ਇਸ ਟੈਂਕ ’ਚ ਜਨਵਰੀ ਦੇ ਅਖੀਰ ’ਚ ਬਾਲਟਿਕ ਸਾਗਰ ਦੀ ਇਕ ਬੰਦਰਗਾਹ ਤੋਂ ਤੇਲ ਭਰਿਆ ਗਿਆ ਸੀ ਤੇ ਇਹ ਮੂਲ ਰੂਪ ’ਚ ਚੀਨ ਦੇ ਰਾਈਝਾਓ ਬੰਦਰਗਾਹ ’ਚ ਜਾ ਰਿਹਾ ਸੀ। ਪਰ ਭਾਰਤ ਨੂੰ ਅਮਰੀਕਾ ਤੋਂ ਰੂਸੀ ਤੇਲ ਖ਼ੀਰਦਣ ਦੀ ਛੋਟ ਮਿਲਣ ਤੋਂ ਬਾਅਦ ਇਸ ਨੇ ਮਾਰਚ ਦੇ ਮੱਧ ’ਚ ਯੂ-ਟਰਨ ਲੈ ਲਿਆ।

ਜੇਐੱਨਐੱਨ, ਨਵੀਂ ਦਿੱਲੀ : ਪੱਛਮੀ ਏਸ਼ੀਆ ’ਚ ਜਾਰੀ ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਵਿਚਾਲੇ ਭਾਰਤ ਲਈ ਚੰਗੀ ਖ਼ਬਰ ਹੈ। ਚੀਨ ਜਾ ਰਹੇ ਘੱਟੋ-ਘੱਟ ਸੱਤ ਰੂਸੀ ਤੇਲ ਟੈਂਕਰਾਂ ਨੇ ਰਸਤਾ ਬਦਲ ਲਿਆ ਹੈ ਤੇ ਹੁਣ ਉਹ ਭਾਰਤ ਵੱਲ ਵਧ ਰਹੇ ਹਨ। ਇਹ ਘਟਨਾਚੱਕਰ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਆਪਣੀ ਊਰਜਾ ਸਪਲਾਈ ਸੁਰੱਖਿਅਤ ਕਰਨ ਲਈ ਨਵੇਂ ਸਿਰੇ ਤੋਂ ਯਤਨ ਕਰ ਰਿਹਾ ਹੈ ਤੇ ਅਮਰੀਕਾ ਨੇ ਭਾਰਤ ਨੂੰ ਸਮੁੰਦਰ ’ਚ ਫਸਿਆ ਰੂਸੀ ਤੇਲ ਖ਼ਰੀਦਣ ਦੀ 30 ਦਿਨਾਂ ਲਈ ਆਰਜ਼ੀ ਛੋਟ ਦਿੱਤੀ ਹੈ। ਜਹਾਜ਼ਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਵਾਲੀ ਕੰਪਨੀ ਵੋਰਟੇਕਸਾ ਲਿਮਟਡ ਨੇ ਇਨ੍ਹਾਂ ਜਹਾਜ਼ਾਂ ਦੇ ਬਦਲੇ ਮਾਰਗ ਨੂੰ ਦੇਖਿਆ ਹੈ।
ਇਕ ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਸੱਤ ਰੂਸੀ ਟੈਂਕਰਾਂ ’ਚ ਮੱਧਮ ਆਕਾਰ ਵਾਲਾ ਕਰੂਡ ਆਇਲ ਟੈਂਕਰ ‘ਏਕਵਾ ਟਾਈਟਨ’ ਵੀ ਹੈ ਜੋ 21 ਮਾਰਚ ਨੂੰ ਨਿਊ ਮੈਂਗਲੋਰ ਪੋਰਟ ’ਤੇ ਪੁੱਜਣ ਵਾਲਾ ਹੈ। ਇਸ ਟੈਂਕ ’ਚ ਜਨਵਰੀ ਦੇ ਅਖੀਰ ’ਚ ਬਾਲਟਿਕ ਸਾਗਰ ਦੀ ਇਕ ਬੰਦਰਗਾਹ ਤੋਂ ਤੇਲ ਭਰਿਆ ਗਿਆ ਸੀ ਤੇ ਇਹ ਮੂਲ ਰੂਪ ’ਚ ਚੀਨ ਦੇ ਰਾਈਝਾਓ ਬੰਦਰਗਾਹ ’ਚ ਜਾ ਰਿਹਾ ਸੀ। ਪਰ ਭਾਰਤ ਨੂੰ ਅਮਰੀਕਾ ਤੋਂ ਰੂਸੀ ਤੇਲ ਖ਼ੀਰਦਣ ਦੀ ਛੋਟ ਮਿਲਣ ਤੋਂ ਬਾਅਦ ਇਸ ਨੇ ਮਾਰਚ ਦੇ ਮੱਧ ’ਚ ਯੂ-ਟਰਨ ਲੈ ਲਿਆ। ਇਕ ਹੋਰ ਆਇਲ ਟੈਂਕਰ ‘ਸਵੇਜਮੈਕਸ ਜੋਊ ਜੋਊ ਐੱਨ’ ਗੁਜਰਾਤ ’ਚ ਜਾਮਨਗਰ ਸਥਿਤ ਸਿੱਕਾ ਬੰਦਰਗਾਹ ਵੱਲ ਵਧ ਰਿਹਾ ਹੈ ਤੇ ਇਸ ਦੇ 25 ਮਾਰਚ ਤੱਕ ਉੱਥੇ ਪੁੱਜਣ ਦੀ ਸੰਭਾਵਨਾ ਹੈ। ਇਸ ਨੇ ਮਾਰਚ ਦੇ ਸ਼ੁਰੂ ’ਚ ਹੀ ਆਪਣਾ ਰਸਤਾ ਬਦਲ ਲਿਆ ਸੀ। ਇਸ ਟੈਂਕ ’ਚ ਕਜ਼ਾਕ ਸੀਪੀਸੀ ਬਲੈਂਡ ਕਰੂਡ ਹੈ। ਇਸ ਨੇ ਰੂਸ ਦੇ ਕਾਲਾ ਸਾਗਰ ’ਚ ਨੋਵੋਰੋਸਿਅਸਕ ਤੋਂ ਚੀਨ ਦੀ ਹੀ ਰਾਈਝਾਓ ਬੰਦਰਗਾਹ ਲਈ ਯਾਤਰਾ ਸ਼ੁਰੂ ਕੀਤੀ ਸੀ।
ਭਾਰਤ ਨੇ ਇਸ ਸਾਲ ਦੇ ਸ਼ੁਰੂ ’ਚ ਹੀ ਰੂਸੀ ਤੇਲ ਖ਼ਰੀਦ ’ਚ ਕਟੌਤੀ ਤੋਂ ਬਾਅਦ ਹੁਣ ਸਿਰਫ਼ ਇਕ ਹਫ਼ਤੇ ਦੇ ਅੰਦਰ ਹੀ ਤਿੰਨ ਕਰੋੜ ਕੱਚਾ ਤੇਲ ਖ਼ਰੀਦ ਲਿਆ ਹੈ। ਅਮਰੀਕਾ ਨਾਲ ਕਾਰੋਬਾਰੀ ਸਮਝੌਤੇ ’ਤੇ ਗੱਲਬਾਤ ਕਾਰਨ ਜਨਵਰੀ ’ਚ ਭਾਰਤ ਦੀ ਰੂਸ ਤੋਂ ਕੁਲ ਦਰਾਮਦ ਘਟ ਕੇ 21 ਫ਼ੀਸਦ ਰਹਿ ਗਈ ਸੀ। ਜਿਵੇਂ-ਜਿਵੇਂ ਭਾਰਤ ਨੇ ਆਪਣੀ ਖ਼ਰੀਦ ਘੱਟ ਕੀਤੀ, ਚੀਨ ਨੇ ਰੂਸੀ ਤੇਲ ’ਤੇ ਮਿਲ ਰਹੀ ਭਾਰੀ ਛੋਟ ਦਾ ਲਾਭ ਲਿਆ। ਪਰ ਹੁਣ ਅਮਰੀਕਾ ਨੇ ਹੋਰ ਵੀ ਦੇਸ਼ਾਂ ਨੂੰ ਰੂਸੀ ਤੇਲ ਖ਼ਰੀਦਣ ਦੀ ਛੋਟ ਦੇ ਦਿੱਤੀ ਹੈ ਤੇ ਮੁਕਾਬਲੇ ’ਚ ਵੀ ਤੇਜ਼ੀ ਹੁੰਦੀ ਜਾ ਰਹੀ ਹੈ ਕਿਉੰਕਿ ਜਾਪਾਨ ਤੇ ਦੱਖਣੀ ਕੋਰੀਆ ਵਰਗੇ ਦੇਸ਼ ਵੀ ਰੂਸੀ ਤੇਲ ਖ਼ਰੀਦਣ ਦੀ ਦੌੜ ’ਚ ਸ਼ਾਮਲ ਹੋ ਗਏ ਹਨ।
ਹੋਰਮੁਜ਼ ਤੋਂ ਇਕ ਹੋਰ ਟੈਂਕਰ ਭਾਰਤ ਪੁੱਜਾ
ਅਹਿਮਦਾਬਾਦ : ਹੋਰਮੁਜ਼ ਸਟ੍ਰੇਟ ਪਾਰ ਕਰ ਕੇ ਭਾਰਤੀ ਝੰਡੇ ਵਾਲਾ ਇਕ ਹੋਰ ਜਹਾਜ਼ ‘ਜਗ ਲਾੜਕੀ’ ਬੁੱਧਵਾਰ ਨੂੰ ਗੁਜਰਾਤ ’ਚ ਮੁੰਦਰਾ ਪੋਰਟ ’ਤੇ ਪੁੱਜ ਗਿਆ। ਇਹ ਜਹਾਜ਼ ਯੂਏਈ ਦੇ ਫੁਜੈਰਾਹ ਪੋਟ ਤੋਂ 80,886 ਮੀਟ੍ਰਿਕ ਟਨ ਕੱਚਾ ਤੇਲ ਲੈ ਕੇ ਆਇਆ ਹੈ। ਮੰਗਲਵਾਰ ਨੂੰ ਐੱਲਪੀਜੀ ਕੈਰੀਅਰ ‘ਨੰਦਾ ਦੇਵੀ’ ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ ’ਚ ਸਥਿਤ ਵਡਿਨਾਰ ਪੋਰਟ ਪੁੱਜਾ ਸੀ, ਜੋ 46,500 ਮੀਟ੍ਰਿਕ ਟਨ ਗੈਸ ਲੈ ਕੇ ਆਇਆ ਸੀ। ਉੱਥੇ ਹੀ ਸੋਮਵਾਰ ਨੂੰ ਇਕ ਹੋਰ ਜਹਾਜ਼ ‘ਸ਼ਿਵਾਲਿਕ’ ਕਰੀਬ ਏਨੀ ਹੀ ਐੱਲਪੀਜੀ ਲੈ ਕੇ ਮੁੰਦਰਾ ਪੋਰਟ ’ਤੇ ਪੁੱਜਾ ਸੀ।