- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਰਲ ਹਾਈਕੋਰਟ ਨੇ ਇੱਕ ਪਾਰਿਵਾਰਿਕ ਵਿਵਾਦ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਪਤੀ-ਪਤਨੀ ਗੁੱਸੇ ਵਿੱਚ 'ਜਾ-ਮਰ ਜਾ' ਵਰਗੇ ਸ਼ਬਦ ਕਹਿੰਦੇ ਹਨ, ਤਾਂ ਇਸ ਨੂੰ ਖੁਦਕੁਸ਼ੀ ਲਈ ਉਕਸਾਉਣਾ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਸਪੱਸ਼ਟ ਕਰ ਦਿੱਤਾ ਕਿ ਭਾਰਤੀ ਦੰਡਾਵਲੀ (IPC) ਦੀ ਧਾਰਾ 306 ਦੇ ਤਹਿਤ ਅਪਰਾਧ ਸਿੱਧ ਕਰਨ ਲਈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਮੁਲਜ਼ਮ ਦਾ ਇਰਾਦਾ ਜਾਣਬੁੱਝ ਕੇ ਖੁਦਕੁਸ਼ੀ ਲਈ ਉਕਸਾਉਣ ਦਾ ਸੀ।

'ਜਾ ਮਰ ਜਾ...'
ਨਾਜਾਇਜ਼ ਸਬੰਧਾਂ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਹੋਏ ਝਗੜੇ ਦੌਰਾਨ ਪਤੀ ਨੇ ਕਥਿਤ ਤੌਰ 'ਤੇ ਔਰਤ ਨੂੰ ਕਿਹਾ, 'ਜਾ ਚਲੀ ਜਾ ਇੱਥੋਂ, ਮਰ ਜਾ'। ਇਸ ਤੋਂ ਬਾਅਦ ਔਰਤ ਨੇ 15 ਸਤੰਬਰ, 2023 ਨੂੰ ਆਪਣੀ ਸਾਢੇ ਪੰਜ ਸਾਲ ਦੀ ਬੇਟੀ ਸਮੇਤ ਖੂਹ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਪੁਲਿਸ ’ਚ ਦਰਜ ਹੋਇਆ ਮਾਮਲਾ
ਇਸ ਘਟਨਾ ਤੋਂ ਬਾਅਦ ਕਾਸਰਗੋਡ ਦੇ ਮੇਲਪਰੰਬਾ ਪੁਲਿਸ ਸਟੇਸ਼ਨ ਨੇ ਮਹਿਲਾ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ। ਕਾਸਰਗੋਡ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਮੁਲਜ਼ਮ ਦੀ ਬਰੀ ਹੋਣ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਉਸ ਦੇ ਖਿਲਾਫ਼ ਦੋਸ਼ ਤੈਅ ਕਰਨ ਦਾ ਫੈਸਲਾ ਕੀਤਾ।
ਪਤੀ ਨੇ ਕੀਤਾ ਹਾਈਕੋਰਟ ਦਾ ਰੁਖ
ਇਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਹਾਈਕੋਰਟ ਤੱਕ ਪਹੁੰਚ ਕੀਤੀ। ਹਾਈਕੋਰਟ ਵਿੱਚ ਪਤੀ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਸ਼ਬਦ ਸਿਰਫ਼ ਪਲ ਭਰ ਦੇ ਗੁੱਸੇ ਵਿੱਚ ਕਹੇ ਗਏ ਸਨ ਅਤੇ ਇਸ ਦਾ ਮਤਲਬ ਪਤਨੀ ਨੂੰ ਖੁਦਕੁਸ਼ੀ ਲਈ ਉਕਸਾਉਣਾ ਨਹੀਂ ਸੀ। ਹਾਈਕੋਰਟ ਨੇ ਇਸ 'ਤੇ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਦੇ ਉਸ ਫੈਸਲੇ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਝਗੜੇ ਦੌਰਾਨ ਗੁੱਸੇ ਵਿੱਚ ਬੋਲੇ ਗਏ ਸਾਧਾਰਨ ਜਾਂ ਗੈਰ-ਜ਼ਿੰਮੇਵਾਰਾਨਾ ਸ਼ਬਦ ਖੁਦਕੁਸ਼ੀ ਲਈ ਉਕਸਾਉਣ ਦੇ ਇਰਾਦੇ ਵਿੱਚ ਨਹੀਂ ਆਉਂਦੇ।
ਉਕਸਾਉਣ ਦਾ ਕੋਈ ਇਰਾਦਾ ਨਹੀਂ ਸੀ
ਕੇਰਲ ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ ਵਿੱਚ 'ਚਲੀ ਜਾ ਅਤੇ ਮਰ ਜਾ' ਸ਼ਬਦ ਜ਼ਬਾਨੀ ਬਹਿਸ ਦੌਰਾਨ ਤੈਸ਼ ਵਿੱਚ ਆ ਕੇ ਕਹੇ ਗਏ ਸਨ, ਮ੍ਰਿਤਕਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਕੋਈ ਇਰਾਦਾ ਨਹੀਂ ਸੀ। ਇਸ ਲਈ ਆਈ.ਪੀ.ਸੀ. (IPC) ਦੀ ਧਾਰਾ 306 ਦੇ ਤਹਿਤ ਅਪਰਾਧ ਨਹੀਂ ਬਣਦਾ।