ਵਟ੍ਹਸਐਪ (WhatsApp) ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸਾਈਬਰ ਅਪਰਾਧੀਆਂ ਨੇ ਹੁਣ ਯੂਜ਼ਰਜ਼ ਨੂੰ ਠੱਗਣ ਦਾ ਇੱਕ ਅਜਿਹਾ ਤਰੀਕਾ ਲੱਭ ਲਿਆ ਹੈ, ਜਿਸ ਵਿੱਚ ਤੁਹਾਡਾ ਅਕਾਊਂਟ ਬਿਨਾਂ ਕਿਸੇ ਓ.ਟੀ.ਪੀ. (OTP) ਜਾਂ ਪਾਸਵਰਡ ਦੇ ਹੈਕ ਕੀਤਾ ਜਾ ਸਕਦਾ ਹੈ

ਹਿਸਾਰ (ਬਿਊਰੋ): ਵਟ੍ਹਸਐਪ (WhatsApp) ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸਾਈਬਰ ਅਪਰਾਧੀਆਂ ਨੇ ਹੁਣ ਯੂਜ਼ਰਜ਼ ਨੂੰ ਠੱਗਣ ਦਾ ਇੱਕ ਅਜਿਹਾ ਤਰੀਕਾ ਲੱਭ ਲਿਆ ਹੈ, ਜਿਸ ਵਿੱਚ ਤੁਹਾਡਾ ਅਕਾਊਂਟ ਬਿਨਾਂ ਕਿਸੇ ਓ.ਟੀ.ਪੀ. (OTP) ਜਾਂ ਪਾਸਵਰਡ ਦੇ ਹੈਕ ਕੀਤਾ ਜਾ ਸਕਦਾ ਹੈ। ਹਿਸਾਰ ਦੇ ਪੁਲਿਸ ਸੁਪਰਡੈਂਟ ਸਿਧਾਂਤ ਜੈਨ ਨੇ ਇਸ ਨਵੇਂ ਖ਼ਤਰੇ 'ਘੋਸਟ ਪੇਅਰਿੰਗ' (Ghost Pairing) ਨੂੰ ਲੈ ਕੇ ਆਮ ਜਨਤਾ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ।
ਕੀ ਹੈ 'Ghost Pairing' ਤੇ ਇਹ ਕਿਵੇਂ ਕੰਮ ਕਰਦਾ ਹੈ?
ਪੁਲਿਸ ਅਨੁਸਾਰ, ਇਹ ਇੱਕ ਬੇਹੱਦ ਖ਼ਤਰਨਾਕ ਹੈਕਿੰਗ ਮੁਹਿੰਮ ਹੈ। ਇਸ ਵਿੱਚ ਹੈਕਰਾਂ ਨੂੰ ਤੁਹਾਡੇ ਮੋਬਾਈਲ ਦੇ OTP ਜਾਂ ਸਿਮ ਸਵੈਪ (Sim Swap) ਦੀ ਲੋੜ ਨਹੀਂ ਪੈਂਦੀ। ਠੱਗੀ ਦਾ ਤਰੀਕਾ ਇਸ ਤਰ੍ਹਾਂ ਹੈ।
ਸ਼ੱਕੀ ਲਿੰਕ: ਹੈਕਰ ਕਿਸੇ ਜਾਣੂ ਦੇ ਨਾਂ 'ਤੇ ਵਟ੍ਹਸਐਪ 'ਤੇ ਇੱਕ ਲਿੰਕ ਭੇਜਦੇ ਹਨ।
ਫਰਜ਼ੀ ਪੇਜ: ਲਿੰਕ 'ਤੇ ਕਲਿੱਕ ਕਰਦਿਆਂ ਹੀ ਇੱਕ ਫਰਜ਼ੀ ਫੇਸਬੁੱਕ ਜਾਂ ਮੀਡੀਆ ਵਿਊਅਰ ਪੇਜ ਖੁੱਲ੍ਹਦਾ ਹੈ।
ਮੋਬਾਈਲ ਨੰਬਰ ਦੀ ਮੰਗ: ਵੈਰੀਫਿਕੇਸ਼ਨ ਦੇ ਬਹਾਨੇ ਯੂਜ਼ਰ ਤੋਂ ਮੋਬਾਈਲ ਨੰਬਰ ਮੰਗਿਆ ਜਾਂਦਾ ਹੈ।
ਅਕਾਊਂਟ 'ਤੇ ਕਬਜ਼ਾ: ਨੰਬਰ ਦਰਜ ਕਰਦੇ ਹੀ ਹੈਕਰ ਵਟ੍ਹਸਐਪ ਦੇ 'ਲਿੰਕਡ ਡਿਵਾਈਸ' ਫੀਚਰ ਦੀ ਦੁਰਵਰਤੋਂ ਕਰਕੇ ਤੁਹਾਡੇ ਅਕਾਊਂਟ ਨੂੰ ਆਪਣੇ ਡਿਵਾਈਸ ਨਾਲ ਜੋੜ ਲੈਂਦੇ ਹਨ।
ਤੁਹਾਡੀ ਨਿਜੀ ਜਾਣਕਾਰੀ ਨੂੰ ਵੱਡਾ ਖ਼ਤਰਾ
ਇੱਕ ਵਾਰ ਅਕਾਊਂਟ ਲਿੰਕ ਹੋਣ ਤੋਂ ਬਾਅਦ ਹੈਕਰ ਬੈਕਗਰਾਊਂਡ ਵਿੱਚ ਲੁਕ ਕੇ ਤੁਹਾਡੀਆਂ ਪੁਰਾਣੀਆਂ ਚੈਟਾਂ ਪੜ੍ਹ ਸਕਦੇ ਹਨ ਅਤੇ ਰੀਅਲ-ਟਾਈਮ ਵਿੱਚ ਤੁਹਾਡੇ ਸੁਨੇਹੇ ਦੇਖ ਸਕਦੇ ਹਨ। ਇੰਨਾ ਹੀ ਨਹੀਂ ਉਹ ਤੁਹਾਡੇ ਨਾਂ 'ਤੇ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਅਸ਼ਲੀਲ ਫੋਟੋਆਂ, ਵੀਡੀਓ ਜਾਂ ਪੈਸਿਆਂ ਦੀ ਮੰਗ ਵਾਲੇ ਸੁਨੇਹੇ ਵੀ ਭੇਜ ਸਕਦੇ ਹਨ।
ਬਚਾਅ ਲਈ ਪੁਲਿਸ ਦੀਆਂ ਹਦਾਇਤਾਂ
ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ ਹੈ।
ਅਣਜਾਣ ਲਿੰਕ: ਕਿਸੇ ਵੀ ਅਣਜਾਣ ਜਾਂ ਸ਼ੱਕੀ ਲਿੰਕ 'ਤੇ ਕਲਿੱਕ ਨਾ ਕਰੋ ਭਾਵੇਂ ਉਹ ਕਿਸੇ ਜਾਣੂ ਵੱਲੋਂ ਹੀ ਕਿਉਂ ਨਾ ਆਇਆ ਹੋਵੇ।
ਨਿੱਜੀ ਜਾਣਕਾਰੀ: ਕਿਸੇ ਬਾਹਰੀ ਵੈੱਬਸਾਈਟ 'ਤੇ ਆਪਣਾ ਮੋਬਾਈਲ ਨੰਬਰ ਜਾਂ ਨਿੱਜੀ ਜਾਣਕਾਰੀ ਦਰਜ ਨਾ ਕਰੋ।
ਸੈਟਿੰਗਜ਼ ਚੈੱਕ ਕਰੋ: ਵਟ੍ਹਸਐਪ ਦੀਆਂ ਸੈਟਿੰਗਾਂ ਵਿੱਚ ਜਾ ਕੇ 'Linked Devices' ਨੂੰ ਚੈੱਕ ਕਰਦੇ ਰਹੋ। ਜੇਕਰ ਕੋਈ ਅਣਜਾਣ ਡਿਵਾਈਸ ਦਿਖਾਈ ਦੇਵੇ, ਤਾਂ ਤੁਰੰਤ 'Log Out' ਕਰੋ।
ਟੂ-ਸਟੈਪ ਵੈਰੀਫਿਕੇਸ਼ਨ: ਆਪਣੇ ਵਟ੍ਹਸਐਪ 'ਤੇ 'Two-Step Verification' ਜ਼ਰੂਰ ਐਕਟੀਵੇਟ ਕਰੋ।
ਜੇਕਰ ਤੁਸੀਂ ਕਿਸੇ ਸਾਈਬਰ ਠੱਗੀ ਦਾ ਸ਼ਿਕਾਰ ਹੁੰਦੇ ਹੋ ਤਾਂ ਬਿਨਾਂ ਦੇਰੀ ਕੀਤੇ ਕੌਮੀ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 'ਤੇ ਕਾਲ ਕਰੋ।