- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੋਹੋ (Zoho) ਕੰਪਨੀ ਦੇ ਫਾਊਂਡਰ ਅਤੇ ਸੀਈਓ ਸ਼੍ਰੀਧਰ ਵੇਂਬੂ ਦਾ ਤਲਾਕ ਭਾਰਤ ਦਾ ਸਭ ਤੋਂ ਮਹਿੰਗਾ ਤਲਾਕ ਮੰਨਿਆ ਜਾ ਰਿਹਾ ਹੈ। ਕੈਲੀਫੋਰਨੀਆ ਵਿੱਚ ਚੱਲ ਰਹੇ ਤਲਾਕ ਦੇ ਮਾਮਲੇ ਵਿੱਚ ਅਦਾਲਤ ਨੇ ਸ਼੍ਰੀਧਰ ਵੇਂਬੂ ਨੂੰ 1.7 ਅਰਬ ਡਾਲਰ (ਲਗਭਗ 14 ਹਜ਼ਾਰ ਕਰੋੜ ਰੁਪਏ) ਦੇ ਬਾਂਡ ਜਮ੍ਹਾ ਕਰਨ ਦਾ ਹੁਕਮ ਦਿੱਤਾ ਹੈ। ਸ਼੍ਰੀਧਰ ਵੇਂਬੂ ਅਤੇ ਉਨ੍ਹਾਂ ਦੀ ਪਤਨੀ ਪ੍ਰਮਿਲਾ ਸ਼੍ਰੀਨਿਵਾਸਨ ਵਿਚਕਾਰ ਇਸ ਤਲਾਕ ਦਾ ਮੁੱਖ ਕਾਰਨ ਕਸਟਡੀ ਅਤੇ 'ਜ਼ੋਹੋ' ਵਿੱਚ ਹਿੱਸੇਦਾਰੀ ਨੂੰ ਲੈ ਕੇ ਹੈ। ਇਸ ਤਲਾਕ ਵਿੱਚ ਵਿਵਾਦ ਦੀ ਵਜ੍ਹਾ ਕੈਲੀਫੋਰਨੀਆ ਵਿੱਚ ਰਹਿਣ ਦੌਰਾਨ ਜੋੜੇ ਦੁਆਰਾ ਇਕੱਠੀ ਕੀਤੀ ਗਈ ਵਿਆਹੁਤਾ ਸੰਪੱਤੀ ਦੀ ਵੰਡ ਹੈ।

2019 ਵਿੱਚ ਭਾਰਤ ਵਾਪਸ ਆ ਗਏ ਸਨ ਵੇਂਬੂ
IIT-ਮਦਰਾਸ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਵੇਂਬੂ 1989 ਵਿੱਚ ਪ੍ਰਿੰਸਟਨ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ PhD ਕਰਨ ਲਈ ਅਮਰੀਕਾ ਗਏ ਸਨ। ਅਮਰੀਕਾ ਜਾਣ ਦੇ ਚਾਰ ਸਾਲ ਬਾਅਦ 1993 ਵਿੱਚ ਉਨ੍ਹਾਂ ਨੇ ਉੱਦਮੀ ਪ੍ਰਮਿਲਾ ਸ਼੍ਰੀਨਿਵਾਸਨ ਨਾਲ ਵਿਆਹ ਕਰ ਲਿਆ।
ਸਾਲ 1996 ਵਿੱਚ ਸ਼੍ਰੀਧਰ ਵੇਂਬੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 'ਐਡਵੈਂਟਨੈੱਟ' (AdventNet) ਨਾਮਕ ਇੱਕ ਸੌਫਟਵੇਅਰ ਡਿਵੈਲਪਮੈਂਟ ਕੰਪਨੀ ਸ਼ੁਰੂ ਕੀਤੀ ਅਤੇ 2009 ਵਿੱਚ ਇਸ ਦਾ ਨਾਂ ਬਦਲ ਕੇ ਜ਼ੋਹੋ ਕਾਰਪੋਰੇਸ਼ਨ ਕਰ ਦਿੱਤਾ।
ਸ਼੍ਰੀਧਰ ਵੇਂਬੂ ਅਤੇ ਪ੍ਰਮਿਲਾ ਸ਼੍ਰੀਨਿਵਾਸਨ ਕੈਲੀਫੋਰਨੀਆ ਵਿੱਚ ਕਰੀਬ ਤਿੰਨ ਦਹਾਕੇ ਰਹੇ। ਇਸ ਜੋੜੇ ਦਾ ਇੱਕ 26 ਸਾਲ ਦਾ ਬੇਟਾ ਵੀ ਹੈ। 2019 ਵਿੱਚ ਵੇਂਬੂ ਭਾਰਤ ਵਾਪਸ ਆ ਗਏ ਅਤੇ ਤਮਿਲਨਾਡੂ ਦੇ ਆਪਣੇ ਜੱਦੀ ਪਿੰਡ ਮਥਲਮਪਰਾਈ ਤੋਂ ਹੀ 'ਜ਼ੋਹੋ' ਦਾ ਕੰਮ ਦੇਖਣ ਲੱਗੇ।
ਪਤਨੀ ਨੇ ਲਗਾਏ ਗੰਭੀਰ ਦੋਸ਼
ਫੋਰਬਸ ਦੀ ਰਿਪੋਰਟ ਮੁਤਾਬਕ, ਵੇਂਬੂ ਨੇ ਅਗਸਤ 2021 ਵਿੱਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ। ਪ੍ਰਮਿਲਾ ਸ਼੍ਰੀਨਿਵਾਸਨ ਨੇ ਦੋਸ਼ ਲਗਾਇਆ ਕਿ ਵੇਂਬੂ ਨੇ ਕੰਪਨੀ ਦੇ ਜ਼ਿਆਦਾਤਰ ਸ਼ੇਅਰ ਆਪਣੀ ਭੈਣ ਰਾਧਾ ਵੇਂਬੂ ਅਤੇ ਭਰਾ ਸ਼ੇਖਰ ਨੂੰ ਦੇ ਦਿੱਤੇ ਹਨ।
ਰਾਧਾ ਕੋਲ ਮੌਜੂਦਾ ਸਮੇਂ ਵਿੱਚ ਕੰਪਨੀ ਵਿੱਚ ਕਰੀਬ 47.8% ਹਿੱਸੇਦਾਰੀ ਹੈ, ਜਦਕਿ ਵੇਂਬੂ ਟੈਕਨਾਲੋਜੀਜ਼ ਦੇ ਸੰਸਥਾਪਕ ਸ਼ੇਖਰ ਕੋਲ 35.2% ਹਿੱਸੇਦਾਰੀ ਹੈ। ਵੇਂਬੂ ਕੋਲ ਖ਼ੁਦ ਸਿਰਫ਼ 5% ਹਿੱਸੇਦਾਰੀ ਹੈ, ਜਿਸ ਦੀ ਕੀਮਤ 225 ਮਿਲੀਅਨ ਅਮਰੀਕੀ ਡਾਲਰ ਹੈ। ਸ਼੍ਰੀਧਰ ਵੇਂਬੂ ਨੇ ਪਤਨੀ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਨ੍ਹਾਂ ਨੂੰ ਇੱਕ ਮਨਘੜਤ ਕਹਾਣੀ ਕਰਾਰ ਦਿੱਤਾ ਹੈ।
ਜਮ੍ਹਾ ਕਰਨੇ ਪੈਣਗੇ 14 ਹਜ਼ਾਰ ਕਰੋੜ ਦੇ ਬਾਂਡ
ਜਨਵਰੀ 2025 ਵਿੱਚ ਕੈਲੀਫੋਰਨੀਆ ਦੀ ਸਰਵਉੱਚ ਅਦਾਲਤ ਨੇ ਆਪਣੇ ਹੁਕਮ ਵਿੱਚ ਵੇਂਬੂ ਨੂੰ 1.7 ਅਰਬ ਅਮਰੀਕੀ ਡਾਲਰ ਦਾ ਬਾਂਡ ਜਮ੍ਹਾ ਕਰਨ ਦਾ ਆਦੇਸ਼ ਦਿੱਤਾ ਹੈ। ਭਾਰਤੀ ਕਰੰਸੀ ਵਿੱਚ ਇਹ ਰਕਮ 14,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਅਦਾਲਤ ਨੇ ਕਿਹਾ ਕਿ ਵਿਆਹੁਤਾ ਸੰਪੱਤੀ 'ਤੇ ਸ਼੍ਰੀਨਿਵਾਸਨ ਦੇ ਅਧਿਕਾਰਾਂ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਸੀ।