ਤਾਪਮਾਨ ਇਕ ਡਿਗਰੀ ਤੱਕ ਡਿੱਗਾ, ਯੈਲੋ ਅਲਰਟ ਜਾਰੀ
ਤਾਪਮਾਨ ਇਕ ਡਿਗਰੀ ਤੱਕ ਡਿੱਗਿਆ, ਯੈਲੋ ਅਲਰਟ ਜਾਰੀ
Publish Date: Tue, 13 Jan 2026 05:45 PM (IST)
Updated Date: Wed, 14 Jan 2026 04:06 AM (IST)

* ਸਰਦੀਆਂ ਦਾ ਯੈਲੋ ਅਲਰਟ ਜਾਰੀ, ਸੰਘਣੀ ਧੁੰਦ ਪਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਠੰਢ ਹੁਣ ਆਪਣਾ ਕਹਿਰ ਢਾਹ ਰਹੀ ਹੈ। ਮੰਗਲਵਾਰ ਨੂੰ ਜ਼ਿਲ੍ਹੇ ’ਚ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਘਣੀ ਧੁੰਦ ਕਾਰਨ ਪਈ ਤੇਜ਼ ਠੰਢ ਨੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸਵੇਰੇ ਤੇ ਦੇਰ ਰਾਤ ਨੂੰ ਧੁੰਦ ’ਚ ਦਿਖਾਈ ਦੇਣ ਵਾਲੀ ਦ੍ਰਿਸ਼ਟੀ ਲਗਪਗ ਜ਼ੀਰੋ ਰਹੀ। ਕਈ ਇਲਾਕਿਆਂ ’ਚ ਸਾਹਮਣੇ ਖੜ੍ਹੇ ਵਾਹਨ ਵੀ ਨਜ਼ਰ ਨਹੀਂ ਆ ਰਹੇ ਸਨ। ਚਾਲਕਾਂ ਨੂੰ ਖਾਸ ਕਰਕੇ ਰਾਸ਼ਟਰੀ ਰਾਜਮਾਰਗਾਂ, ਖੁੱਲ੍ਹੇ ਖੇਤਰਾਂ ਤੇ ਸ਼ਹਿਰ ਤੋਂ ਬਾਹਰ ਜਾਣ ਵਾਲੀਆਂ ਸੜਕਾਂ ਤੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਅੰਮ੍ਰਿਤਸਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 16 ਜਨਵਰੀ ਤੱਕ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ। ਵਿਭਾਗ ਦੇ ਅਨੁਸਾਰ ਸ਼ੀਤ ਲਹਿਰ ਜਾਰੀ ਹੈ ਅਤੇ ਤਾਪਮਾਨ ਵਿਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਠੰਢੀਆਂ ਹਵਾਵਾਂ ਅਤੇ ਉੱਚ ਨਮੀ ਕਾਰਨ ਠੰਢ ਵਧੀ ਹੈ। ਸਵੇਰੇ ਉੱਚ ਨਮੀ ਦਾ ਪੱਧਰ ਠੰਢ ਨੂੰ ਹੋਰ ਵੀ ਅਸਹਿ ਬਣਾ ਰਿਹਾ ਹੈ। ਲੋਹੜੀ ਦੇ ਤਿਉਹਾਰ ਤੇ ਵੀ ਠੰਢ ਦੇ ਪ੍ਰਭਾਵ ਸਪੱਸ਼ਟ ਸਨ। ਠੰਢ ਅਤੇ ਧੁੰਦ ਨੇ ਲੋਕਾਂ ਦੇ ਉਤਸ਼ਾਹ ਨੂੰ ਕੁਝ ਹੱਦ ਤੱਕ ਘਟਾ ਦਿੱਤਾ। ਮੌਸਮ ਵਿਭਾਗ ਨੇ ਚਾਲਕਾਂ ਨੂੰ ਫੋਗ ਲਾਈਟਾਂ ਦੀ ਵਰਤੋਂ ਕਰਨ, ਹੌਲੀ ਗੱਡੀ ਚਲਾਉਣ ਅਤੇ ਬਿਨ੍ਹਾ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਖਾਸ ਕਰਕੇ ਸਵੇਰ ਅਤੇ ਰਾਤ ਦੇ ਸਮੇਂ ਦੌਰਾਨ ਵਾਧੂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਫੋਟੋ-11)----ਬੱਚਿਆਂ ਦਾ ਖ਼ਾਸ ਖਿਆਲ ਰੱਖਣ ਦੀ ਲੋੜ : ਡਾ. ਅਮਨਦੀਪ ਸਿੰਘ ਬੱਚਿਆਂ ਦੇ ਮਾਹਰ ਡਾਕਟਰ ਅਮਨਦੀਪ ਸਿੰਘ ਨੇ ਕਿਹਾ ਕਿ ਤੇਜ ਸਰਦੀ ਦੇ ਇਸ ਮੌਸਮ ਵਿਚ ਬੱਚਿਆਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਕਿਉਂਕਿ ਬੱਚਿਆਂ ਵਿਚ ਅਲਰਜੀ ਵੱਡਿਆ ਨਾਲੋਂ ਜਿਆਦਾ ਹੁੰਦੀ ਹੈ ਅਤੇ ਅਗਰ ਕਿਸੇ ਦੇ ਬੱਚੇ ਵਿਚ ਅਲਰਜੀ ਦੇ ਲੱਛਣ ਦਿਖਾਈ ਦੇਣ ਤਾਂ ਉਹ ਤਰੁੰਤ ਮਾਹਿਰ ਡਾਕਟਰ ਪਾਸੋਂ ਬੱਚਿਆਂ ਦਾ ਚੈਕਅੱਪ ਕਰਵਾਉਣ ਤਾਂ ਕਿ ਬੀਮਾਰੀ ਗੰਭੀਰ ਨਾ ਬਣੇ। ਬੱਚਿਆਂ ਨੂੰ ਗਰਮ ਕੱਪੜੇ ਪਹਿਨਾਓ। ਠੰਢ ਵਿਚ ਬਿਨ੍ਹਾ ਵਜਾ ਬਾਹਰ ਨਾ ਜਾਓ। ਉਨ੍ਹਾਂ ਕਿਹਾ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿਚ ਖੁਜਲੀ ਹੋਣਾ, ਅੱਖਾਂ ਦੇ ਥੱਲੇ ਕਾਲੇ ਘੇਰੇ, ਨੱਕ ਨੂੰ ਵਾਰ-ਵਾਰ ਰਗੜਣਾ, ਨੱਕ ਵਿਚ ਖਾਰਿਸ਼, ਬੱਚਿਆਂ ਵਿਚ ਚਮੜੀ ਲਾਲ ਹੋਣਾ, ਵਾਰ-ਵਾਰ ਸਰਦੀ ਅਤੇ ਖਾਂਸੀ ਹੋਣਾ ਆਦਿ ਅਲਰਜੀ ਦੇ ਲੱਛਣ ਹੋ ਸਕਦੇ ਹਨ, ਕਿਉਂਕਿ ਬੱਚਿਆਂ ਵਿਚ ਵੱਡਿਆ ਦੇ ਮੁਕਾਬਲੇ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਜਿਸ ਕਾਰਨ ਐਲਰਜੀ ਬੱਚਿਆਂ ਨੂੰ ਜਲਦੀ ਹੁੰਦੀ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਬੱਚਾ ਉਕਤ ਅਲਰਜੀ ਦੇ ਲੱਛਣਾਂ ਤੋਂ ਪੀੜਤ ਹੈ, ਤਾਂ ਤੁਰੰਤ ਉਸ ਦਾ ਚੈੱਕਅੱਪ ਕਰਵਾਇਆ ਜਾਵੇ।