨਾਲ ਮਨਾਇਆ ਗਿਆ। ਇਸ ਦੌਰਾਨ ਸੁਰੱਖਿਆ ਵਿਭਾਗ ਦੇ ਵੱਲੋਂ ਮੁੱਖ ਸੁਰੱਖਿਆ ਅਫਸਰ ਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਪੀਪੀਐਸ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਦੀ ਦੇਖ ਰੇਖ ਹੇਠ ਪ੍ਰਭਾਵਸ਼ਾਲੀ ਲੋਹੜੀ ਤੇ ਮਾਘੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਸੁਰੱਖਿਆ ਤੇ ਗੈਰ ਸੁਰੱਖਿਆ ਵਿਭਾਗੀ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿਚ ਉਤਸ਼ਾਹਪੂਰਵਕ ਹਿੱਸਾ ਲਿਆ। ਇਸ ਮੌਕੇ ਭੁੱਗਾ ਬਾਲਣ ਦੀ ਰਸਮ ਅਦਾ ਕਰਨ ਤੋਂ ਬਾਅਦ ਪਾਕ ਪਵਿੱਤਰ ਅਗਨੀ ਵਿਚ ਸੱਭ ਵੱਲੋਂ ਮੂੰਗਫਲੀ, ਰਿਊੜੀਆਂ, ਚਿਰਵੜੇ, ਫੁੱਲੇ ਤੇ ਗੱਚਕ ਆਦਿ ਭੇਟ ਕਰਦੇ ਹੋਏ ਮੱਥੇ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਆਪਣੇ ਸੰਬੋਧਨ ’ਚ ਮੁੱਖ ਸੁਰੱਖਿਆ ਅਫਸਰ ਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਪੀਪੀਐਸ ਅਧਿਕਾਰੀ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਿੱਥੇ ਵਿਭਾਗ ਦੀ ਜੀਐੱਨਡੀਯੂ ਦੇ ਨਾਲ ਜੁੜੇ ਹਰੇਕ ਵਰਗ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਫਰਜ਼ ਹੈ, ਉੱਥੇ ਪੰਜਾਬੀ ਵਿਰਾਸਤੀ ਰਹੁਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਦੇ ਵਿਚ ਅਹਿਮ ਸਥਾਨ ਰੱਖਣ ਵਾਲੇ ਦਿਨ ਦਿਹਾੜਿਆਂ ਨੂੰ ਮਨਾ ਕੇ ਖੁਸ਼ੀ ਦਾ ਇਜ਼ਹਾਰ ਕਰਨਾ ਅਤੇ ਇੱਕ ਦੂਸਰੇ ਨੂੰ ਵਧਾਈਆਂ ਦੇਣ ਦੇ ਨਾਲ-ਨਾਲ ਸ਼ੁਭ ਇਛਾਵਾਂ ਦੇਣਾ ਵੀ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਕਰਨ ਨਾਲ ਗਿੱਲੇ ਸ਼ਿਕਵੇ ਦੂਰ ਹੁੰਦੇ ਹਨ ਤੇ ਆਪਸੀ ਪ੍ਰੇਮ ਪਿਆਰ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਰਮ ਵਰਗ ਤੇ ਧੜੇਬੰਦੀ ਤੋਂ ਪਰੇ ਰਹਿੰਦਿਆਂ ਹਰੇਕ ਧਰਮ ਦਾ ਤੇ ਉਸ ਦੇ ਨਾਲ ਸਬੰਧਤ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਚਾਈਨਾ ਡੋਰ ਤੋਂ ਦੂਰੀ ਬਣਾ ਕੇ ਸੁਰੱਖਿਤ ਵਿਚਰਨ ਤੇ ਵੱਡੇ ਪੱਧਰ ’ਤੇ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਤੇ ਸਮੁੱਚੀ ਮਨੁੱਖਤਾ ਦੇ ਰਹਿਬਰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਵੀ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ। ਇਸ ਮੌਕੇ ਲੋਹੜੀ ਨਾਲ ਸਬੰਧਤ ਰਵਾਇਤੀ ਗੀਤ ਗੁਣਗੁਣਾਉਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਤੇ ਅਨਿੱਖੜਵੇਂ ਅੰਗ ਗਿੱਧੇ ਭੰਗੜੇ ਰਾਹੀਂ ਵੀ ਸਮੁੱਚੇ ਕਰਮਚਾਰੀਆਂ ਤੇ ਅਧਿਕਾਰੀਆਂ ਖੂਬ ਰੰਗ ਬੰਨ੍ਹਿਆ। ਅੰਤ ’ਚ ਮੂੰਗਫਲੀ, ਰਿਊੜੀਆਂ, ਚਿਰਵੜੇ, ਫੁੱਲੇ ਤੇ ਗੱਚਕ ਆਦਿ ਦਾ ਪ੍ਰਸ਼ਾਦ ਵੀ ਤਕਸੀਮ ਕੀਤਾ ਗਿਆ। ਇਸ ਮੌਕੇ ਰਾਮ ਲੁਭਾਇਆ, ਸਾਹਿਬ ਸਿੰਘ, ਜਸਬੀਰ ਸਿੰਘ(ਤਿੰਨੇ ਸੀਨੀਅਰ ਸੁਪਰਵਾਈਜ਼ਰ), ਜੋਗਿੰਦਰ ਸਿੰਘ ਨਾਇਬ ਸਿੰਘ (ਦੋਵੇਂ ਸਹਾਇਕ ਸੁਪਰਵਾਈਜ਼ਰ), ਪ੍ਰਧਾਨ ਰੇਸ਼ਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਮਹਿਲਾ ਪੁਰਸ਼ ਸੁਰੱਖਿਆ ਗਾਰਡ ਹਾਜ਼ਰ ਸਨ।