ਧਨਬਾਦ ਦਾ ਬੀ.ਐੱਸ.ਐੱਸ. ਮਹਿਲਾ ਕਾਲਜ ਵੀਰਵਾਰ ਨੂੰ ਅਨੋਖੇ ਪੋਸਟਰਾਂ ਕਾਰਨ ਚਰਚਾ ਦਾ ਕੇਂਦਰ ਬਣ ਗਿਆ। ਸਵੇਰੇ ਜਦੋਂ ਕਾਲਜ ਦੀਆਂ ਵਿਦਿਆਰਥਣਾਂ ਪਹੁੰਚੀਆਂ, ਤਾਂ ਉਹ ਇੱਕ ਥਾਂ ਝੁੰਡ ਬਣਾ ਕੇ ਪੋਸਟਰ ਨੂੰ ਨਿਹਾਰ ਰਹੀਆਂ ਸਨ। ਇਸ ਦੌਰਾਨ ਖੂਬ ਠਹਾਕੇ ਵੀ ਲੱਗ ਰਹੇ ਸਨ। ਵਿਦਿਆਰਥਣਾਂ ਆਪਣੇ-ਆਪਣੇ ਮੋਬਾਈਲ ਵਿੱਚ ਇਸ ਦੀ ਤਸਵੀਰ ਕੈਦ ਕਰਦੀਆਂ ਨਜ਼ਰ ਆਈਆਂ। ਕਿਸੇ ਅਣਪਛਾਤੇ ਵਿਦਿਆਰਥੀ ਵੱਲੋਂ ਆਪਣੀ ਮਹਿਲਾ ਮਿੱਤਰ ਡਿੰਪੀ ਤੋਂ ਮਾਫ਼ੀ ਮੰਗਣ ਲਈ ਲਗਾਏ ਗਏ

ਪੋਸਟਰ ਵਿੱਚ ਵੱਡੇ ਅੱਖਰਾਂ ਵਿੱਚ ਅੰਗਰੇਜ਼ੀ ਅਤੇ ਹਿੰਦੀ ਵਿੱਚ ਲਿਖਿਆ ਹੈ, "ਆਈ ਐਮ ਸੌਰੀ ਡਿੰਪੀ, ਮੁਝਸੇ ਗਲਤੀ ਹੋ ਗਈ, ਪਲੀਜ਼ ਮੁਝੇ ਮਾਫ਼ ਕਰ ਦੋ!" ਇਸ ਦੇ ਨਾਲ ਹੀ ਅੱਗੇ ਸੁਧਾਰ ਦਾ ਵਾਅਦਾ ਕਰਦਿਆਂ ਲਿਖਿਆ ਗਿਆ ਹੈ ਕਿ ਉਹ ਭਵਿੱਖ ਵਿੱਚ ਧਿਆਨ ਰੱਖੇਗਾ ਅਤੇ ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ।
ਪੋਸਟਰ ਵਿੱਚ ਦਿਲ ਅਤੇ ਫੁੱਲਾਂ ਦੇ ਚਿੱਤਰ ਬਣਾ ਕੇ ਇਸ ਨੂੰ ਹੋਰ ਵੀ ਭਾਵੁਕ ਅਤੇ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਹਿਲਾ ਕਾਲਜ ਹੋਣ ਕਾਰਨ ਇਹ ਪੋਸਟਰ ਵਿਦਿਆਰਥਣਾਂ ਵਿੱਚ ਉਤਸੁਕਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਲਜ ਆਉਣ-ਜਾਣ ਦੌਰਾਨ ਵਿਦਿਆਰਥਣਾਂ ਇਸ ਨੂੰ ਪੜ੍ਹ ਕੇ ਮੁਸਕਰਾ ਰਹੀਆਂ ਹਨ ਅਤੇ ਆਪਸ ਵਿੱਚ ਇਸ ਬਾਰੇ ਚਰਚਾ ਵੀ ਕਰ ਰਹੀਆਂ ਹਨ।
ਕੁਝ ਵਿਦਿਆਰਥਣਾਂ ਇਸ ਨੂੰ ਸੱਚੇ ਪਿਆਰ ਦਾ ਇਜ਼ਹਾਰ ਮੰਨ ਰਹੀਆਂ ਹਨ, ਜਦਕਿ ਕੁਝ ਇਸ ਨੂੰ ਡਰਾਮੇਬਾਜ਼ੀ ਵਾਲੀ ਮਾਫ਼ੀ ਦੱਸ ਕੇ ਮਜ਼ਾਕੀਆ ਅੰਦਾਜ਼ ਵਿੱਚ ਲੈ ਰਹੀਆਂ ਹਨ। ਇੰਨਾ ਹੀ ਨਹੀਂ, ਇਹ ਪੋਸਟਰ ਹੁਣ ਇੰਟਰਨੈੱਟ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇੰਸਟਾਗ੍ਰਾਮ 'ਤੇ ਇਸ ਦੀਆਂ ਰੀਲਾਂ ਬਣਾ ਕੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਕਈ ਯੂਜ਼ਰਸ ਇਸ ਨੂੰ ਕ੍ਰਿਏਟਿਵ ਤਰੀਕਾ ਦੱਸ ਰਹੇ ਹਨ, ਜਦਕਿ ਕੁਝ ਜਨਤਕ ਥਾਵਾਂ 'ਤੇ ਨਿੱਜੀ ਭਾਵਨਾਵਾਂ ਦੇ ਪ੍ਰਦਰਸ਼ਨ ਨੂੰ ਗਲਤ ਦੱਸਦਿਆਂ ਇਸ ਦੀ ਆਲੋਚਨਾ ਵੀ ਕਰ ਰਹੇ ਹਨ। ਵਿਦਿਆਰਥਣਾਂ ਦਾ ਕਹਿਣਾ ਸੀ ਕਿ ਅਜਿਹੇ ਪੋਸਟਰ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ। ਦੂਜੇ ਪਾਸੇ, ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਇਸ ਨਾਲ ਜਨਤਕ ਥਾਵਾਂ ਦੀ ਮਰਯਾਦਾ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ।
ਫਿਲਹਾਲ, ਡਿੰਪੀ ਤੱਕ ਇਹ ਮਾਫ਼ੀ ਪਹੁੰਚੀ ਜਾਂ ਨਹੀਂ, ਇਹ ਤਾਂ ਸਾਫ਼ ਨਹੀਂ ਹੋ ਸਕਿਆ ਹੈ, ਪਰ ਇੰਨਾ ਜ਼ਰੂਰ ਹੈ ਕਿ ਇਸ ਪੋਸਟਰ ਨੇ ਬੀ.ਐਸ.ਐਸ. ਮਹਿਲਾ ਕਾਲਜ ਦੇ ਗੇਟ ਨੂੰ ਕੁਝ ਸਮੇਂ ਲਈ ਲਵ ਸਟੋਰੀ ਦਾ ਸਪਾਟ ਬਣਾ ਦਿੱਤਾ ਹੈ। ਇਸ ਮਾਮਲੇ ਵਿੱਚ ਬੀ.ਐਸ.ਐਸ. ਮਹਿਲਾ ਕਾਲਜ ਦੀ ਪ੍ਰਿੰਸੀਪਲ ਡਾ. ਕਰੁਣਾ ਨੇ ਕਿਹਾ ਕਿ ਉਨ੍ਹਾਂ ਨੂੰ ਪੋਸਟਰ ਬਾਰੇ ਜਾਣਕਾਰੀ ਨਹੀਂ ਸੀ। ਜਾਣਕਾਰੀ ਮਿਲਦੇ ਹੀ ਗੇਟ ਤੋਂ ਪੋਸਟਰ ਹਟਾ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਕਿ ਇਹ ਕਿਸ ਨੇ ਚਿਪਕਾਇਆ ਹੈ।