ਦਿਹਾਤੀ ਖੇਤਰ ’ਚ ਵਿਰਾਸਤੀ ਤਰੀਕੇ ਨਾਲ ਮਨਾਈ ਲੋਹੜੀ ਤੇ ਮਾਘੀ
ਦਿਹਾਤੀ ਖੇਤਰ ’ਚ ਵਿਰਾਸਤੀ ਤਰੀਕੇ ਨਾਲ ਮਨਾਈ ਗਈ ਲੋਹੜੀ ਅਤੇ ਮਾਘੀ
Publish Date: Tue, 13 Jan 2026 05:08 PM (IST)
Updated Date: Wed, 14 Jan 2026 04:03 AM (IST)

* ਲੋਹੜੀ ਤੇ ਮਾਘੀ ਨੂੰ ਪ੍ਰਾਚੀਨ ਤੇ ਪੁਰਾਤਨ ਢੰਗਾਂ ਨਾਲ ਹੀ ਮਨਾਇਆ ਜਾਣਾ ਚਾਹੀਦਾ : ਪਵਨ, ਮਨਜਿੰਦਰ ਫੋਟੋ-13 ਕੈਪਸ਼ਨ: ਦਿਹਾਤੀ ਖੇਤਰ ਦੇ ਪਿੰਡ ਮੁਰਾਦਪੁਰਾ ਵਿਖੇ ਪਤੰਗਾ ਉਡਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਛੋਟੇ ਵੱਡੇ ਬੱਚੇ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਅਤੇ ਤਿਉਹਾਰ ਲੋਹੜੀ ਅਤੇ ਮਾਘੀ ਨੂੰ ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਗਿਆ। ਜਿਕਰਯੋਗ ਹੈ ਕਿ ਹੱਢ ਚੀਰਵੀ ਸਰਦੀ, ਸੰਘਣੀ ਧੁੰਦ ਅਤੇ ਕੋਹਰੇ ਦੇ ਬਾਵਜੂਦ ਵੀ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਵਿਚ ਉਤਸ਼ਾਹਪੂਰਵਕ ਇਸ ਤਿਉਹਾਰ ਨੂੰ ਮਨਾਇਆ ਗਿਆ। ਸ਼ਹਿਰੀ ਖੇਤਰ ਦੇ ਵਿਚ ਜਿੱਥੇ ਇਸ ਤਿਉਹਾਰ ਦਾ ਵੱਡਾ ਹਿੱਸਾ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਵੇਖਿਆ ਗਿਆ, ਉਥੇ ਦਿਹਾਤੀ ਖੇਤਰ ਵਿਚ ਇਹ ਤਿਉਹਾਰ ਆਪਣੀਆਂ ਪੁਰਾਤਨ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਦੇ ਅਨੁਕੂਲ ਹੀ ਮਨਾਇਆ ਗਿਆ। ਮਨੋਰੰਜਨ ਨੂੰ ਲੈ ਕੇ ਨੌਜਵਾਨ ਲੜਕੇ ਲੜਕੀਆਂ ਰਵਾਇਤੀ ਦੌਰਾਂ ਦੇ ਨਾਲ ਰੰਗ ਬਿਰੰਗੀਆਂ ਛੋਟੀਆਂ ਵੱਡੀਆਂ ਪਤੰਗਾ ਉਡਾਉਂਦੇ ਵੇਖੇ ਗਏ। ਨਵੇਂ ਵਿਆਹ ਵਾਲੇ ਤੇ ਨਵਾਂ ਜਨਮ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਭੁੱਗਾ ਬਾਲਣ ਦੀ ਰਸਮ ਵੀ ਪੁਰਾਤਨ ਤਰੀਕਿਆਂ ਦੇ ਨਾਲ ਹੀ ਸੰਪੂਰਨ ਕੀਤੀ ਗਈ। ਮਹਿਲਾਵਾਂ ਦੇ ਵੱਲੋਂ ਗੰਨੇ ਦੇ ਰਸ ਦੀ ਖੀਰ ਅਤੇ ਸਰੋਂ ਦਾ ਸਾਗ ਤੇ ਮਕੱਈ ਦੀਆਂ ਰੋਟੀਆਂ ਵੀ ਤਿਆਰ ਕੀਤੀਆਂ ਗਈਆਂ। ਇਸ ਸਬੰਧੀ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਪਿੰਡ ਮੁਰਾਦਪੁਰਾ ਦੀ ਮਹਿਲਾ ਪਵਨਦੀਪ ਕੌਰ ਗਿੱਲ ਪਤਨੀ ਗੁਰਬੀਰ ਸਿੰਘ ਗਿੱਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਤਿਉੁਹਾਰ ਦੇ ਮਹੱਤਵ ਇਤਿਹਾਸਕ ਤੇ ਧਾਰਮਿਕ ਹਨ ਤੇ ਇਸ ਲਈ ਇੰਨ੍ਹਾਂ ਨੂੰ ਪੁਰਾਤਨ ਰਵਾਇਤੀ ਤੇ ਵਿਰਾਸਤੀ ਢੰਗਾਂ ਨਾਲ ਮਨਾਇਆ ਜਾਣਾ ਹੀ ਸ਼ੋਭਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਪਤੰਗਬਾਜੀ ਤੇ ਕਈ ਹੋਰ ਬੇਲੋੜੀਆਂ ਰਸਮਾਂ ਦਾ ਇਸ ਤਿਉਹਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਦੋਂ ਕਿ ਪੱਛਮੀ ਦੁਸ਼ਪ੍ਰਭਾਵਾਂ ਦੇ ਲਈ ਤਾਂ ਬਿਲਕੁੱਲ ਹੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਰਵਾਇਤੀ ਪੰਜਾਬੀ ਪਹਿਰਾਵੇ ਪਾ ਕੇ ਤੇ ਵਿਰਾਸਤੀ ਜਲ ਪਾਣ ਤਿਆਰ ਕਰਕੇ, ਭੁੱਗਾ ਬਾਲ ਕੇ ਤੇ ਲੋਹੜੀ ਨਾਲ ਸਬੰਧਤ ਪੁਰਾਤਨ ਗੀਤ ਗਾ ਕੇ ਹੀ ਮਨਾਉਣ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਦਿਹਾਤੀ ਖੇਤਰ ਦੇ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਂਵਾਲਾ ਦੀ ਇੰਚਾਰਜ ਮਨਜਿੰਦਰ ਕੌਰ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਬੜਾ ਹੀ ਪਾਕ ਤੇ ਪਵਿੱਤਰ ਤਿਉਹਾਰ ਹੈ। ਪਰ ਬੀਤੇ ਕਈ ਵਰ੍ਹਿਆਂ ਤੋਂ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਨਪੀੜੀ ਨੌਜਵਾਨ ਪੀੜ੍ਹੀ ਦੇ ਵੱਲੋਂ ਇਸ ਦੀਆਂ ਧਾਰਮਿਕ ਤੇ ਇਤਿਹਾਸਕ ਪਰੰਪਰਾਵਾਂ ਦੀਆਂ ਮੁਹਾਰਾਂ ਨੂੰ ਮੋੜਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਪਰ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੀਆਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਸਦਕਾ ਉਹ ਕਾਮਯਾਬ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਲੋਹੜੀ ਨੂੰ ਵਿਰਾਸਤੀ ਢੰਗਾਂ ਦੇ ਨਾਲ ਮਨਾਏ ਜਾਣ ਤੇ ਇਸ ਦੀਆਂ ਵਿਰਾਸਤੀ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਸੁਰਜੀਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਸ ਦੇ ਨਾਲ-ਨਾਲ ਆਵਾਜ਼ ਪ੍ਰਦੂਸ਼ਣ ਤੋਂ ਵੀ ਦੂਰੀ ਬਣਾ ਕੇ ਰੱਖਣੀ ਚਾੀਦੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਸਕੂਲ ਦੇ ਵਿਿਦਆਰਥੀਆਂ ਨੂੰ ਵੀ ਇਹੀ ਸਬਕ ਤੇ ਸਿੱਖਿਆ ਦਿੰਦੇ ਹਨ। ਉਨ੍ਹਾਂ ਨੇ ਵੀ ਦਿਹਾਤੀ ਖੇਤਰ ਦੇ ਵਿਚ ਅਸਲ ਤਰੀਕੇ ਨਾਲ ਲੋਹੜੀ ਅਤੇ ਮਾਘੀ ਦਾ ਤਿਉਹਾਰ ਮਨਾਏ ਜਾਣ ਦੀ ਗਵਾਹੀ ਭਰੀ। ਦਿਹਾਤੀ ਖੇਤਰ ਦੇ ਵਿਚ ਲੋਹੜੀ ਅਤੇ ਮਾਘੀ ਦਾ ਤਿਉਹਾਰ ਮਨਾਏ ਜਾਣ ਦੇ ਨਾਲ-ਨਾਲ ਦਿਹਾਤੀ ਬਸ਼ਿੰਦਿਆਂ ਨੂੰ ਗੁਰੂ ਘਰਾਂ ’ਚ ਨਿਮਾਣੇ ਸ਼ਰਧਾਲੂਆਂ ਵਜੋਂ ਨਤਮਸਤਕ ਹੁੰਦੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਵੀ ਵੇਖਿਆ ਗਿਆ।