ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਚੱਲ ਰਹੇ ਬਧਿਆਕਰਨ (ਨਪੁੰਸਕ ਬਣਾਉਣ) ਦੇ ਮਾਮਲੇ ਵਿੱਚ ਮਾਰਚ ਮਹੀਨੇ ਵਿੱਚ ਸੁਣਵਾਈ ਦਾ ਇੱਕ ਅਹਿਮ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਵਿਸ਼ੇਸ਼ ਸੀਬੀਆਈ ਅਦਾਲਤ ਦੇ ਹੁਕਮਾਂ ਅਨੁਸਾਰ, ਮੁੱਖ ਗਵਾਹ ਦੀ ਗਵਾਹੀ ਅਮਰੀਕਾ ਤੋਂ ਵੀਡੀਓ ਮਾਧਿਅਮ ਰਾਹੀਂ 5, 6 ਅਤੇ 7 ਮਾਰਚ ਨੂੰ ਦਰਜ ਕੀਤੀ ਜਾਵੇਗੀ।

ਮੁਲਜ਼ਮ ਨੰਬਰ ਇੱਕ ਗੁਰਮੀਤ ਸਿੰਘ ਅਤੇ ਮੁਲਜ਼ਮ ਨੰਬਰ ਤਿੰਨ ਡਾਕਟਰ ਐਮ.ਪੀ. ਸਿੰਘ ਜ਼ਮਾਨਤ 'ਤੇ ਹਨ, ਪਰ ਉਹ ਨਿੱਜੀ ਤੌਰ 'ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਦੋਵਾਂ ਨੇ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।
ਕੇਸ ਦੀ ਸੁਣਵਾਈ ਇਸ ਵਾਰ 'ਪ੍ਰੌਸੀਕਿਊਸ਼ਨ ਐਵੀਡੈਂਸ' (ਸਰਕਾਰੀ ਗਵਾਹੀਆਂ) ਲਈ ਤੈਅ ਸੀ। ਇਸ ਦੌਰਾਨ ਇੱਕ ਰਸਮੀ ਗਵਾਹ ਦੀ ਗਵਾਹੀ ਵੀਡੀਓ ਮਾਧਿਅਮ ਰਾਹੀਂ ਦਰਜ ਕੀਤੀ ਗਈ। ਅਦਾਲਤ ਨੇ ਇਹ ਟਿੱਪਣੀ ਵੀ ਕੀਤੀ ਕਿ ਇਹ ਮਾਮਲਾ ਅਦਾਲਤ ਦੇ ਸਭ ਤੋਂ ਪੁਰਾਣੇ ਮਾਮਲਿਆਂ ਵਿੱਚੋਂ ਇੱਕ ਹੈ ਅਤੇ ਗਵਾਹਾਂ ਦੀ ਸਮੇਂ ਸਿਰ ਪੇਸ਼ੀ ਨਾ ਹੋਣ ਕਾਰਨ ਸੁਣਵਾਈ ਵਿੱਚ ਵਾਰ-ਵਾਰ ਰੁਕਾਵਟ ਆ ਰਹੀ ਹੈ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਤਰੀਕ 'ਤੇ ਗਵਾਹ ਹਾਜ਼ਰ ਨਹੀਂ ਹੋਣ ਵਾਲਾ, ਤਾਂ ਇਸ ਦੀ ਸੂਚਨਾ ਸਮੇਂ ਸਿਰ ਦਿੱਤੀ ਜਾਵੇ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਅਮਰੀਕਾ ਵਿੱਚ ਰਹਿ ਰਹੇ ਮੁੱਖ ਗਵਾਹ ਦੀ ਗਵਾਹੀ ਲਈ ਭਾਰਤੀ ਦੂਤਾਵਾਸ ਰਾਹੀਂ ਸਾਰੀਆਂ ਲੋੜੀਂਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣ।
ਇਸ ਦੇ ਲਈ ਗਵਾਹ ਨੂੰ ਈ-ਮੇਲ ਰਾਹੀਂ ਸੰਮਨ ਜਾਰੀ ਕੀਤੇ ਜਾਣਗੇ ਅਤੇ ਸਬੰਧਤ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਦਾਲਤ ਨੇ ਫਰਵਰੀ ਮਹੀਨੇ ਵਿੱਚ ਗਵਾਹੀਆਂ ਲਈ 7, 13 ਅਤੇ 21 ਫਰਵਰੀ ਦੀਆਂ ਤਰੀਕਾਂ ਵੀ ਨਿਰਧਾਰਿਤ ਕੀਤੀਆਂ ਹਨ, ਤਾਂ ਜੋ ਸੁਣਵਾਈ ਨੂੰ ਲਗਾਤਾਰ ਅੱਗੇ ਵਧਾਇਆ ਜਾ ਸਕੇ।