ਟਰੰਪ ਦਾ ਵੱਡਾ ਐਕਸ਼ਨ : ਵੈਨੇਜ਼ੁਏਲਾ ਦੇ ਤੇਲ ਤੋਂ ਹੋਣ ਵਾਲੀ ਅਰਬਾਂ ਦੀ ਕਮਾਈ ਹੁਣ ਜਾਵੇਗੀ ਅਮਰੀਕੀ ਖਾਤਿਆਂ 'ਚ
ਵੈਨੇਜ਼ੁਏਲਾ ਕੋਲ ਮੌਜੂਦ ਲਗਪਗ 30 ਤੋਂ 50 ਮਿਲੀਅਨ ਬੈਰਲ ਕੱਚਾ ਤੇਲ, ਜੋ ਫਿਲਹਾਲ ਸਟੋਰੇਜ ਵਿੱਚ ਹੈ, ਨੂੰ ਅਮਰੀਕਾ ਤੁਰੰਤ ਬਾਜ਼ਾਰ ਵਿੱਚ ਵੇਚੇਗਾ। ਇਸ ਦੀ ਕੀਮਤ ਲਗਪਗ 2.8 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਅਣਮਿੱਥੇ ਸਮੇਂ ਲਈ ਵੈਨੇਜ਼ੁਏਲਾ ਦੇ ਤੇਲ ਉਤਪਾਦਨ ਨੂੰ ਵੇਚੇਗਾ
Publish Date: Thu, 08 Jan 2026 03:11 PM (IST)
Updated Date: Thu, 08 Jan 2026 03:22 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਦੇ ਤੇਲ ਬਾਜ਼ਾਰ 'ਤੇ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਊਰਜਾ ਮੰਤਰੀ ਕ੍ਰਿਸ ਰਾਈਟ (Chris Wright) ਅਨੁਸਾਰ, ਅਮਰੀਕਾ ਹੁਣ ਵੈਨੇਜ਼ੁਏਲਾ ਦੇ ਤੇਲ ਦੀ ਵਿਕਰੀ ਨੂੰ ਕੰਟਰੋਲ ਕਰੇਗਾ ਅਤੇ ਇਸ ਤੋਂ ਹੋਣ ਵਾਲੀ ਕਮਾਈ ਅਮਰੀਕੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਵੇਗੀ।
ਕਿਵੇਂ ਕਰੇਗਾ ਅਮਰੀਕਾ ਕਮਾਈ
ਵੈਨੇਜ਼ੁਏਲਾ ਕੋਲ ਮੌਜੂਦ ਲਗਪਗ 30 ਤੋਂ 50 ਮਿਲੀਅਨ ਬੈਰਲ ਕੱਚਾ ਤੇਲ, ਜੋ ਫਿਲਹਾਲ ਸਟੋਰੇਜ ਵਿੱਚ ਹੈ, ਨੂੰ ਅਮਰੀਕਾ ਤੁਰੰਤ ਬਾਜ਼ਾਰ ਵਿੱਚ ਵੇਚੇਗਾ। ਇਸ ਦੀ ਕੀਮਤ ਲਗਪਗ 2.8 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਅਣਮਿੱਥੇ ਸਮੇਂ ਲਈ ਵੈਨੇਜ਼ੁਏਲਾ ਦੇ ਤੇਲ ਉਤਪਾਦਨ ਨੂੰ ਵੇਚੇਗਾ ਅਤੇ ਇਸ ਦੇ ਪੈਸੇ ਅਮਰੀਕੀ ਕੰਟਰੋਲ ਵਾਲੇ ਖਾਤਿਆਂ ਵਿੱਚ ਰੱਖੇਗਾ।
ਕਿੱਥੇ ਵਰਤਿਆ ਜਾਵੇਗਾ ਕਮਾਈ ਦਾ ਪੈਸਾ
ਊਰਜਾ ਮੰਤਰੀ ਨੇ ਸਾਫ਼ ਕੀਤਾ ਹੈ ਕਿ,ਪੈਸੇ ਦੀ ਵਰਤੋਂ ਵੇਨੇਜ਼ੁਏਲਾ ਦੇ ਲੋਕਾਂ ਦੇ ਫਾਇਦੇ ਲਈ ਕੀਤੀ ਜਾਵੇਗੀ। ਇਹ ਪੈਸਾ ਫਿਲਹਾਲ ਉਨ੍ਹਾਂ ਅਮਰੀਕੀ ਕੰਪਨੀਆਂ (ਜਿਵੇਂ ਐਕਸਨ ਮੋਬਿਲ) ਨੂੰ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਦੀ ਜਾਇਦਾਦ ਦਾ ਸਾਲਾਂ ਪਹਿਲਾਂ ਵੈਨੇਜ਼ੁਏਲਾ ਨੇ ਰਾਸ਼ਟਰੀਕਰਨ ਕਰ ਦਿੱਤਾ ਸੀ।
ਅਮਰੀਕੀ ਫੌਜ ਨੇ ਜ਼ਬਤ ਕੀਤੇ ਤੇਲ ਟੈਂਕਰ
ਟਰੰਪ ਪ੍ਰਸ਼ਾਸਨ ਵੇਨੇਜ਼ੁਏਲਾ ਦੇ ਤੇਲ ਨਿਰਯਾਤ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਲਈ ਸਖ਼ਤ ਕਦਮ ਚੁੱਕ ਰਿਹਾ ਹੈ। ਹਾਲ ਹੀ ਵਿੱਚ ਅਮਰੀਕੀ ਫੌਜ ਨੇ ਦੋ ਵੱਡੇ ਤੇਲ ਟੈਂਕਰ ਜ਼ਬਤ ਕੀਤੇ ਹਨ।
Marinera (ਪੁਰਾਣਾ ਨਾਂ Bella 1): ਇਹ ਰੂਸੀ ਝੰਡੇ ਵਾਲਾ ਟੈਂਕਰ ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਜ਼ਬਤ ਕੀਤਾ ਗਿਆ।
M Sophia: ਦੂਜਾ ਟੈਂਕਰ ਕੈਰੇਬੀਅਨ ਖੇਤਰ ਵਿੱਚ ਫੜਿਆ ਗਿਆ। ਹੁਣ ਤੱਕ ਅਮਰੀਕਾ ਅਜਿਹੇ 4 ਟੈਂਕਰ ਆਪਣੇ ਕਬਜ਼ੇ ਵਿੱਚ ਲੈ ਚੁੱਕਾ ਹੈ।
ਅਮਰੀਕੀ ਤੇਲ ਕੰਪਨੀਆਂ 'ਤੇ ਦਬਾਅ
ਟਰੰਪ ਹੁਣ ਸ਼ੇਵਰੋਨ (Chevron), ਕੋਨੋਕੋਫਿਲਿਪਸ (ConocoPhillips) ਅਤੇ ਐਕਸਨ (Exxon) ਵਰਗੀਆਂ ਦਿੱਗਜ ਕੰਪਨੀਆਂ 'ਤੇ ਦਬਾਅ ਪਾ ਰਹੇ ਹਨ ਕਿ ਉਹ ਵੈਨੇਜ਼ੁਏਲਾ ਦੇ ਖ਼ਰਾਬ ਹੋ ਚੁੱਕੇ ਤੇਲ ਬੁਨਿਆਦੀ ਢਾਂਚੇ ਨੂੰ ਮੁੜ ਤੋਂ ਠੀਕ ਕਰਨ ਅਤੇ ਉਤਪਾਦਨ ਵਧਾਉਣ ਵਿੱਚ ਮਦਦ ਕਰਨ।