3 ਮਾਸੂਮ ਧੀਆਂ ਦਾ ਪਿਓ ਚੜ੍ਹਿਆ ਨਸ਼ੇ ਦੀ ਭੇਟ
3 ਮਾਸੂਮ ਧੀਆਂ ਦਾ ਬਾਪ ਚੜ੍ਹਿਆ ਨਸ਼ੇ ਦੀ ਭੇਂਟ
Publish Date: Sat, 03 Jan 2026 06:19 PM (IST)
Updated Date: Sun, 04 Jan 2026 04:11 AM (IST)

ਫੋਟੋ-20 ਕੈਪਸ਼ਨ : 3 ਨਾਬਾਲਗ ਮਾਸੂਮ ਧੀਆਂ ਦੇ ਨਾਲ ਹੱਡ ਬੀਤੀ ਸੁਣਾਉਂਦੇ ਸਰਵਜੀਤ ਕੌਰ, ਜਸਬੀਰ ਕੌਰ ਨਾਲ ਹਨ ਬਾਮਸੇਫ ਦੇ ਜੋਨ ਇੰਚਾਰਜ ਚੰਚਲ ਸਿੰਘ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਉਸ ਵੇਲੇ ਹਵਾ ਨਿਕਲਦੀ ਨਜ਼ਰ ਆਈ ਜਦੋਂ ਦਲਿਤ ਪਰਿਵਾਰ ਨਾਲ ਸਬੰਧਤ 3 ਨਾਬਾਲਗ ਧੀਆਂ ਦਾ ਪਿਓ ਨਸ਼ੇ ਦੀ ਲਤ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਹੈਪੀ (35) ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਰਾਮਪੁਰਾ (ਅਬਾਦੀ ਰਾਮਪੁਰਾ) ਫਤਿਹਗੜ੍ਹ ਚੂੜੀਆਂ ਰੋਡ ਵਜੋਂ ਹੋਈ ਹੈ। ਪੀੜਤ ਪਰਿਵਾਰ ਨਾਲ ਬੈਕਵਰਡ ਐਂਡ ਮਨਿਓਰਿਟੀ ਕਮਿਉੂਨਟੀ ਇੰਪਲਾਈਜ਼ ਫੈੱਡਰੇਸ਼ਨ (ਬਾਮਸੇਫ) ਦੇ ਜ਼ੋਨ ਇੰਚਾਰਜ ਤੇ ਜੀਐੱਨਡੀਯੂ ਦੇ ਸੇਵਾਮੁਕਤ ਅਧਿਕਾਰੀ ਚੰਚਲ ਸਿੰਘ ਵੱਲੋਂ ਕਰਵਾਈ ਗਈ ਮੁਲਾਕਾਤ ਮਗਰੋਂ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਆਰਥਿਕ ਮੰਦਹਾਲੀ ਦੇ ਦੌਰ ’ਚੋਂ ਲੰਘ ਰਹੇ ਪਰਿਵਾਰ ਦਾ ਹੁਣ ਭਵਿੱਖ ਕੀ ਹੋਵੇਗਾ ਕੋਈ ਨਹੀਂ ਜਾਣਦਾ। ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਵਿੰਦਰ ਸਿੰਘ ਹੈਪੀ (35) ਦੀ ਮਾਤਾ ਜਸਬੀਰ ਕੌਰ ਤੇ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਹੈਪੀ, ਜੋ ਕਿ ਪ੍ਰਾਈਵੇਟ ਤੌਰ ’ਤੇ ਡਰਾਈਵਰੀ ਕਰਦਾ ਸੀ ਤੇ ਅੱਜ ਤੋਂ 10 ਕੁ ਸਾਲ ਪਹਿਲਾਂ ਬੁਰੀ ਸੰਗਤ ’ਚ ਪੈਣ ਕਾਰਨ ਨਸ਼ਾ ਕਰਨ ਦਾ ਆਦੀ ਹੋ ਗਿਆ। ਉਸ ਨੂੰ ਕਈ ਵਾਰ ਸਮਝਾਇਆ ਗਿਆ, ਜਦਕਿ 3 ਨਾਬਾਲਿਗ ਧੀਆਂ ਗੁਰਲੀਨ ਕੌਰ (14), ਲਵਲੀਨ ਕੌਰ (9) ਤੇ ਸੁਖਨਾਜ ਕੌਰ (3) ਦਾ ਵਾਸਤਾ ਵੀ ਦਿੱਤਾ ਗਿਆ ਪਰ ਉਸ ਉੱਪਰ ਕੋਈ ਅਸਰ ਨਹੀਂ ਹੋਇਆ। ਬੀਬੀ ਜਸਬੀਰ ਕੌਰ ਨੇ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਬਲਵਿੰਦਰ ਸਿੰਘ ਰਾਜੂ ਦਾ ਵੀ ਇਹੋ ਹਾਲ ਹੈ। ਗਰੀਬੀ ਦੀ ਮਾਰ ਝੱਲ ਰਹੇ ਪਰਿਵਾਰ ਕੋਲ ਮ੍ਰਿਤਕ ਸੁਖਵਿੰਦਰ ਸਿੰਘ ਹੈਪੀ ਦੀ ਆਤਮਿਕ ਸ਼ਾਂਤੀ ਲਈ ਪੂਰੀਆਂ ਕੀਤੀਆਂ ਜਾਣ ਵਾਲੀਆਂ ਧਾਰਮਿਕ ਰਸਮਾਂ ਨੂੰ ਵੀ ਜਿੱਥੇ ਨਿਭਾਉਣ ਲਈ ਕੁੱਝ ਨਹੀਂ ਹੈ। ਉੱਥੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ 3 ਨਾਬਾਲਿਗ ਧੀਆਂ ਤੇ ਲਾਚਾਰ ਮਾਪਿਆਂ ਦੀ ਪਹਾੜ ਜਿੱਡੀ ਜ਼ਿੰਦਗੀ ਦੇ ਗੁਜ਼ਰ ਬਸਰ ਤੇ ਭਵਿੱਖ ਦਾ ਡਰ ਸਤਾ ਰਿਹਾ ਹੈ। ਬੈਕਵਰਡ ਐਂਡ ਮਨਿਓੁਰਟੀ ਕਮਿਉੂਨਟੀ ਇੰਪਲਾਈਜ਼ ਫੈਡਰੇਸ਼ਨ (ਬਾਮਸੇਫ) ਦੇ ਜ਼ੋਨ ਇੰਚਾਰਜ ਤੇ ਜੀਐੱਨਡੀਯੂ ਦੇ ਸੇਵਾਮੁਕਤ ਅਧਿਕਾਰੀ ਚੰਚਲ ਸਿੰਘ ਨੇ ਵੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਤੇ ਪੀੜਤ ਪਰਿਵਾਰ ਦੇ ਲਈ ਮਦਦ ਦੀ ਮੰਗ ਕੀਤੀ ਹੈ।