ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਯੂਟਿਊਬਰ ਗ੍ਰਿਫ਼ਤਾਰ, 'ਵਾਇਰਲ ਹੱਬ' ਚੈਨਲ 'ਤੇ ਕਰਦਾ ਸੀ ਨਾਬਾਲਗਾਂ ਦਾ ਇੰਟਰਵਿਊ
ਹੈਦਰਾਬਾਦ ਪੁਲਿਸ ਨੇ ਪਿਛਲੇ ਸਾਲ ਅਕਤੂਬਰ ਵਿੱਚ ਇਸ ਚੈਨਲ 'ਤੇ ਇਤਰਾਜ਼ਯੋਗ ਵੀਡੀਓ ਦੇਖਣ ਤੋਂ ਬਾਅਦ ਖੁਦ ਹੀ ਮਾਮਲਾ ਦਰਜ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਕੰਟੈਂਟ ਬੱਚਿਆਂ ਦੀ ਸੁਰੱਖਿਆ ਅਤੇ ਸਾਈਬਰ ਕਾਨੂੰਨਾਂ ਦੀ ਸਖ਼ਤ ਉਲੰਘਣਾ ਕਰਦਾ ਹੈ।
Publish Date: Wed, 07 Jan 2026 03:44 PM (IST)
Updated Date: Wed, 07 Jan 2026 03:48 PM (IST)
ਨਵੀਂ ਦਿੱਲੀ/ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਇੱਕ ਯੂਟਿਊਬਰ ਨੂੰ ਇੰਟਰਨੈੱਟ 'ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਵੀਡੀਓ ਬਣਾਉਣ, ਅਪਲੋਡ ਕਰਨ ਅਤੇ ਵਾਇਰਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਦਰਾਬਾਦ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਦੋਸ਼ੀ ਕੰਬੇਟੀ ਸਤਿਆ ਮੂਰਤੀ ਨੂੰ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ।
ਨਾਬਾਲਗਾਂ ਤੋਂ ਪੁੱਛਦਾ ਸੀ ਅਸ਼ਲੀਲ ਸਵਾਲ
ਦੋਸ਼ੀ ਮੂਰਤੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦਾ ਰਹਿਣ ਵਾਲਾ ਹੈ। ਉਹ 'ਵਾਇਰਲ ਹੱਬ' (Viral Hub) ਨਾਮ ਨਾਲ ਇੱਕ YouTube ਚੈਨਲ ਚਲਾਉਂਦਾ ਸੀ, ਜਿੱਥੇ ਉਹ 15 ਤੋਂ 17 ਸਾਲ ਦੇ ਨਾਬਾਲਗ ਬੱਚਿਆਂ ਦੇ ਇੰਟਰਵਿਊ ਅਪਲੋਡ ਕਰਦਾ ਸੀ। ਇਨ੍ਹਾਂ ਵੀਡੀਓਜ਼ ਵਿੱਚ ਉਹ ਬੱਚਿਆਂ ਤੋਂ ਅਸ਼ਲੀਲ ਅਤੇ ਜਿਨਸੀ ਤੌਰ 'ਤੇ ਇਤਰਾਜ਼ਯੋਗ ਸਵਾਲ ਪੁੱਛਦਾ ਸੀ। ਇੱਕ ਵੀਡੀਓ ਵਿੱਚ ਤਾਂ ਉਸਨੇ ਦੋ ਨਾਬਾਲਗਾਂ ਨੂੰ ਇੱਕ-ਦੂਜੇ ਨੂੰ ਕਿਸ (Kiss) ਕਰਨ ਲਈ ਮਜਬੂਰ ਕੀਤਾ ਸੀ।
ਸਾਈਬਰ ਕਾਨੂੰਨਾਂ ਦੀਆਂ ਉਡਾਈਆਂ ਧੱਜੀਆਂ
ਹੈਦਰਾਬਾਦ ਪੁਲਿਸ ਨੇ ਪਿਛਲੇ ਸਾਲ ਅਕਤੂਬਰ ਵਿੱਚ ਇਸ ਚੈਨਲ 'ਤੇ ਇਤਰਾਜ਼ਯੋਗ ਵੀਡੀਓ ਦੇਖਣ ਤੋਂ ਬਾਅਦ ਖੁਦ ਹੀ ਮਾਮਲਾ ਦਰਜ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਕੰਟੈਂਟ ਬੱਚਿਆਂ ਦੀ ਸੁਰੱਖਿਆ ਅਤੇ ਸਾਈਬਰ ਕਾਨੂੰਨਾਂ ਦੀ ਸਖ਼ਤ ਉਲੰਘਣਾ ਕਰਦਾ ਹੈ। ਡਿਜੀਟਲ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕੀਤੀ ਗਈ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੈਸੇ ਦੀ ਹਵਸ ਨੇ ਬਣਾਇਆ ਅਪਰਾਧੀ
ਪੁਲਿਸ ਮੁਤਾਬਕ, ਦੋਸ਼ੀ 2018 ਤੋਂ ਸੋਸ਼ਲ ਮੀਡੀਆ 'ਤੇ ਸਰਗਰਮ ਸੀ। ਸ਼ੁਰੂ ਵਿੱਚ ਉਹ ਸਿਰਫ਼ ਵਿਊਜ਼ (Views) ਅਤੇ ਪੈਸੇ ਕਮਾਉਣ ਲਈ ਪ੍ਰਭਾਵਸ਼ਾਲੀ ਲੋਕਾਂ (Influencers) ਦੇ ਇੰਟਰਵਿਊ ਲੈਂਦਾ ਸੀ, ਜਿਸ ਵਿੱਚ ਅਸ਼ਲੀਲ ਭਾਸ਼ਾ ਵਰਤੀ ਜਾਂਦੀ ਸੀ ਪਰ ਬਾਅਦ ਵਿੱਚ ਵੱਧ ਕਮਾਈ ਦੇ ਲਾਲਚ ਵਿੱਚ ਉਸਨੇ ਨਾਬਾਲਗਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਚੈਨਲ 'ਤੇ 400 ਵੀਡੀਓ ਤੇ ਢਾਈ ਲੱਖ ਸਬਸਕ੍ਰਾਈਬਰ
ਮੂਰਤੀ ਨੇ ਆਪਣੇ ਚੈਨਲ 'ਤੇ ਲਗਪਗ 400 ਵੀਡੀਓ ਅਪਲੋਡ ਕੀਤੇ ਹਨ ਅਤੇ ਉਸ ਦੇ 2.5 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਹੈਰਾਨੀ ਦੀ ਗੱਲ ਹੈ ਕਿ ਚੈਨਲ ਅਜੇ ਵੀ ਸਰਗਰਮ ਹੈ। ਸਾਈਬਰ ਕ੍ਰਾਈਮ ਵਿੰਗ ਦੇ ਡਿਪਟੀ ਕਮਿਸ਼ਨਰ (DCP) ਨੇ ਕਿਹਾ ਹੈ ਕਿ ਉਹ ਗੂਗਲ ਨੂੰ ਚਿੱਠੀ ਲਿਖ ਕੇ ਇਸ ਚੈਨਲ ਨੂੰ ਤੁਰੰਤ ਹਟਾਉਣ (Delete) ਲਈ ਕਹਿਣਗੇ।