ਇਨਸਾਨੀਅਤ ਸ਼ਰਮਸਾਰ : ਹਸਪਤਾਲ ਪਹੁੰਚਣ ਲਈ ਜੰਗਲੀ ਰਸਤਿਆਂ 'ਤੇ ਪੈਦਲ ਚੱਲੀ ਗਰਭਵਤੀ, ਇਲਾਜ ਤੋਂ ਪਹਿਲਾਂ ਤੋੜਿਆ ਦਮ
ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਇੱਕ ਗਰਭਵਤੀ ਮਹਿਲਾ ਦੀ 6 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਮੌਤ ਹੋ ਗਈ। ਉਸਦਾ ਪਿੰਡ ਮੁੱਖ ਸੜਕ ਨਾਲੋਂ ਕੱਟਿਆ ਹੋਇਆ ਹੈ ਅਤੇ ਉੱਥੇ ਜਣੇਪੇ (ਡਿਲੀਵਰੀ) ਲਈ ਕੋਈ ਵੀ ਡਾਕਟਰੀ ਸਹੂਲਤ ਮੌਜੂਦ ਨਹੀਂ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਗੜ੍ਹਚਿਰੌਲੀ ਜ਼ਿਲ੍ਹੇ ਦੇ ਏਟਾਪੱਲੀ ਤਾਲੁਕਾ ਦੇ ਆਲਦੰਡੀ ਟੋਲਾ ਦੀ ਰਹਿਣ ਵਾਲੀ ਆਸ਼ਾ ਸੰਤੋਸ਼ ਕਿਰੰਗਾ (24) ਨੌਂ ਮਹੀਨੇ ਦੀ ਗਰਭਵਤੀ ਸੀ।
Publish Date: Sat, 03 Jan 2026 03:49 PM (IST)
Updated Date: Sat, 03 Jan 2026 03:53 PM (IST)

ਡਿਜੀਟਲ ਡੈਸਕ, ਨਵੀਂ ਦਿੱਲੀ। ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਇੱਕ ਗਰਭਵਤੀ ਮਹਿਲਾ ਦੀ 6 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਮੌਤ ਹੋ ਗਈ। ਉਸਦਾ ਪਿੰਡ ਮੁੱਖ ਸੜਕ ਨਾਲੋਂ ਕੱਟਿਆ ਹੋਇਆ ਹੈ ਅਤੇ ਉੱਥੇ ਜਣੇਪੇ (ਡਿਲੀਵਰੀ) ਲਈ ਕੋਈ ਵੀ ਡਾਕਟਰੀ ਸਹੂਲਤ ਮੌਜੂਦ ਨਹੀਂ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਗੜ੍ਹਚਿਰੌਲੀ ਜ਼ਿਲ੍ਹੇ ਦੇ ਏਟਾਪੱਲੀ ਤਾਲੁਕਾ ਦੇ ਆਲਦੰਡੀ ਟੋਲਾ ਦੀ ਰਹਿਣ ਵਾਲੀ ਆਸ਼ਾ ਸੰਤੋਸ਼ ਕਿਰੰਗਾ (24) ਨੌਂ ਮਹੀਨੇ ਦੀ ਗਰਭਵਤੀ ਸੀ।
ਉਨ੍ਹਾਂ ਨੇ ਦੱਸਿਆ, "ਉਸਦਾ ਜੱਦੀ ਪਿੰਡ ਆਲਦਾਂਡੀ ਟੋਲਾ ਮੁੱਖ ਸੜਕ ਨਾਲੋਂ ਕੱਟਿਆ ਹੋਇਆ ਹੈ ਅਤੇ ਉੱਥੇ ਜਣੇਪੇ ਦੀ ਕੋਈ ਸਹੂਲਤ ਉਪਲਬਧ ਨਹੀਂ ਹੈ। ਸਮੇਂ ਸਿਰ ਮਦਦ ਦੀ ਉਮੀਦ ਵਿੱਚ ਉਹ 1 ਜਨਵਰੀ ਨੂੰ ਆਪਣੇ ਪਤੀ ਦੇ ਨਾਲ ਜੰਗਲ ਦੇ ਰਸਤਿਆਂ ਰਾਹੀਂ 6 ਕਿਲੋਮੀਟਰ ਪੈਦਲ ਚੱਲ ਕੇ ਆਪਣੀ ਭੈਣ ਦੇ ਘਰ 'ਪੇਠਾ' ਪਹੁੰਚੀ। ਗਰਭ ਅਵਸਥਾ ਦੇ ਆਖਰੀ ਪੜਾਅ ਵਿੱਚ ਇੰਨੀ ਮੁਸ਼ਕਿਲ ਯਾਤਰਾ ਦਾ ਉਸਦੇ ਸਰੀਰ 'ਤੇ ਬਹੁਤ ਬੁਰਾ ਅਸਰ ਪਿਆ।"
ਬੀ.ਪੀ. ਵਧਣ ਕਾਰਨ ਹੋਈ ਮਹਿਲਾ ਦੀ ਮੌਤ
ਅਧਿਕਾਰੀ ਨੇ ਦੱਸਿਆ, "2 ਜਨਵਰੀ ਦੀ ਸਵੇਰ ਨੂੰ ਉਸ ਨੂੰ ਤੇਜ਼ ਜਣੇਪਾ ਪੀੜ (ਲੇਬਰ ਪੇਨ) ਹੋਣ ਲੱਗੀ। ਉਸ ਨੂੰ ਐਂਬੂਲੈਂਸ ਰਾਹੀਂ ਹੇਦਰੀ ਦੇ ਕਾਲੀ ਅੰਮਾਲ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਡਾਕਟਰਾਂ ਨੇ ਸਿਜ਼ੇਰੀਅਨ ਆਪ੍ਰੇਸ਼ਨ (C-section) ਕਰਨ ਦਾ ਫੈਸਲਾ ਕੀਤਾ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੱਚਾ ਪਹਿਲਾਂ ਹੀ ਕੁੱਖ ਵਿੱਚ ਦਮ ਤੋੜ ਚੁੱਕਾ ਸੀ। ਬਲੱਡ ਪ੍ਰੈਸ਼ਰ ਵਧਣ ਕਾਰਨ ਕੁਝ ਦੇਰ ਬਾਅਦ ਮਹਿਲਾ ਦੀ ਵੀ ਮੌਤ ਹੋ ਗਈ।"
ਜ਼ਿਆਦਾ ਚੱਲਣ ਕਾਰਨ ਪੈਦਾ ਹੋਈਆਂ ਪੇਚੀਦਗੀਆਂ ਸੰਪਰਕ ਕਰਨ 'ਤੇ ਗੜ੍ਹਚਿਰੌਲੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਪ੍ਰਤਾਪ ਸ਼ਿੰਦੇ ਨੇ ਦੱਸਿਆ ਕਿ ਮਹਿਲਾ ਦੀ ਰਜਿਸਟ੍ਰੇਸ਼ਨ ਆਸ਼ਾ ਵਰਕਰਾਂ ਰਾਹੀਂ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ, "ਅਚਾਨਕ ਜਣੇਪਾ ਪੀੜ ਅਤੇ ਸਰੀਰਕ ਪੇਚੀਦਗੀਆਂ (Compliations) ਸ਼ਾਇਦ ਜ਼ਿਆਦਾ ਪੈਦਲ ਚੱਲਣ ਕਰਕੇ ਹੋਈਆਂ। ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਤਾਲੁਕਾ ਹੈਲਥ ਅਫਸਰ ਤੋਂ ਇੱਕ ਵਿਸਤ੍ਰਿਤ ਰਿਪੋਰਟ ਮੰਗਵਾਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।"