- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਛਮੀ ਬੰਗਾਲ ਵਿੱਚ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਸਿਖਰ 'ਤੇ ਪਹੁੰਚ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਸਿਆਸੀ ਸਲਾਹਕਾਰ ਫਰਮ ਇੰਡੀਅਨ ਪੋਲੀਟੀਕਲ ਐਕਸ਼ਨ ਕਮੇਟੀ (I-PAC) ਦੇ ਦਫ਼ਤਰ ਅਤੇ ਇਸ ਦੇ ਸਹਿ-ਸੰਸਥਾਪਕ ਪ੍ਰਤੀਕ ਜੈਨ ਦੇ ਨਿਵਾਸ 'ਤੇ ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦਖਲ ਦਿੱਤਾ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕੋਲਕਾਤਾ ਵਿੱਚ 6 ਕਿਲੋਮੀਟਰ ਲੰਬੀ ਵਿਸ਼ਾਲ ਵਿਰੋਧ ਰੈਲੀ ਦੀ ਅਗਵਾਈ ਕੀਤੀ।

ਉਨ੍ਹਾਂ ਨੇ ਕਿਹਾ ਕਿ ਕੱਲ੍ਹ ਮੈਂ ਜੋ ਕੁਝ ਵੀ ਕੀਤਾ, ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਵਜੋਂ ਕੀਤਾ। ਮੈਂ ਕੁਝ ਵੀ ਗੈਰ-ਕਾਨੂੰਨੀ ਨਹੀਂ ਕੀਤਾ। ਜੇਕਰ ਕੋਈ ਮੈਨੂੰ ਸਿਆਸੀ ਤੌਰ 'ਤੇ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਕੀ ਮੈਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਨਹੀਂ ਹੈ? ਜੇਕਰ ਕੋਈ ਮੇਰੇ 'ਤੇ ਹਮਲਾ ਕਰਦਾ ਹੈ, ਤਾਂ ਮੇਰਾ ਪੁਨਰ ਜਨਮ ਹੁੰਦਾ ਹੈ। ਕੱਲ੍ਹ ਦਾ ਦਿਨ ਮੇਰੇ ਲਈ ਪੁਨਰ ਜਨਮ ਵਾਂਗ ਸੀ।
ਮਮਤਾ ਨੇ ਅੱਗੇ ਦੋਸ਼ ਲਾਇਆ ਕਿ ਈਡੀ (ED) ਕਥਿਤ ਕੋਲਾ ਘੁਟਾਲੇ ਦੇ ਨਾਂ 'ਤੇ ਭਾਜਪਾ ਦੇ ਸਿਆਸੀ ਉਦੇਸ਼ਾਂ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੇਰੇ ਕੋਲ ਸਾਰੇ ਸਬੂਤ ਪੈੱਨ ਡਰਾਈਵ ਵਿੱਚ ਹਨ ਅਤੇ ਸਮਾਂ ਆਉਣ 'ਤੇ ਮੈਂ ਇਨ੍ਹਾਂ ਨੂੰ ਜਾਰੀ ਕਰ ਦੇਵਾਂਗੀ। ਕਈ ਸੀਨੀਅਰ ਭਾਜਪਾ ਆਗੂ ਕੋਲਾ ਘੁਟਾਲੇ ਦੇ ਪੈਸੇ ਨਾਲ ਜੁੜੇ ਹੋਏ ਹਨ। ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਚੋਣਾਂ ਚੋਰੀ ਕੀਤੀਆਂ ਗਈਆਂ, ਹੁਣ ਬੰਗਾਲ 'ਤੇ ਨਜ਼ਰ ਹੈ। ਪਰ ਬੰਗਾਲ ਨਹੀਂ ਝੁਕੇਗਾ।
ਦਿੱਲੀ ਵਿੱਚ TMC ਸਾਂਸਦਾਂ ਨੂੰ ਹਿਰਾਸਤ ਵਿੱਚ ਲਿਆ, ਮਮਤਾ ਨੇ ਕਿਹਾ- 'ਲੋਕਤੰਤਰ ਦਾ ਮਤਲਬ ਹੁਕਮ ਮੰਨਣਾ'
ਕੋਲਕਾਤਾ ਰੈਲੀ ਤੋਂ ਕੁਝ ਘੰਟੇ ਪਹਿਲਾਂ ਹੀ ਦਿੱਲੀ ਵਿੱਚ ਟੀ.ਐਮ.ਸੀ. ਸਾਂਸਦਾਂ ਮਹੂਆ ਮੋਇਤਰਾ, ਡੈਰੇਕ ਓ'ਬ੍ਰਾਇਨ ਸਮੇਤ ਅੱਠ ਸਾਂਸਦਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਸਾਂਸਦਾਂ ਨੂੰ ਘਸੀਟ ਕੇ ਲਿਜਾਇਆ ਗਿਆ, ਜਿਸ ਦੀ ਨਿੰਦਾ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਸੜਕਾਂ 'ਤੇ ਘਸੀਟਣਾ ਕਾਨੂੰਨ ਵਿਵਸਥਾ ਨਹੀਂ, ਸਗੋਂ ਵਰਦੀ ਵਿੱਚ ਹੰਕਾਰ ਹੈ। ਭਾਜਪਾ ਲਈ ਲੋਕਤੰਤਰ ਦਾ ਮਤਲਬ ਹੁਕਮ ਮੰਨਣਾ (ਆਗਿਆ ਪਾਲਣ) ਹੈ, ਅਸਹਿਮਤੀ ਨਹੀਂ।
ਈਡੀ (ED) ਅਤੇ ਭਾਜਪਾ ਦਾ ਪਲਟਵਾਰ ਈਡੀ ਨੇ ਦੋਸ਼ ਲਾਇਆ ਕਿ ਮਮਤਾ ਬੈਨਰਜੀ ਨੇ ਛਾਪੇਮਾਰੀ ਦੌਰਾਨ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਡਿਵਾਈਸ ਜ਼ਬਤ ਕਰ ਲਏ, ਜਿਸ ਨਾਲ ਜਾਂਚ ਵਿੱਚ ਰੁਕਾਵਟ ਪਾਈ ਗਈ। ਏਜੰਸੀ ਨੇ ਕਲਕੱਤਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ, ਪਰ ਅਦਾਲਤ ਵਿੱਚ ਹੰਗਾਮਾ ਹੋਣ ਕਾਰਨ ਸੁਣਵਾਈ ਮੁਲਤਵੀ ਹੋ ਗਈ।
ਭਾਜਪਾ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ ਪਲਟਵਾਰ ਕਰਦਿਆਂ ਕਿਹਾ, "ਮਮਤਾ ਬੈਨਰਜੀ ਇੱਕ ਭ੍ਰਿਸ਼ਟ ਸਰਕਾਰ ਚਲਾ ਰਹੀ ਹੈ। ਈਡੀ ਅਧਿਕਾਰੀਆਂ ਨੂੰ ਧਮਕਾਉਣ ਅਤੇ ਸਬੂਤ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਭ ਸੰਵੇਦਨਸ਼ੀਲ ਚੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਫਸਾ ਸਕਦੀਆਂ ਹਨ।"
I-PAC ਦਾ ਬਿਆਨ
I-PAC ਨੇ ਛਾਪੇਮਾਰੀ ਨੂੰ ਇੱਕ "ਮਾੜੀ ਮਿਸਾਲ" ਦੱਸਦਿਆਂ ਕਿਹਾ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ (ਭਾਜਪਾ, ਕਾਂਗਰਸ, ਆਪ, ਟੀਐਮਸੀ ਸਮੇਤ) ਲਈ ਕੰਮ ਕਰਦੀ ਹੈ ਅਤੇ ਪੇਸ਼ੇਵਰ ਇਮਾਨਦਾਰੀ ਬਣਾਈ ਰੱਖੇਗੀ।