"ਮੇਰੇ ਪੁੱਤ ਦੀ ਇਕ ਗ਼ਲਤੀ ਨੇ ਦੋ ਪਰਿਵਾਰ ਬਰਬਾਦ ਕਰ ਦਿੱਤੇ, ਮੈਂ ਸਮਾਜ ਤੇ ਪੀੜਤ ਪਰਿਵਾਰ ਦਾ ਗੁਨਾਹਗਾਰ ਹਾਂ" - ਨਾਬਾਲਗ ਦੇ ਪਿਤਾ ਦਾ ਕਬੂਲਨਾਮਾ
ਹਾਦਸੇ ਦੇ ਸਮੇਂ ਨਾਬਾਲਗ ਆਪਣੀ ਭੈਣ ਨਾਲ ਗੱਡੀ ਵਿੱਚ ਮੌਜੂਦ ਸੀ ਅਤੇ ਦੋਵੇਂ ਕਥਿਤ ਤੌਰ 'ਤੇ ਰੀਲ (Reel) ਬਣਾ ਰਹੇ ਸਨ। ਹਾਦਸੇ ਤੋਂ ਬਾਅਦ ਜਦੋਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ
Publish Date: Wed, 18 Feb 2026 11:16 AM (IST)
Updated Date: Wed, 18 Feb 2026 11:30 AM (IST)
ਪੱਛਮੀ ਦਿੱਲੀ: "ਮੈਂ ਆਪਣੇ ਪੁੱਤਰ ਦੀ ਕਰਤੂਤ 'ਤੇ ਸ਼ਰਮਿੰਦਾ ਹਾਂ। ਮੇਰੇ ਬੇਟੇ ਤੋਂ ਇਹ ਗ਼ਲਤੀ ਅਣਜਾਣੇ ਵਿੱਚ ਹੋਈ ਹੈ। ਮੈਂ ਵੀ ਇੱਕ ਪਿਤਾ ਹਾਂ ਅਤੇ ਆਪਣੇ ਬੱਚੇ ਨੂੰ ਖੋਣ ਦੇ ਦੁੱਖ ਨੂੰ ਸਮਝਦਾ ਹਾਂ।" ਇਹ ਸ਼ਬਦ ਦੁਆਰਕਾ ਸੜਕ ਹਾਦਸੇ ਵਿੱਚ 23 ਸਾਲਾ ਬਾਈਕ ਸਵਾਰ ਨੂੰ ਕੁਚਲਣ ਵਾਲੇ ਨਾਬਾਲਗ ਮੁਲਜ਼ਮ ਦੇ ਪਿਤਾ ਨਰਿੰਦਰ ਸਿੰਘ ਦੇ ਹਨ, ਜਿਸ ਨੇ ਪੀੜਤ ਪਰਿਵਾਰ ਤੋਂ ਮੁਆਫੀ ਮੰਗੀ ਹੈ।
ਨਰਿੰਦਰ ਸਿੰਘ ਨੇ ਦੱਸਿਆ ਕਿ ਜਿਸ ਦਿਨ ਇਹ ਦਰਦਨਾਕ ਹਾਦਸਾ ਹੋਇਆ, ਉਹ ਦਿੱਲੀ ਵਿੱਚ ਨਹੀਂ ਸਨ। ਉਨ੍ਹਾਂ ਨੂੰ ਆਪਣੀ ਪਤਨੀ ਅਤੇ ਪੁਲਿਸ ਰਾਹੀਂ ਇਸ ਘਟਨਾ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਫਲਾਈਟ ਰਾਹੀਂ ਦਿੱਲੀ ਪਹੁੰਚੇ।
ਘਟਨਾ ਵਾਲੇ ਦਿਨ ਕੀ ਹੋਇਆ
ਪਿਤਾ ਮੁਤਾਬਕ, 3 ਫਰਵਰੀ ਨੂੰ ਦੁਪਹਿਰ ਕਰੀਬ 12 ਵਜੇ ਪੁਲਿਸ ਨੇ ਉਨ੍ਹਾਂ ਦੀ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਸਕਾਰਪੀਓ ਗੱਡੀ ਨਾਲ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਹੈ। ਹਾਦਸਾ ਘਰ ਦੇ ਕੋਲ ਹੀ ਹੋਇਆ ਸੀ, ਇਸ ਲਈ ਉਨ੍ਹਾਂ ਦੀ ਪਤਨੀ ਪੈਦਲ ਹੀ ਮੌਕੇ 'ਤੇ ਪਹੁੰਚ ਗਈ, ਜਿੱਥੋਂ ਪੁਲਿਸ ਨਾਬਾਲਗ ਨੂੰ ਥਾਣੇ ਲੈ ਗਈ।
ਗੱਡੀ ਦੇ ਚਾਲਾਨਾਂ 'ਤੇ ਸਫਾਈ
ਗੱਡੀ 'ਤੇ ਪਹਿਲਾਂ ਤੋਂ ਮੌਜੂਦ ਕਈ ਚਾਲਾਨਾਂ ਬਾਰੇ ਸਫਾਈ ਦਿੰਦੇ ਹੋਏ ਨਰਿੰਦਰ ਸਿੰਘ ਨੇ ਕਿਹਾ, ਉਹ ਚਾਲਾਨ ਉਨ੍ਹਾਂ ਦੇ ਬੇਟੇ ਨੇ ਨਹੀਂ, ਸਗੋਂ ਡਰਾਈਵਰ ਨੇ ਗੱਡੀ ਚਲਾਉਂਦੇ ਸਮੇਂ ਕਰਵਾਏ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਬੇਟਾ ਗੱਡੀ ਲੈ ਕੇ ਬਾਹਰ ਨਿਕਲ ਗਿਆ ਸੀ। ਹਾਦਸੇ ਤੋਂ ਬਾਅਦ 6 ਦਿਨ ਦੀ ਹਿਰਾਸਤ ਕੱਟ ਕੇ ਆਇਆ ਬੇਟਾ ਹੁਣ ਡਿਪਰੈਸ਼ਨ ਵਿੱਚ ਹੈ ਅਤੇ ਆਪਣੀ ਮਾਂ ਨਾਲ ਵੀ ਗੱਲ ਨਹੀਂ ਕਰ ਰਿਹਾ।
ਉਮਰ ਨੂੰ ਲੈ ਕੇ ਵਿਵਾਦ
ਸ਼ੁਰੂਆਤ ਵਿੱਚ ਪੁਲਿਸ ਨੇ ਮੁਲਜ਼ਮ ਦੀ ਉਮਰ 19 ਸਾਲ ਲਿਖੀ ਸੀ, ਜਿਸ 'ਤੇ ਪਿਤਾ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਗਲਤਫਹਿਮੀ ਸੀ। ਦਸਤਾਵੇਜ਼ ਪੇਸ਼ ਕਰਨ ਤੋਂ ਬਾਅਦ ਪੁਲਿਸ ਨੂੰ ਪਤਾ ਲੱਗ ਗਿਆ ਹੈ ਕਿ ਲੜਕਾ 17 ਸਾਲ ਦਾ ਹੀ ਹੈ।
ਰੀਲ ਬਣਾਉਣ ਦਾ ਚਸਕਾ ਤੇ ਭੈਣ ਦਾ ਵਤੀਰਾ
ਹਾਦਸੇ ਦੇ ਸਮੇਂ ਨਾਬਾਲਗ ਆਪਣੀ ਭੈਣ ਨਾਲ ਗੱਡੀ ਵਿੱਚ ਮੌਜੂਦ ਸੀ ਅਤੇ ਦੋਵੇਂ ਕਥਿਤ ਤੌਰ 'ਤੇ ਰੀਲ (Reel) ਬਣਾ ਰਹੇ ਸਨ। ਹਾਦਸੇ ਤੋਂ ਬਾਅਦ ਜਦੋਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ, ਦੋਵੇਂ ਭੈਣ-ਭਰਾ ਨੂੰ ਕਿਸੇ ਦੀ ਜਾਨ ਜਾਣ ਦਾ ਕੋਈ ਪਛਤਾਵਾ ਨਹੀਂ ਸੀ। ਉਹ ਉਨ੍ਹਾਂ ਨੂੰ ਰੋਕਣ ਵਾਲੇ ਲੋਕਾਂ ਨਾਲ ਬਦਤਮੀਜ਼ੀ ਕਰ ਰਹੇ ਸਨ ਅਤੇ ਬਹਿਸ ਕਰਦੇ ਦੇਖੇ ਗਏ ਬਾਅਦ ਵਿੱਚ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।
ਹਾਦਸੇ ਦਾ ਸ਼ਿਕਾਰ: ਸਾਹਿਲ
ਇਸ ਹਾਦਸੇ ਵਿੱਚ 23 ਸਾਲਾ ਸਾਹਿਲ ਦੀ ਜਾਨ ਚਲੀ ਗਈ। ਸਾਹਿਲ ਦੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ ਅਤੇ ਉਹ ਇਨਸਾਫ ਦੀ ਮੰਗ ਕਰ ਰਹੇ ਹਨ।