ਇੰਦਰਾ ਗਾਂਧੀ ਦੇ ਕਾਤਲ ਸਤਵੰਤ ਦਾ ਭਤੀਜਾ ਨਿਊਜ਼ੀਲੈਂਡ ’ਚ ਨਾਂ ਗੁਪਤ ਰੱਖਣ ਦਾ ਕੇਸ ਹਾਰਿਆ, ਪਟੀਸ਼ਨ ਅਦਾਲਤ ਵੱਲੋਂ ਖ਼ਾਰਜ
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਤੀਜੇ ਦੀ ਸ਼ਨਾਖ਼ਤ ਉਸ ਸਮੇਂ ਉਜਾਗਰ ਹੋ ਗਈ, ਜਦੋਂ ਉਹ ਨਿਊਜ਼ੀਲੈਂਡ ਦੀ ਅਦਾਲਤ ਵਿਚ ਆਪਣੇ ਨਾਂ ਨੂੰ ਗੁਪਤ ਰੱਖਣ ਲਈ ਦਾਇਰ ਕੇਸ ਹਾਰ ਗਿਆ। ਨਿਊਜ਼ੀਲੈਂਡ ਦੇ ਵੈੱਬ ਪੋਰਟਲ ਸਟੱਫ ਨੇ ਸ਼ਨਿਚਰਵਾਰ ਨੂੰ ਇਹ ਖ਼ਬਰ ਪੋਸਟ ਕੀਤੀ ਹੈ। ਖ਼ਬਰ ਮੁਤਾਬਕ ਬਲਤੇਜ ਸਿੰਘ ਨਾਂ ਦਾ ਇਹ ਵਪਾਰੀ ਆਪਣਾ ਨਾਂ ਗੁਪਤ ਰੱਖਣ ਲਈ ਕਾਨੂੰਨੀ ਲੜਾਈ ਲੜ ਰਿਹਾ ਸੀ।
Publish Date: Tue, 31 Mar 2026 10:33 AM (IST)
Updated Date: Tue, 31 Mar 2026 10:36 AM (IST)
ਨਵੀਂ ਦਿੱਲੀ/ਵੇਲਿੰਗਟਨ (ਪੀਟੀਆਈ) : ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਤੀਜੇ ਦੀ ਸ਼ਨਾਖ਼ਤ ਉਸ ਸਮੇਂ ਉਜਾਗਰ ਹੋ ਗਈ, ਜਦੋਂ ਉਹ ਨਿਊਜ਼ੀਲੈਂਡ ਦੀ ਅਦਾਲਤ ਵਿਚ ਆਪਣੇ ਨਾਂ ਨੂੰ ਗੁਪਤ ਰੱਖਣ ਲਈ ਦਾਇਰ ਕੇਸ ਹਾਰ ਗਿਆ। ਨਿਊਜ਼ੀਲੈਂਡ ਦੇ ਵੈੱਬ ਪੋਰਟਲ ਸਟੱਫ ਨੇ ਸ਼ਨਿਚਰਵਾਰ ਨੂੰ ਇਹ ਖ਼ਬਰ ਪੋਸਟ ਕੀਤੀ ਹੈ। ਖ਼ਬਰ ਮੁਤਾਬਕ ਬਲਤੇਜ ਸਿੰਘ ਨਾਂ ਦਾ ਇਹ ਵਪਾਰੀ ਆਪਣਾ ਨਾਂ ਗੁਪਤ ਰੱਖਣ ਲਈ ਕਾਨੂੰਨੀ ਲੜਾਈ ਲੜ ਰਿਹਾ ਸੀ।
ਉਹ 700 ਕਿੱਲੋ ਤੋਂ ਵੱਧ ਮੈਥਾਮਫੇਟਾਮਾਈਨ ਦੀ ਦਰਾਮਦ ਲਈ ਨਿਊਜ਼ੀਲੈਂਡ ਵਿਚ 22 ਸਾਲਾਂ ਦੀ ਜੇਲ੍ਹ ਕੱਟ ਰਿਹਾ ਸੀ। ਇਹ ਨਿਊਜ਼ੀਲੈਂਡ ਦੇ ਅਧਿਕਾਰੀਆਂ ਵੱਲੋਂ ਜ਼ਬਤ ਕੀਤੀ ਗਈ ਸਭ ਤੋਂ ਵੱਡੀ ਖੇਪ ਹੈ। ਬਲਤੇਜ ਵਿਚ 1984 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਰਨ ਵਾਲੇ ਬਾਡੀਗਾਰਡ ਸਤਵੰਤ ਦਾ ਭਤੀਜਾ ਹੈ। ਉਸ ਨੂੰ ਹਾਈ ਕੋਰਟ ਵੱਲੋਂ ਸਥਾਈ ਨਾਂ ਗੁਪਤ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਕਿਉਂਕਿ ਬਲਤੇਜ ਇਹ ਤਰਕ ਦੇ ਰਿਹਾ ਸੀ ਕਿ ਜੇ ਉਸ ਦਾ ਨਾਂ ਜਨਤਕ ਹੋਇਆ ਤਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਪਰੇਸ਼ਾਨੀ ਪੇਸ਼ ਆ ਸਕਦੀ ਹੈ।
ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਇਸ ਮੰਗ ਵਿਰੁੱਧ ਅਪੀਲ ਕੀਤੀ ਤੇ ਤੇ ਪਿਛਲੇ ਸਾਲ ਨਵੰਬਰ ਦੌਰਾਨ ਇਹ ਫ਼ੈਸਲਾ ਆਇਆ ਕਿ ਬਲਤੇਜ ਦਾ ਨਾਂ ਉਜਾਗਰ ਕੀਤਾ ਜਾ ਸਕਦਾ ਹੈ। ਆਕਲੈਂਡ ਵਿਚ ਵਪਾਰ ਕਰਦਾ ਰਿਹਾ ਮੁਲਜ਼ਮ ਬਲਤੇਜ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਲੈ ਕੇ ਜਾਣ ਦੀ ਪ੍ਰਵਾਨਗੀ ਮੰਗ ਰਿਹਾ ਸੀ ਪਰ ਹੁਣ ਉਸ ਨੇ ਉਸ ਅਪੀਲ ਨੂੰ ਛੱਡ ਦਿੱਤਾ ਹੈ। ਇਸ ਨਾਲ ਮੀਡੀਆ ਲਈ ਬਲਤੇਜ ਦੀ ਸ਼ਨਾਖ਼ਤ ਜਨਤਕ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।
ਸਟੱਫ ਵੈੱਬ ਪੋਰਟਲ ਨੇ ਵੀ ਬਲਤੇਜ ਦੀ ਪਛਾਣ ਗੁਪਤ ਰੱਖਣ ਦਾ ਵਿਰੋਧ ਕੀਤਾ ਸੀ। ਇਸਤਗਾਸਾ ਧਿਰ ਨੇ ਪਹਿਲਾਂ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਭਾਰਤੀ ਮੀਡੀਆ ਤਾਂ ਪਹਿਲਾਂ ਹੀ ਬਲਤੇਜ ਸਿੰਘ ਦੀ ਪਛਾਣ ਉਜਾਗਰ ਕਰ ਚੁੱਕਾ ਸੀ, ਇਹ ਵੀ ਇਸ ਮੁਕੱਦਮੇ ਵਿਚ ਵੱਡੀ ਦਲੀਲ ਸਾਬਤ ਹੋਈ।