ਹੈਦਰਾਬਾਦ ਵਿੱਚ ਇੱਕ 24 ਸਾਲਾ ਔਰਤ ਨੇ ਖ਼ੁਦਕੁਸ਼ੀ ਕਰ ਲਈ ਹੈ। ਪਿਛਲੇ ਮਹੀਨੇ ਜਦੋਂ ਉਸ ਨੇ ਇੱਕ ਵਿਅਕਤੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਉਸ ਵਿਅਕਤੀ ਨੇ ਉਸ ਨੂੰ HIV-ਪਾਜ਼ੇਟਿਵ ਖ਼ੂਨ ਦਾ ਇੰਜੈਕਸ਼ਨ ਲਗਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਮਹਿਲਾ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ।

ਮੁਲਜ਼ਮ ਮਨੋਹਰ ਦੇ ਮਾਪੇ ਵੀ HIV ਪਾਜ਼ੇਟਿਵ
ਕਿਉਂਕਿ ਮੁਲਜ਼ਮ ਦੇ ਮਾਪੇ ਪਹਿਲਾਂ ਹੀ HIV ਪਾਜ਼ੇਟਿਵ ਸਨ, ਇਸ ਲਈ ਮਹਿਲਾ ਦੇ ਮਾਪਿਆਂ ਨੇ ਪਿਛਲੇ ਸਾਲ ਸਤੰਬਰ ਵਿੱਚ ਉਸ ਵਿਅਕਤੀ ਦੀ ਇਸ ਵਾਇਰਸ ਲਈ ਜਾਂਚ ਕਰਵਾਈ ਸੀ ਅਤੇ ਉਹ ਵੀ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ ਮਹਿਲਾ ਨੇ ਤੁਰੰਤ ਵਿਆਹ ਤੋੜ ਦਿੱਤਾ। ਗੁੱਸੇ ਵਿੱਚ ਆਏ ਮੁਲਜ਼ਮ ਨੇ ਉਸ ਨੂੰ ਇੰਜੈਕਸ਼ਨ ਲਗਾ ਦਿੱਤਾ। ਫਿਲਹਾਲ ਮਨੋਹਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇੱਕ ਮਹੀਨੇ ਬਾਅਦ ਲਗਾ ਲਈ ਫਾਂਸੀ
ਘਟਨਾ ਦੇ ਲਗਪਗ ਇੱਕ ਮਹੀਨੇ ਬਾਅਦ ਸ਼ੁੱਕਰਵਾਰ ਨੂੰ ਮਹਿਲਾ ਆਪਣੇ ਘਰ ਵਿੱਚ ਫਾਹੇ ਨਾਲ ਲਟਕਦੀ ਮਿਲੀ। ਉਸ ਦੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਅਨੁਸਾਰ, ਮਹਿਲਾ ਗੰਭੀਰ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੀ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪੀੜਤਾ ਨੂੰ ਡਰ, ਸਮਾਜਿਕ ਬਦਨਾਮੀ ਅਤੇ ਭਾਵਨਾਤਮਕ ਸਦਮੇ ਨਾਲ ਨਜਿੱਠਣ ਵਿੱਚ ਕਾਫ਼ੀ ਮੁਸ਼ਕਲ ਹੋ ਰਹੀ ਸੀ।
"ਸਾਨੂੰ ਸ਼ੱਕ ਹੈ ਕਿ HIV ਸੰਕਰਮਣ ਦੇ ਮਨੋਵਿਗਿਆਨਕ ਪ੍ਰਭਾਵ ਨੇ ਹੀ ਉਸ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਹਾਲਾਂਕਿ, ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ।"
- ਪੁਲਿਸ ਇੰਸਪੈਕਟਰ, ਪੋਚਾਰਮ ਆਈ.ਟੀ. ਕੋਰੀਡੋਰ