ਦਿੱਲੀ 'ਚ ਪਤਨੀ ਤੇ ਤਿੰਨ ਧੀਆਂ ਦੇ ਕਤਲ ਦਾ ਮੁਲਜ਼ਮ ਮੁਨਚੁਨ ਰਾਜਸਥਾਨ ਤੋਂ ਗ੍ਰਿਫ਼ਤਾਰ; 5 ਲੱਖ ਦੇ ਕਰਜ਼ੇ ਕਾਰਨ ਬਣਿਆ ਸੀ ਹੈਵਾਨ
ਸਮੇਪੁਰ ਬਾਦਲੀ ਥਾਣਾ ਖੇਤਰ ਦੇ ਚੰਦਨ ਪਾਰਕ ਵਿੱਚ ਮੰਗਲਵਾਰ ਦੀ ਦੇਰ ਰਾਤ ਇੱਕ ਔਰਤ ਅਤੇ ਉਸ ਦੀਆਂ ਤਿੰਨ ਮਾਸੂਮ ਧੀਆਂ ਦਾ ਗਲਾ ਵੱਢ ਕੇ ਫ਼ਰਾਰ ਹੋਣ ਵਾਲੇ ਮੁਲਜ਼ਮ ਪਤੀ ਮੁਨਚੁਨ ਕੇਵਟ ਨੂੰ ਪੁਲਿਸ ਨੇ ਰਾਜਸਥਾਨ ਦੇ ਕਿਸ਼ਨਗੜ੍ਹ ਤੋਂ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਨਚੁਨ ਨੂੰ ਦਿੱਲੀ ਲੈ ਕੇ ਆ ਰਹੀ ਹੈ।
Publish Date: Sun, 01 Mar 2026 08:32 AM (IST)
Updated Date: Sun, 01 Mar 2026 08:33 AM (IST)

ਜਾਗਰਣ ਸੰਵਾਦਦਾਤਾ, ਬਾਹਰੀ ਦਿੱਲੀ: ਸਮੇਪੁਰ ਬਾਦਲੀ ਥਾਣਾ ਖੇਤਰ ਦੇ ਚੰਦਨ ਪਾਰਕ ਵਿੱਚ ਮੰਗਲਵਾਰ ਦੀ ਦੇਰ ਰਾਤ ਇੱਕ ਔਰਤ ਅਤੇ ਉਸ ਦੀਆਂ ਤਿੰਨ ਮਾਸੂਮ ਧੀਆਂ ਦਾ ਗਲਾ ਵੱਢ ਕੇ ਫ਼ਰਾਰ ਹੋਣ ਵਾਲੇ ਮੁਲਜ਼ਮ ਪਤੀ ਮੁਨਚੁਨ ਕੇਵਟ ਨੂੰ ਪੁਲਿਸ ਨੇ ਰਾਜਸਥਾਨ ਦੇ ਕਿਸ਼ਨਗੜ੍ਹ ਤੋਂ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਨਚੁਨ ਨੂੰ ਦਿੱਲੀ ਲੈ ਕੇ ਆ ਰਹੀ ਹੈ।
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਨਚੁਨ ਆਨਲਾਈਨ ਸੱਟਾ ਖੇਡਣ ਅਤੇ ਨਸ਼ਾ ਕਰਨ ਦਾ ਆਦੀ ਸੀ। ਇਸ ਕਾਰਨ ਉਸ ਨੇ ਕਿਸੇ ਤੋਂ ਸੱਤ ਲੱਖ ਰੁਪਏ ਕਰਜ਼ਾ ਲਿਆ ਹੋਇਆ ਸੀ, ਜੋ ਉਹ ਮੋੜ ਨਹੀਂ ਪਾ ਰਿਹਾ ਸੀ। ਕਰਜ਼ਾ ਦੇਣ ਵਾਲਾ ਵਿਅਕਤੀ ਵਾਰ-ਵਾਰ ਉਸ ਦੀ ਪਤਨੀ ਨੂੰ ਫ਼ੋਨ ਕਰਕੇ ਪੈਸਿਆਂ ਦੀ ਮੰਗ ਕਰਦਾ ਸੀ, ਜਿਸ ਕਾਰਨ ਪਤੀ-ਪਤਨੀ ਵਿਚਾਲੇ ਲਗਾਤਾਰ ਝਗੜਾ ਚੱਲ ਰਿਹਾ ਸੀ।
ਸਹੁਰੇ ਤੋਂ ਮੰਗੇ ਸਨ ਸੱਤ ਲੱਖ ਰੁਪਏ
ਇਸ ਵਿਵਾਦ ਦੌਰਾਨ ਮੁਲਜ਼ਮ ਨੇ ਕਰਜ਼ਾ ਚੁਕਾਉਣ ਲਈ ਆਪਣੇ ਸਹੁਰੇ ਤੋਂ ਸੱਤ ਲੱਖ ਰੁਪਏ ਮੰਗੇ ਸਨ, ਪਰ ਸਹੁਰੇ ਵੱਲੋਂ ਸਿਰਫ਼ ਦੋ ਲੱਖ ਰੁਪਏ ਹੀ ਮਿਲੇ ਸਨ। ਮੁਲਜ਼ਮ ਨੇ ਕਰਜ਼ਾਦਾਤਾ ਨੂੰ ਦੋ ਲੱਖ ਰੁਪਏ ਮੋੜ ਦਿੱਤੇ, ਪਰ ਫਿਰ ਵੀ ਉਸ ਸਿਰ ਪੰਜ ਲੱਖ ਰੁਪਏ ਦਾ ਕਰਜ਼ਾ ਬਾਕੀ ਸੀ। ਆਰਥਿਕ ਤੰਗੀ ਅਤੇ ਕਰਜ਼ੇ ਤੋਂ ਪਰੇਸ਼ਾਨ ਮੁਨਚੁਨ ਦਾ ਆਏ ਦਿਨ ਪਤਨੀ ਨਾਲ ਝਗੜਾ ਹੁੰਦਾ ਰਹਿੰਦਾ ਸੀ। ਅਜਿਹੇ 'ਚ ਉਸ ਨੇ ਆਪਣੀ ਪਤਨੀ ਅਤੇ ਧੀਆਂ ਦਾ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ।
ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਮੁਨਚੁਨ ਸਿਰਫ਼ ਆਪਣੀ ਪਤਨੀ ਦਾ ਕਤਲ ਕਰਨਾ ਚਾਹੁੰਦਾ ਸੀ, ਪਰ ਕਤਲ ਦੌਰਾਨ ਧੀਆਂ ਦੇ ਜਾਗ ਜਾਣ ਕਾਰਨ ਉਸ ਨੇ ਉਨ੍ਹਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।
ਕਰਜ਼ੇ ਵਿੱਚ ਡੁੱਬਦਾ ਗਿਆ ਮੁਨਚੁਨ
ਜਾਣਕਾਰੀ ਮੁਤਾਬਕ ਪਤਨੀ ਅਨੀਤਾ ਚਾਹੁੰਦੀ ਸੀ ਕਿ ਮੁਨਚੁਨ ਇਹ ਆਦਤਾਂ ਛੱਡ ਦੇਵੇ, ਪਰ ਮੁਲਜ਼ਮ ਨੇ ਆਦਤਾਂ ਛੱਡਣ ਦੀ ਬਜਾਏ ਰੋਜ਼ਾਨਾ ਸੱਟਾ ਖੇਡ ਕੇ ਹੋਰ ਕਰਜ਼ਾ ਚੜ੍ਹਾ ਲਿਆ। ਇਨ੍ਹਾਂ ਆਦਤਾਂ ਤੋਂ ਦੂਰ ਕਰਨ ਲਈ ਅਨੀਤਾ ਨੇ ਇੱਕ ਤਾਂਤਰਿਕ ਦਾ ਸਹਾਰਾ ਵੀ ਲਿਆ ਸੀ, ਪਰ ਉੱਥੋਂ ਵੀ ਕੋਈ ਕਾਮਯਾਬੀ ਨਹੀਂ ਮਿਲੀ। ਮੁਨਚੁਨ ਦੇ ਭਰਾ ਪ੍ਰਦੀਪ ਨੇ ਦੱਸਿਆ ਕਿ ਮੁਨਚੁਨ ਆਨਲਾਈਨ ਸੱਟੇ ਲਈ ਪਿੰਡ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਵੀ ਕਰਜ਼ਾ ਲੈਂਦਾ ਰਹਿੰਦਾ ਸੀ। ਆਜ਼ਾਦਪੁਰ ਮੰਡੀ ਤੋਂ ਆਉਣ ਤੋਂ ਬਾਅਦ ਉਹ ਆਪਣੇ ਨਾਈ ਦੋਸਤ ਨਾਲ ਸ਼ਰਾਬ ਵੀ ਪੀਂਦਾ ਸੀ, ਜਿਸਦਾ ਅਨੀਤਾ ਵਿਰੋਧ ਕਰਦੀ ਸੀ।