ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਦੁਪਹਿਰ ਨੂੰ ਦੋ ਵੱਡੇ ਐਲਾਨ ਕਰਦਿਆਂ ਵੱਡਾ ਸਿਆਸੀ ਦਾਅ ਖੇਡਿਆ ਹੈ। ਮਮਤਾ ਨੇ ਇੱਕ ਪਾਸੇ ਜਿੱਥੇ ਪੁਰੋਹਿਤਾਂ ਤੇ ਮੁਅਜ਼ਿਨਾਂ ਨੂੰ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਮਾਣਭੱਤੇ ਵਿੱਚ 500 ਰੁਪਏ ਦਾ ਵਾਧਾ ਕਰਕੇ ਇਸਨੂੰ 2000 ਰੁਪਏ ਕਰਨ ਦਾ ਐਲਾਨ ਕੀਤਾ, ਉੱਥੇ ਹੀ ਦੂਜੇ ਪਾਸੇ ਰਾਜ ਦੇ ਸਰਕਾਰੀ ਕਰਮਚਾਰੀਆਂ, ਪੈਨਸ਼ਨਰਾਂ ਅਤੇ ਅਧਿਆਪਕਾਂ ਦੇ ਬਕਾਇਆ ਡੀਏ ਦਾ ਭੁਗਤਾਨ ਇਸੇ ਮਾਰਚ ਮਹੀਨੇ ਤੋਂ ਕਰਨ ਦੀ ਘੋਸ਼ਣਾ ਕੀਤੀ।

ਇਸ ਵਾਧੇ ਦੇ ਨਾਲ, ਹੁਣ ਉਨ੍ਹਾਂ ਨੂੰ ਹਰ ਮਹੀਨੇ 2,000 ਰੁਪਏ ਮਿਲਣਗੇ। ਇਸ ਦੇ ਨਾਲ ਹੀ, ਪੁਰੋਹਿਤਾਂ (ਪੁਜਾਰੀਆਂ) ਅਤੇ ਮੁਅਜ਼ਿਨਾਂ ਵੱਲੋਂ ਸਹੀ ਤਰੀਕੇ ਨਾਲ ਜਮ੍ਹਾਂ ਕਰਵਾਏ ਗਏ ਸਾਰੇ ਨਵੇਂ ਬਿਨੈ-ਪੱਤਰਾਂ ਨੂੰ ਵੀ ਰਾਜ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਇੱਕ ਹੋਰ ਪੋਸਟ ਵਿੱਚ ਮਮਤਾ ਨੇ ਲਿਖਿਆ— "ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਸਾਡੀ 'ਮਾਂ-ਮਾਟੀ-ਮਾਨੁਸ਼' ਦੀ ਸਰਕਾਰ ਨੇ ਆਪਣੇ ਸਾਰੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਨਾਲ-ਨਾਲ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਲੱਖਾਂ ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ਼, ਅਤੇ ਪੰਚਾਇਤਾਂ, ਨਗਰ ਨਿਗਮਾਂ ਤੇ ਹੋਰ ਸਥਾਨਕ ਇਕਾਈਆਂ ਵਰਗੀਆਂ ਸਾਡੀਆਂ ਹੋਰ 'ਗ੍ਰਾਂਟ-ਇਨ-ਏਡ' (ਸਹਾਇਤਾ ਪ੍ਰਾਪਤ) ਸੰਸਥਾਵਾਂ ਦੇ ਕਰਮਚਾਰੀਆਂ/ਪੈਨਸ਼ਨਰਾਂ ਨਾਲ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ।"
ਸਾਡੇ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨਾਂ ਵਿੱਚ ਦੱਸੇ ਗਏ ਨਿਯਮਾਂ ਅਨੁਸਾਰ, ਉਨ੍ਹਾਂ ਨੂੰ ਇਸੇ ਮਾਰਚ 2026 ਤੋਂ ਆਪਣੇ ਬਕਾਇਆ ਡੀ.ਏ. (ਮਹਿੰਗਾਈ ਭੱਤੇ) ਦਾ ਭੁਗਤਾਨ ਸ਼ੁਰੂ ਹੋ ਜਾਵੇਗਾ। ਰਾਜ ਦੇ ਵਿੱਤ ਵਿਭਾਗ ਨੇ ਐਤਵਾਰ ਨੂੰ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਇਹ ਦੋਵੇਂ ਵੱਡੇ ਐਲਾਨ ਅਜਿਹੇ ਸਮੇਂ ਕੀਤੇ ਹਨ, ਜਦੋਂ ਚੋਣ ਕਮਿਸ਼ਨ ਬੰਗਾਲ ਸਮੇਤ ਪੰਜ ਰਾਜਾਂ ਵਿੱਚ ਸ਼ਾਮ ਚਾਰ ਵਜੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਵਾਲਾ ਹੈ।