ਪਾਰਟੀ ਦੀ ਰਣਨੀਤੀ ਬਚਾਉਣ ਲਈ ਮਮਤਾ ਦਾ ਐਕਸ਼ਨ : ਛਾਪੇਮਾਰੀ ਵਿਚਾਲੇ ਲੈਪਟਾਪ ਤੇ ਫਾਈਲਾਂ ਲੈ ਕੇ ਨਿਕਲੀ CM
ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਲਈ ਚੋਣ ਰਣਨੀਤੀ ਤਿਆਰ ਕਰਨ ਵਾਲੀ ਸੰਸਥਾ I-PAC ਦੇ ਦਫ਼ਤਰਾਂ 'ਤੇ ਵੀਰਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ।
Publish Date: Thu, 08 Jan 2026 01:23 PM (IST)
Updated Date: Thu, 08 Jan 2026 01:32 PM (IST)
ਕੋਲਕਾਤਾ: ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਲਈ ਚੋਣ ਰਣਨੀਤੀ ਤਿਆਰ ਕਰਨ ਵਾਲੀ ਸੰਸਥਾ I-PAC ਦੇ ਦਫ਼ਤਰਾਂ 'ਤੇ ਵੀਰਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ। ਇਹ ਕਾਰਵਾਈ ਕੋਲਕਾਤਾ ਦੇ ਸਾਲਟ ਲੇਕ ਸੈਕਟਰ-5 ਸਥਿਤ ਦਫ਼ਤਰ ਅਤੇ ਆਈ-ਪੈਕ ਦੇ ਮੁਖੀ ਪ੍ਰਤੀਕ ਜੈਨ ਦੇ ਘਰ 'ਤੇ ਕੀਤੀ ਗਈ ਹੈ।
ਮਮਤਾ ਬੈਨਰਜੀ ਨੇ ਖ਼ੁਦ ਸੰਭਾਲਿਆ ਮੋਰਚਾ
ਜਿਵੇਂ ਹੀ ਛਾਪੇਮਾਰੀ ਦੀ ਖ਼ਬਰ ਫੈਲੀ, ਮੁੱਖ ਮੰਤਰੀ ਮਮਤਾ ਬੈਨਰਜੀ ਖ਼ੁਦ ਪ੍ਰਤੀਕ ਜੈਨ ਦੇ ਨਿਵਾਸ 'ਤੇ ਪਹੁੰਚ ਗਏ। ਮਮਤਾ ਬੈਨਰਜੀ ਨੂੰ ਆਈ-ਪੈਕ ਦੇ ਦਫ਼ਤਰ ਤੋਂ ਪਾਰਟੀ ਨਾਲ ਸਬੰਧਤ ਮਹੱਤਵਪੂਰਨ ਫਾਈਲਾਂ, ਇੱਕ ਲੈਪਟਾਪ ਅਤੇ ਹਾਰਡ ਡਿਸਕ ਲੈ ਕੇ ਬਾਹਰ ਨਿਕਲਦੇ ਦੇਖਿਆ ਗਿਆ। ਮੁੱਖ ਮੰਤਰੀ ਦੇ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਮਨੋਜ ਵਰਮਾ ਵੀ ਮੌਕੇ 'ਤੇ ਪਹੁੰਚੇ ਸਨ।
ਅਮਿਤ ਸ਼ਾਹ ਤੇ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ
ਸੀਐਮ ਨੇ ਕਿਹਾ, "ਇਹ ਬਹੁਤ ਮੰਦਭਾਗਾ ਹੈ। ED ਇੱਥੇ ਪਾਰਟੀ ਦੇ ਗੁਪਤ ਦਸਤਾਵੇਜ਼, ਚੋਣ ਰਣਨੀਤੀ ਅਤੇ ਉਮੀਦਵਾਰਾਂ ਦੀ ਸੂਚੀ ਚੋਰੀ ਕਰਨ ਆਈ ਹੈ।" ਉਨ੍ਹਾਂ ਸਵਾਲ ਕੀਤਾ ਕਿ ਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੰਮ ਪਾਰਟੀਆਂ ਦੇ ਆਈਟੀ ਸੈੱਲ 'ਤੇ ਛਾਪੇ ਮਾਰ ਕੇ ਡੇਟਾ ਇਕੱਠਾ ਕਰਨਾ ਹੈ? ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ, "ਜੇਕਰ ਮੈਂ ਭਾਜਪਾ ਦੇ ਦਫ਼ਤਰ 'ਤੇ ਛਾਪਾ ਮਾਰਾਂ ਤਾਂ ਕੀ ਹੋਵੇਗਾ?"
ਛਾਪੇਮਾਰੀ ਦਾ ਕਾਰਨ
ਸੂਤਰਾਂ ਅਨੁਸਾਰ ED ਦੀ ਇਹ ਕਾਰਵਾਈ ਕੋਲਾ ਘੁਟਾਲੇ (Coal Scam) ਨਾਲ ਜੁੜੀ ਜਾਂਚ ਦੇ ਸਿਲਸਿਲੇ ਵਿੱਚ ਕੀਤੀ ਗਈ ਹੈ। ਹਾਲਾਂਕਿ, ਤ੍ਰਿਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਇਹ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।