'ਕਿਸੇ ਤੀਜੇ ਦੀ ਜ਼ਰੂਰਤ ਨਹੀਂ': ਬਾਲੇਂਦਰ ਸ਼ਾਹ ਦੀ ਮੰਗ 'ਤੇ ਭਾਰਤ ਦਾ ਸਪੱਸ਼ਟ ਜਵਾਬ, J&K 'ਤੇ EU-ਪਾਕਿ ਨੂੰ ਵੀ ਨਸੀਹਤ
ਜਾਇਸਵਾਲ ਨੇ ਕਿਹਾ ਕਿ ਭਾਰਤ-ਨੇਪਾਲ ਦੀ ਲਗਪਗ 98 ਫ਼ੀਸਦੀ ਸਰਹੱਦ ਪਹਿਲਾਂ ਹੀ ਚਿੰਨ੍ਹਿਤ ਕੀਤੀ ਜਾ ਚੁੱਕੀ ਹੈ ਅਤੇ ਵਿਵਾਦਾਂ ਦਾ ਹੱਲ ਕੱਢਿਆ ਜਾ ਚੁੱਕਾ ਹੈ। ਬਾਕੀ ਕੁਝ ਹਿੱਸਿਆਂ ਵਿਚ ਵਿਵਾਦ ਹੈ ਜਿਨ੍ਹਾਂ ਵਿਚ ਲਿਪੁਲੇਖ, ਲਿੰਪਿਆਧੁਰਾ ਅਤੇ ਕਾਲਾਪਾਣੀ ਸ਼ਾਮਲ ਹਨ। ਭਾਰਤ ਇਨ੍ਹਾਂ ਖੇਤਰਾਂ ਨੂੰ ਹਮੇਸ਼ਾ ਉੱਤਰਾਖੰਡ ਦਾ ਅਟੁੱਟ ਹਿੱਸਾ ਮੰਨਦਾ ਆਇਆ ਹੈ।
Publish Date: Tue, 02 Jun 2026 10:51 PM (IST)
Updated Date: Tue, 02 Jun 2026 10:58 PM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ-ਨੇਪਾਲ ਸਰਹੱਦੀ ਵਿਵਾਦ ’ਤੇ ਬਿਆਨ ਦੇ ਕੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਮੁਸ਼ਕਲ ’ਚ ਫਸਦੇ ਦਿਖਾਈ ਦੇ ਰਹੇ ਹਨ। ਸਰਹੱਦੀ ਵਿਵਾਦ ਸਲਝਾਉਣ ਲਈ ਚੀਨ ਤੇ ਬਰਤਾਨੀਆ ਨੂੰ ਸ਼ਾਮਲ ਕਰਨ ਦੀ ਉਨ੍ਹਾਂ ਦੀ ਮੰਗ ’ਤੇ ਭਾਰਤ ਨੇ ਸਾਫ਼ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਦੁਵੱਲਾ ਮਾਮਲਾ ਹੈ ਅਤੇ ਇਸ ਵਿਚ ਕਿਸੇ ਤੀਜੇ ਦੇਸ਼ ਦੀ ਕੋਈ ਭੂਮਿਕਾ ਨਹੀਂ ਬਣਦੀ। ਨੇਪਾਲ ਵੱਲੋਂ ਭਾਰਤ ਦੀ ਜ਼ਮੀਨ ’ਤੇ ਕਬਜ਼ੇ ਸਬੰਧੀ ਬਿਆਨ ਤੋਂ ਬਾਅਦ ਬਾਲੇਂਦਰ ਸ਼ਾਹ ਨੂੰ ਵਿਰੋਧੀ ਪਾਰਟੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਮੰਗਲਵਾਰ ਨੂੰ ਕਿਹਾ, ‘ਭਾਰਤ ਤੇ ਨੇਪਾਲ ਵਿਚਾਲੇ ਸਰਹੱਦੀ ਵਿਵਾਦ ਦੇ ਸਾਰੇ ਪਹਿਲੂਆਂ ’ਤੇ ਗੱਲਬਾਤ ਲਈ ਦੁਵੱਲੇ ਤੰਤਰ ਪਹਿਲਾਂ ਹੀ ਮੌਜੂਦ ਹਨ। ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਸ ਦੁਵੱਲੇ ਮਾਮਲੇ ਵਿਚ ਕਿਸੇ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ।’ ਪ੍ਰਧਾਨ ਮੰਤਰੀ ਸ਼ਾਹ ਨੇ ਐਤਵਾਰ ਨੂੰ ਸੰਸਦ ਵਿਚ ਕਿਹਾ ਸੀ ਕਿ ਭਾਰਤ ਨਾਲ ਗੱਲਬਾਤ ਤੋਂ ਇਲਾਵਾ ਨੇਪਾਲ ਚੀਨ ਤੇ ਬਰਤਾਨੀਆ ਨਾਲ ਵੀ ਸੰਪਰਕ ਵਿਚ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਵਿਵਾਦ ਬਰਤਾਨਵੀ ਯੁੱਗ ਨਾਲ ਜੁੜਿਆ ਹੈ, ਇਸ ਲਈ ਬਰਤਾਨੀਆ ਨੂੰ ਵੀ ਇਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ।
ਜਾਇਸਵਾਲ ਨੇ ਕਿਹਾ ਕਿ ਭਾਰਤ-ਨੇਪਾਲ ਦੀ ਲਗਪਗ 98 ਫ਼ੀਸਦੀ ਸਰਹੱਦ ਪਹਿਲਾਂ ਹੀ ਚਿੰਨ੍ਹਿਤ ਕੀਤੀ ਜਾ ਚੁੱਕੀ ਹੈ ਅਤੇ ਵਿਵਾਦਾਂ ਦਾ ਹੱਲ ਕੱਢਿਆ ਜਾ ਚੁੱਕਾ ਹੈ। ਬਾਕੀ ਕੁਝ ਹਿੱਸਿਆਂ ਵਿਚ ਵਿਵਾਦ ਹੈ ਜਿਨ੍ਹਾਂ ਵਿਚ ਲਿਪੁਲੇਖ, ਲਿੰਪਿਆਧੁਰਾ ਅਤੇ ਕਾਲਾਪਾਣੀ ਸ਼ਾਮਲ ਹਨ। ਭਾਰਤ ਇਨ੍ਹਾਂ ਖੇਤਰਾਂ ਨੂੰ ਹਮੇਸ਼ਾ ਉੱਤਰਾਖੰਡ ਦਾ ਅਟੁੱਟ ਹਿੱਸਾ ਮੰਨਦਾ ਆਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੰਡਕ ਨਦੀ ਦੇ ਰਸਤੇ ਵਿਚ ਬਦਲਾਅ ਅਤੇ ਕੁਝ ਥਾਵਾਂ ’ਤੇ ਕਬਜ਼ੇ ਕਾਰਨ ਇਹ ਸਥਿਤੀ ਬਣੀ ਹੈ। ਦੋਵੇਂ ਦੇਸ਼ ਸਾਂਝੇ ਤੌਰ ’ਤੇ ਇਨ੍ਹਾਂ ਦਾ ਨਕਸ਼ਾ ਤਿਆਰ ਕਰ ਰਹੇ ਹਨ। ਇਸ ਮਾਮਲੇ ਵਿਚ ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਵੀ ਇਕ ਬਿਆਨ ਜਾਰੀ ਕੀਤਾ ਹੈ। ਜਾਇਸਵਾਲ ਨੇ ਕਿਹਾ ਕਿ ਅਸੀਂ ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਨੂੰ ਦੇਖਿਆ ਹੈ ਅਤੇ ਇਸ ਪੂਰੇ ਮਾਮਲੇ ਦਾ ਹੱਲ ਸਿਰਫ਼ ਦੁਵੱਲੀ ਗੱਲਬਾਤ ਰਾਹੀਂ ਹੀ ਹੋਵੇਗਾ।