"ਇਹ ਅੱਲ੍ਹਾ ਦੀ ਮਰਜ਼ੀ ਨਹੀਂ ਸੀ, ਇਹ ਸਿਸਟਮ ਦਾ ਕਤਲ ਹੈ": ਭ੍ਰਿਸ਼ਟਾਚਾਰ ਦੀ ਅੱਗ 'ਚ ਸੜ ਕੇ ਸੁਆਹ ਹੋਇਆ ਹੱਸਦਾ-ਵੱਸਦਾ ਪਰਿਵਾਰ
ਘਰ ਵਿੱਚ ਸਿਰਫ਼ 2 ਕਿਲੋਵਾਟ ਦਾ ਕੁਨੈਕਸ਼ਨ ਸੀ ਪਰ 5 ਕਿਲੋਵਾਟ ਤੋਂ ਵੱਧ ਬਿਜਲੀ ਵਰਤੀ ਜਾ ਰਹੀ ਸੀ। ਸ਼ਾਰਟ ਸਰਕਟ ਹੋਣਾ ਲਾਜ਼ਮੀ ਸੀ। 50 ਗਜ਼ ਦੇ ਮਕਾਨ ਅੰਦਰ ਕੱਪੜੇ ਦਾ ਗੋਦਾਮ ਅਤੇ ਕਾਰਖਾਨਾ ਚੱਲ ਰਿਹਾ ਸੀ। ਗਰਾਊਂਡ ਫਲੋਰ 'ਤੇ ਰੇਸ਼ਮੀ ਕੱਪੜੇ ਭਰੇ ਹੋਏ ਸਨ
Publish Date: Tue, 24 Feb 2026 02:49 PM (IST)
Updated Date: Tue, 24 Feb 2026 03:01 PM (IST)
ਸੁਸ਼ੀਲ ਕੁਮਾਰ, ਮੇਰਠ : ਮੇਰਠ ਦੇ ਕਿਦਵਈ ਨਗਰ ਵਿੱਚ ਵਾਪਰੇ ਇਸ ਹਾਦਸੇ ਨੇ ਹਰ ਕਿਸੇ ਦੀ ਅੱਖ ਨਮ ਕਰ ਦਿੱਤੀ ਹੈ। ਰੁਖਸਾਰ ਨਾਮ ਦੀ ਮਾਂ ਨੇ ਇੱਕ ਘੰਟੇ ਤੱਕ ਆਪਣੇ ਪੰਜ ਬੱਚਿਆਂ ਨੂੰ ਬਚਾਉਣ ਲਈ ਜੱਦੋ-ਜਹਿਦ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੀ। ਹਸਪਤਾਲ ਵਿੱਚ ਲਾਈਨ ਵਿੱਚ ਰੱਖੀਆਂ ਛੇ ਲਾਸ਼ਾਂ ਨੂੰ ਦੇਖ ਕੇ ਲੋਕਾਂ ਦਾ ਗੁੱਸਾ ਫੁੱਟ ਪਿਆ। ਲੋਕ ਚੀਕ-ਚੀਕ ਕੇ ਕਹਿ ਰਹੇ ਸਨ ਕਿ ਇਹ ਰੱਬ ਦਾ ਭਾਣਾ ਨਹੀਂ, ਸਗੋਂ ਸਿਸਟਮ ਦਾ ਕਤਲ ਹੈ।
ਘਰ ਵਿੱਚ ਸਿਰਫ਼ 2 ਕਿਲੋਵਾਟ ਦਾ ਕੁਨੈਕਸ਼ਨ ਸੀ ਪਰ 5 ਕਿਲੋਵਾਟ ਤੋਂ ਵੱਧ ਬਿਜਲੀ ਵਰਤੀ ਜਾ ਰਹੀ ਸੀ। ਸ਼ਾਰਟ ਸਰਕਟ ਹੋਣਾ ਲਾਜ਼ਮੀ ਸੀ। 50 ਗਜ਼ ਦੇ ਮਕਾਨ ਅੰਦਰ ਕੱਪੜੇ ਦਾ ਗੋਦਾਮ ਅਤੇ ਕਾਰਖਾਨਾ ਚੱਲ ਰਿਹਾ ਸੀ। ਗਰਾਊਂਡ ਫਲੋਰ 'ਤੇ ਰੇਸ਼ਮੀ ਕੱਪੜੇ ਭਰੇ ਹੋਏ ਸਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲੀ। ਮੁਹੱਲੇ ਦੇ ਲੋਕਾਂ ਦਾ ਦੋਸ਼ ਹੈ ਕਿ ਬਿਜਲੀ ਵਿਭਾਗ ਦੇ ਮੁਲਾਜ਼ਮ ਪੈਸੇ ਲੈ ਕੇ ਇਹ ਸਭ ਕਰਵਾ ਰਹੇ ਹਨ। ਪੂਰੀ ਗਲੀ ਵਿੱਚ ਇੰਝ ਹੀ ਨਾਜਾਇਜ਼ ਲੋਡ ਚੱਲ ਰਿਹਾ ਹੈ।
ਬਚਾਅ ਕਾਰਜ 'ਚ ਦੇਰੀ
ਲੋਕਾਂ ਵਿੱਚ ਭਾਰੀ ਰੋਸ ਸੀ ਕਿਉਂਕਿ ਫੋਨ ਕਰਨ ਦੇ ਬਾਵਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਕ ਘੰਟਾ ਦੇਰੀ ਨਾਲ ਪਹੁੰਚੀਆਂ।ਗਲੀਆਂ ਇੰਨੀਆਂ ਭੀੜੀਆਂ ਸਨ ਕਿ ਗੱਡੀ ਘਰ ਤੱਕ ਨਹੀਂ ਪਹੁੰਚ ਸਕੀ। ਜਦੋਂ ਪਾਈਪ ਪਾਈ ਗਈ ਤਾਂ ਉਹ ਛੋਟੀ ਪੈ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਦਦ ਸਮੇਂ ਸਿਰ ਮਿਲ ਜਾਂਦੀ ਤਾਂ ਸ਼ਾਇਦ ਜਾਨਾਂ ਬਚ ਸਕਦੀਆਂ ਸਨ।
ਪੁਲਿਸ ਤੇ ਪ੍ਰਸ਼ਾਸਨ ਦੀ ਕਾਰਵਾਈ
ADG ਭਾਨੂ ਭਾਸਕਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਲਿਸਾੜੀ ਗੇਟ ਇਲਾਕੇ ਦੇ ਸਾਰੇ ਮੁਹੱਲਿਆਂ ਦੀ ਜਾਂਚ ਕੀਤੀ ਜਾਵੇਗੀ। ਫੋਰੈਂਸਿਕ ਟੀਮ ਰਿਪੋਰਟ ਤਿਆਰ ਕਰ ਰਹੀ ਹੈ, ਜੋ ਬਿਜਲੀ ਵਿਭਾਗ ਅਤੇ ਕਾਰਖਾਨਾ ਵਿਭਾਗ ਨੂੰ ਭੇਜੀ ਜਾਵੇਗੀ।