ਚਾਈਨੀਜ਼ ਡੋਰ ’ਤੇ ਕਾਬੂ ਨਾ ਕੀਤਾ ਗਿਆ ਤਾਂ ਰੋਕਣੀ ਪਵੇਗੀ ਪਤੰਗਬਾਜ਼ੀ : ਹਾਈ ਕੋਰਟ
ਕੋਰਟ ਨੇ ਸਖ਼ਤੀ ਦਿਖਾਉਂਦੇ ਹੋਏ ਮੁੱਖ ਸਕੱਤਰ ਨੂੰ ਕਿਹਾ ਕਿ ਤੁਸੀਂ ਚਾਈਨੀਜ਼ ਡੋਰ ਨੂੰ ਲੈ ਕੇ ਸਖ਼ਤ ਨੀਤੀ ਬਣਾਓ। ਹਾਲਾਤ ਕੰਟਰੋਲ ’ਚ ਨਹੀਂ ਆਉਂਦੇ ਤਾਂ ਸਾਨੂੰ ਪਤੰਗਬਾਜ਼ੀ ਰੋਕਣੀ ਪਵੇਗੀ। ਮਾਮਲੇ ’ਚ ਹੁਣ ਨੌਂ ਮਾਰਚ ਤੋਂ ਬਾਅਦ ਸੁਣਵਾਈ ਹੋਵੇਗੀ।
Publish Date: Fri, 16 Jan 2026 11:47 PM (IST)
Updated Date: Sat, 17 Jan 2026 09:56 AM (IST)
ਨਈਦੁਨੀਆ ਪ੍ਰਤੀਨਿਧੀ, ਇੰਦੌਰ : ਮੱਧ ਪ੍ਰਦੇਸ਼ ’ਚ ਚਾਈਨੀਜ਼ ਡੋਰ ਨਾਲ ਲਗਾਤਾਰ ਹੋ ਰਹੀਆਂ ਘਟਨਾਵਾਂ ’ਤੇ ਹਾਈ ਕੋਰਟ ਖ਼ੁਦ ਨੋਟਿਸ ਲੈ ਕੇ ਸੁਣਵਾਈ ਕਰ ਰਹੀ ਹੈ। ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ’ਚ ਪਾਬੰਦੀਸ਼ੁਦਾ ਚਾਈਨੀਜ਼ ਡੋਰ ਨਾਲ ਹੁੰਦੇ ਹਾਦਸਿਆਂ ਦੇ ਮਾਮਲੇ ’ਚ ਸੁਣਵਾਈ ਹੋਈ। ਇਸ ਦੌਰਾਨ ਇਕ ਵਕੀਲ ਨੇ ਕੋਰਟ ਤੋਂ ਬੋਲਣ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਣ ’ਤੇ ਵਕੀਲ ਨੇ ਆਪਣੇ ਨਾਲ ਲਿਆਂਦੀ ਚਾਈਨੀਜ਼ ਡੋਰ ਨੂੰ ਕੋਰਟ ਸਾਹਮਣੇ ਰੱਖਿਆ।
ਦੱਸਿਆ ਕਿ ਮਕਰ ਸੰਕ੍ਰਾਂਤੀ ’ਤੇ ਇਹ ਡੋਰ ਕੱਟੀ ਪਤੰਗ ਨਾਲ ਉਨ੍ਹਾਂ ਦੀ ਛੱਤ ਆ ਡਿੱਗੀ। ਕੋਰਟ ਨੇ ਚਾਈਨੀਜ਼ ਡੋਰ ਨਾਲ ਪੈਨਸਿਲ ਨੂੰ ਕੱਟ ਕੇ ਦੇਖਿਆ ਤਾਂ ਉਹ ਆਸਾਨੀ ਨਾਲ ਕੱਟੀ ਗਈ। ਇਸ ’ਤੇ ਕੋਰਟ ਨੇ ਇਸ ਨੂੰ ਬੇਹੱਦ ਖ਼ਤਰਨਾਕ ਦੱਸਿਆ। ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਤੁਸੀਂ ਐਕਸ਼ਨ ਲੈ ਰਹੇ ਹੋ ਪਰ ਇਹ ਲੁੜੀਂਦੇ ਨਹੀਂ। ਸਖ਼ਤੀ ਦੇ ਬਾਵਜੂਦ ਚਾਈਨੀਜ਼ ਡੋਰ ਵਿਕ ਰਹੀ ਹੈ। ਅਖ਼ਬਾਰਾਂ ’ਚ ਜੋ ਤਸਵੀਰਾਂ ਪ੍ਰਕਾਸ਼ਿਤ ਹੋਈਆਂ ਹਨ, ਉਨ੍ਹਾਂ ਨੂੰ ਦੇਖ ਕੇ ਦਿਲ ਕੰਬ ਜਾਂਦਾ ਹੈ। ਗੁਜਰਾਤ ’ਚ ਇੰਨਾ ਵੱਡਾ ਆਯੋਜਨ ਹੁੰਦਾ ਹੈ ਪਰ ਉਥੋਂ ਕੋਈ ਅਜਿਹੀ ਖ਼ਬਰ ਨਹੀਂ ਆਉਂਦੀ।
ਕੋਰਟ ਨੇ ਸਖ਼ਤੀ ਦਿਖਾਉਂਦੇ ਹੋਏ ਮੁੱਖ ਸਕੱਤਰ ਨੂੰ ਕਿਹਾ ਕਿ ਤੁਸੀਂ ਚਾਈਨੀਜ਼ ਡੋਰ ਨੂੰ ਲੈ ਕੇ ਸਖ਼ਤ ਨੀਤੀ ਬਣਾਓ। ਹਾਲਾਤ ਕੰਟਰੋਲ ’ਚ ਨਹੀਂ ਆਉਂਦੇ ਤਾਂ ਸਾਨੂੰ ਪਤੰਗਬਾਜ਼ੀ ਰੋਕਣੀ ਪਵੇਗੀ। ਮਾਮਲੇ ’ਚ ਹੁਣ ਨੌਂ ਮਾਰਚ ਤੋਂ ਬਾਅਦ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 11 ਦਸੰਬਰ 2025 ਨੂੰ ਹੁਕਮ ਜਾਰੀ ਕਰ ਕੇ ਕੋਰਟ ਨੇ ਇੰਦੌਰ ਤੇ ਆਸਪਾਸ ਦੇ ਸਾਰੇ ਜ਼ਿਲ੍ਹਿਆਂ ’ਚ ਚਾਈਨੀਜ਼ ਡੋਰ ਬਣਾਉਣ, ਵੇਚਣ ਤੇ ਇਸਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ।
12 ਜਨਵਰੀ 2026 ਨੂੰ ਹੋਈ ਸੁਣਵਾਈ ’ਚ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਉਹ ਹੁਕਮਾਂ ਦਾ ਸਖ਼ਤੀ ਨਾਲ ਪਾਲਣਾ ਕਰਨ ਤੇ ਯਕੀਨੀ ਕਰਨ ਕਿ ਚਾਈਨੀਜ਼ ਡੋਰ ਕਾਰਨ ਕੋਈ ਹਾਦਸਾ ਨਾ ਹੋਵੇ ਪਰ ਇਸਦੇ ਬਾਵਜੂਦ ਮਕਰ ਸੰਕ੍ਰਾਂਤੀ ਦੇ ਦਿਨ ਇੰਦੌਰ ਤੇ ਆਸਪਾਸ ਦੇ ਜ਼ਿਲ੍ਹਿਆਂ ’ਚ ਕਈ ਹਾਦਸੇ ਵਾਪਰੇ। ਸ਼ੁੱਕਰਵਾਰ ਨੂੰ ਹੋਈ ਸੁਣਵਾਈ ’ਚ ਕੋਰਟ ਨੇ ਇਨ੍ਹਾਂ ਹਾਦਸਿਆਂ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ। ਕੋਰਟ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਖ਼ਤੀ ਦੇ ਬਾਵਜੂਦ ਹਾਦਸੇ ਹੋਣਾ ਦੁਖਦਾਈ ਹੈ। ਪਟੀਸ਼ਨ ’ਚ ਨਿਆਂ ਮਿੱਤਰ ਬਣਾਏ ਗਏ ਸੀਨੀਅਰ ਵਕੀਲ ਵਿਵੇਕ ਸ਼ਰਣ ਨੇ ਚਾਈਨੀਜ਼ ਡੋਰ ’ਤੇ ਕੰਟਰੋਲ ਲਈ ਕੁਝ ਸੁਝਾਅ ਵੀ ਦਿੱਤੇ।