ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਲੋਹੜੀ ਮਨਾਈ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਲੋਹੜੀ ਮਨਾਈ
Publish Date: Tue, 13 Jan 2026 04:40 PM (IST)
Updated Date: Wed, 14 Jan 2026 04:01 AM (IST)

ਫੋਟੋ-1-2 ਕੈਪਸ਼ਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਾਨਾਂਵਾਲਾ ਸਥਿਤ ਆਸ਼ਰਮ ਵਿਚ ਲੋਹੜੀ ਤਿਉਹਾਰ ਮੌਕੇ ਸਾਧਵੀ ਵੀਰੇਸ਼ਾ ਭਾਰਤੀ ਅਤੇ ਹੋਰ। ਪ੍ਰੋਗਰਾਮ ਦੌਰਾਨ ਪੇਸ਼ਕਾਰੀ ਦਿੰਦੇ ਬੱਚੇ। * ਸਮਾਜ ਨੂੰ ਭਰੂਣ ਹੱਤਿਆ ਵਰਗੀ ਗੰਭੀਰ ਸਮੱਸਿਆ ਪ੍ਰਤੀ ਜਾਗਰੂਕ ਕੀਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਾਨਾਂਵਾਲਾ ਸਥਿਤ ਆਸ਼ਰਮ ਵਿਚ ਲੋਹੜੀ ਦਾ ਪਾਵਨ ਤਿਉਹਾਰ ਬੜੇ ਹੀ ਉਤਸ਼ਾਹ, ਸ਼ਰਧਾ ਤੇ ਆਤਮਿਕ ਉਲਾਸ ਨਾਲ ਮਨਾਇਆ ਗਿਆ। ਇਸ ਮੌਕੇ ਸਾਧਵੀ ਵੀਰੇਸ਼ਾ ਭਾਰਤੀ ਨੇ ਸੰਬੋਧਨ ਕਰਦਿਆਂ ਸਮਾਜ ਨੂੰ ਭਰੂਣ ਹੱਤਿਆ ਵਰਗੀ ਗੰਭੀਰ ਸਮੱਸਿਆ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਉਹ ਪਵਿੱਤਰ ਧਰਤੀ ਹੈ ਜਿੱਥੇ ਯੁੱਗਾਂ ਤੋਂ ਨਾਰੀ ਸ਼ਕਤੀ ਦੀ ਪੂਜਾ ਕੀਤੀ ਜਾਂਦੀ ਰਹੀ ਹੈ। ਇੱਥੇ ਧੀ ਨੂੰ ਲਕਸ਼ਮੀ, ਸਰਸਵਤੀ ਤੇ ਦੁਰਗਾ ਦਾ ਰੂਪ ਮੰਨਿਆ ਗਿਆ ਹੈ। ਪਰ ਅੱਜ ਦੁੱਖ ਦੀ ਗੱਲ ਹੈ ਕਿ ਇਹ ਮਹਾਨ ਪਰੰਪਰਾ ਖਤਰੇ ’ਚ ਪੈ ਗਈ ਹੈ। ਘਰਾਂ ਦੇ ਵਿਹੜਿਆਂ ਦੀ ਰੌਣਕ ਬਣਨ ਵਾਲੀਆਂ ਧੀਆਂ ਅੱਜ ਜਨਮ ਤੋਂ ਪਹਿਲਾਂ ਹੀ ਮਿਟਾਈਆਂ ਜਾ ਰਹੀਆਂ ਹਨ। ਸਾਧਵੀ ਨੇ ਕਿਹਾ ਕਿ ਨਾਰੀ ਤੋਂ ਬਿਨਾਂ ਇਹ ਸੰਸਾਰ ਅਧੂਰਾ ਹੈ। ਨਾਰੀ ਦੇਸ਼ ਦੀ ਅੱਧੀ ਆਬਾਦੀ ਹੈ ਅਤੇ ਜੇਕਰ ਨਾਰੀ ਨਹੀਂ ਰਹੇਗੀ ਤਾਂ ਸਮਾਜ ਅਤੇ ਦੇਸ਼ ਦੀ ਹੋਂਦ ਵੀ ਸੰਕਟ ਵਿਚ ਪੈ ਜਾਵੇਗੀ। ਇਸ ਲਈ ਬੇਟੀਆਂ ਨੂੰ ਕਦੇ ਵੀ ਬੋਝ ਨਾ ਸਮਝਿਆ ਜਾਵੇ, ਸਗੋਂ ਉਨ੍ਹਾਂ ਨੂੰ ਸਨਮਾਨ, ਸੁਰੱਖਿਆ ਅਤੇ ਸਮਾਨ ਅਧਿਕਾਰ ਦਿੱਤੇ ਜਾਣ। ਬੇਟੀ ਸਿਰਫ ਪਰਿਵਾਰ ਦੀ ਨਹੀਂ, ਸਗੋਂ ਸਮੂਹ ਸਮਾਜ ਦੀ ਸ਼ਾਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਕੇਵਲ ਲੋਕਧਾਰਾ ਜਾਂ ਭੌਤਿਕ ਖੁਸ਼ੀਆਂ ਤੱਕ ਸੀਮਤ ਨਹੀਂ, ਬਲਕਿ ਇਹ ਡੂੰਘੇ ਆਧਿਆਤਮਿਕ ਸੰਦੇਸ਼ ਵੀ ਦਿੰਦਾ ਹੈ। ਲੋਹੜੀ ਦੀ ਅੱਗ ਵਿਚ ਪਾਏ ਜਾਣ ਵਾਲੇ ਤਿਲ ਸਾਨੂੰ ਇਹ ਸਿਖਾਉਂਦੇ ਹਨ ਕਿ ਜਦੋਂ ਜੀਵਨ ਵਿਚ ਸੱਚੇ ਗੁਰੂ ਦਾ ਆਗਮਨ ਹੁੰਦਾ ਹੈ, ਤਾਂ ਉਹ ਬ੍ਰਹਮਗਿਆਨ ਦੀ ਦਾਤ ਬਖ਼ਸ਼ਦਾ ਹੈ। ਇਸ ਗਿਆਨ ਦੀ ਅੱਗ ਵਿਚ ਮਨੁੱਖ ਆਪਣੇ ਅਵਗੁਣਾਂ, ਵਿਕਾਰਾਂ ਅਤੇ ਬੁਰੇ ਕਰਮਾਂ ਨੂੰ ਭਸਮ ਕਰ ਸਕਦਾ ਹੈ। ਸਾਧਵੀ ਨੇ ਸਮਝਾਇਆ ਕਿ ਲੋਹੜੀ ਪ੍ਰੇਮ ਦਾ ਪ੍ਰਤੀਕ ਹੈ, ਪਰ ਸੱਚਾ ਪ੍ਰੇਮ ਉਹ ਹੈ ਜੋ ਮੋਹ ਤੋਂ ਰਹਿਤ ਹੋਵੇ। ਜਿੱਥੇ ਮੋਹ ਹੁੰਦਾ ਹੈ, ਉੱਥੇ ਸੱਚਾ ਪ੍ਰੇਮ ਨਹੀਂ ਟਿਕ ਸਕਦਾ। ਅਸਲੀ ਅਤੇ ਸ਼ੁੱਧ ਪ੍ਰੇਮ ਸਿਰਫ ਪ੍ਰਭੂ ਨਾਲ ਹੀ ਸੰਭਵ ਹੈ, ਜੋ ਆਤਮਗਿਆਨ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪ੍ਰਭੂ ਦਾ ਅਨੁਭਵ ਅਤੇ ਦਰਸ਼ਨ ਆਤਮਗਿਆਨ ਨਾਲ ਹੀ ਸੰਭਵ ਹਨ। ਲੋਹੜੀ ਦਾ ਇਹ ਪਾਵਨ ਤਿਉਹਾਰ ਸਾਨੂੰ ਨਾ ਸਿਰਫ਼ ਸਮਾਜਿਕ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦਾ ਹੈ, ਸਗੋਂ ਜੀਵਨ ਦੇ ਇਨ੍ਹਾਂ ਡੂੰਘੇ ਆਧਿਆਤਮਿਕ ਰਹੱਸਾਂ ਨੂੰ ਸਮਝਣ ਅਤੇ ਆਪਣੇ ਅੰਦਰ ਆਤਮਿਕ ਪ੍ਰਕਾਸ਼ ਜਗਾਉਣ ਦਾ ਵੀ ਮੌਕਾ ਦਿੰਦਾ ਹੈ।