'ਸ਼ਰਮਨਾਕ... ਤਿੰਨ ਸਾਲ ਦੀ ਬੱਚੀ ਨੂੰ ਥਾਣੇ ਕਿਉਂ ਬੁਲਾਇਆ', ਰੇਪ ਕੇਸ ਮਾਮਲੇ 'ਚ ਗੁਰੂਗ੍ਰਾਮ ਪੁਲਿਸ ਨੂੰ SC ਦੀ ਫਟਕਾਰ
ਸੁਪਰੀਮ ਕੋਰਟ ਨੇ ਗੁਰੂਗ੍ਰਾਮ ਪੁਲਿਸ ਦੀ ਕਾਰਜਸ਼ੈਲੀ ਨੂੰ 'ਸੰਵੇਦਨਹੀਣ' ਅਤੇ 'ਸ਼ਰਮਨਾਕ' ਕਰਾਰ ਦਿੱਤਾ ਹੈ। ਅਦਾਲਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਬੱਚੀ ਦੇ ਮਾਪਿਆਂ ਨੇ ਪੁਲਿਸ ਦੀ ਲਾਪਰਵਾਹੀ ਵਿਰੁੱਧ ਪਟੀਸ਼ਨ ਦਾਇਰ ਕਰਕੇ CBI ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ SIT ਜਾਂਚ ਦੀ ਮੰਗ ਕੀਤੀ ਸੀ।
Publish Date: Wed, 25 Mar 2026 02:59 PM (IST)
Updated Date: Wed, 25 Mar 2026 03:23 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਗੁਰੂਗ੍ਰਾਮ ਪੁਲਿਸ ਦੀ ਕਾਰਜਸ਼ੈਲੀ ਨੂੰ 'ਸੰਵੇਦਨਹੀਣ' ਅਤੇ 'ਸ਼ਰਮਨਾਕ' ਕਰਾਰ ਦਿੱਤਾ ਹੈ। ਅਦਾਲਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਬੱਚੀ ਦੇ ਮਾਪਿਆਂ ਨੇ ਪੁਲਿਸ ਦੀ ਲਾਪਰਵਾਹੀ ਵਿਰੁੱਧ ਪਟੀਸ਼ਨ ਦਾਇਰ ਕਰਕੇ CBI ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ SIT ਜਾਂਚ ਦੀ ਮੰਗ ਕੀਤੀ ਸੀ।
ਇਹ ਮਾਮਲਾ ਦਸੰਬਰ-ਜਨਵਰੀ ਦਾ ਹੈ, ਜਿੱਥੇ ਗੁਰੂਗ੍ਰਾਮ ਦੀ ਇੱਕ ਹਾਈ-ਰਾਈਜ਼ ਸੁਸਾਇਟੀ ਵਿੱਚ ਰਹਿਣ ਵਾਲੀ ਤਿੰਨ ਸਾਲ ਦੀ ਬੱਚੀ ਦਾ ਦੋ ਮਹਿਲਾ ਨੌਕਰਾਂ ਅਤੇ ਉਨ੍ਹਾਂ ਦੇ ਇੱਕ ਪੁਰਸ਼ ਸਾਥੀ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੁਲਿਸ ਨੇ POCSO ਐਕਟ ਤਹਿਤ ਮਾਮਲਾ ਤਾਂ ਦਰਜ ਕੀਤਾ ਪਰ ਜਾਂਚ ਵਿੱਚ ਗੰਭੀਰਤਾ ਨਹੀਂ ਦਿਖਾਈ।
ਸੁਪਰੀਮ ਕੋਰਟ ਦੀਆਂ ਤਿੱਖੀਆਂ ਟਿੱਪਣੀਆਂ
ਅਦਾਲਤ ਨੇ ਪੁਲਿਸ ਅਤੇ ਪ੍ਰਸ਼ਾਸਨ 'ਤੇ ਸਵਾਲਾਂ ਦੀ ਬੌਛਾਰ ਕਰ ਦਿੱਤੀ।
ਥਾਣੇ ਬੁਲਾਉਣ 'ਤੇ ਸਵਾਲ: ਕੋਰਟ ਨੇ ਪੁੱਛਿਆ, "ਤਿੰਨ ਸਾਲ ਦੀ ਬੱਚੀ ਨੂੰ ਥਾਣੇ ਬੁਲਾਉਣਾ ਕਿੰਨੀ ਵੱਡੀ ਬੇਰਹਿਮੀ ਹੈ? ਪੁਲਿਸ ਖੁਦ ਬੱਚੀ ਦੇ ਘਰ ਕਿਉਂ ਨਹੀਂ ਗਈ?"
ਨਿਯਮਾਂ ਦੀ ਉਲੰਘਣਾ: ਬੱਚੀ ਦਾ ਬਿਆਨ ਮੁਲਜ਼ਮਾਂ ਦੇ ਸਾਹਮਣੇ ਦਰਜ ਕੀਤਾ ਗਿਆ, ਜੋ ਕਿ ਪਾਕਸੋ ਐਕਟ ਦੀ ਸਿੱਧੀ ਉਲੰਘਣਾ ਹੈ। ਬੱਚੀ ਨੂੰ 30 ਮਿੰਟ ਤੱਕ ਮੁਲਜ਼ਮਾਂ ਨਾਲ ਇੱਕ ਕਮਰੇ ਵਿੱਚ ਰੱਖਿਆ ਗਿਆ, ਜਿਸ ਨਾਲ ਉਸ ਦਾ ਮਾਨਸਿਕ ਤਣਾਅ ਹੋਰ ਵਧ ਗਿਆ।
ਚਾਈਲਡ ਵੈਲਫੇਅਰ ਕਮੇਟੀ (CWC) 'ਤੇ ਨਾਰਾਜ਼ਗੀ: ਕਮੇਟੀ ਨੇ ਬੱਚੀ ਨੂੰ ਵਾਰ-ਵਾਰ ਬੁਲਾਇਆ ਅਤੇ ਮਾਪਿਆਂ ਦੀ ਗੈਰ-ਮੌਜੂਦਗੀ ਵਿੱਚ ਪੁੱਛਗਿੱਛ ਕੀਤੀ। ਕੋਰਟ ਨੇ ਕਮੇਟੀ ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੂੰ ਅਹੁਦੇ ਤੋਂ ਕਿਉਂ ਨਾ ਹਟਾਇਆ ਜਾਵੇ?
SIT ਦਾ ਗਠਨ ਤੇ ਅਗਲੀ ਕਾਰਵਾਈ
ਸੁਪਰੀਮ ਕੋਰਟ ਨੇ ਹੁਣ ਇਸ ਮਾਮਲੇ ਦੀ ਜਾਂਚ ਲਈ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਬਣਾਉਣ ਦਾ ਫੈਸਲਾ ਕੀਤਾ ਹੈ।
ਮਹਿਲਾ IPS ਅਧਿਕਾਰੀ: SIT ਵਿੱਚ ਹਰਿਆਣਾ ਕੈਡਰ ਦੀਆਂ ਸੀਨੀਅਰ ਮਹਿਲਾ IPS ਅਧਿਕਾਰੀ ਸ਼ਾਮਲ ਹੋਣਗੀਆਂ।
ਰਿਕਾਰਡ ਸੌਂਪਣ ਦੇ ਹੁਕਮ: ਗੁਰੂਗ੍ਰਾਮ ਪੁਲਿਸ ਨੂੰ ਵੀਰਵਾਰ ਤੱਕ ਸਾਰਾ ਰਿਕਾਰਡ SIT ਨੂੰ ਦੇਣ ਲਈ ਕਿਹਾ ਗਿਆ ਹੈ।
ਪੇਸ਼ੀ: ਪੁਲਿਸ ਕਮਿਸ਼ਨਰ ਅਤੇ ਜਾਂਚ ਅਧਿਕਾਰੀ ਨੂੰ 25 ਮਾਰਚ ਨੂੰ ਨਿੱਜੀ ਤੌਰ 'ਤੇ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।