ਪਤਨੀ ਨੂੰ ਟ੍ਰੇਨ ਅੱਗੇ ਧੱਕਾ ਦੇ ਕੇ ਸੂਰਤ ਭੱਜਿਆ ਪਤੀ, 13 ਸਾਲਾ ਪੁੱਤ ਨੇ ਅੱਖੀਂ ਦੇਖਿਆ ਮੌਤ ਦਾ ਖ਼ੌਫ਼ਨਾਕ ਮੰਜ਼ਰ
ਜਦੋਂ ਪੁਸ਼ਪਾ ਆਪਣੇ ਭਰਾ ਅਤੇ ਵੱਡੇ ਪੁੱਤਰ ਨਾਲ ਸਟੇਸ਼ਨ ਪਹੁੰਚੀ ਤਾਂ ਉਸ ਦੇ ਭਰਾ ਨੂੰ ਪਤਾ ਲੱਗਾ ਕਿ ਉਸ ਦਾ ਫੌਜੀ ਆਈ-ਕਾਰਡ ਅਤੇ ਏਟੀਐਮ ਗਾਇਬ ਹਨ। ਜਦੋਂ ਉਹ ਰਾਜੂ ਦੇ ਘਰ ਕਾਰਡ ਲੈਣ ਗਏ ਤਾਂ ਰਾਜੂ ਨੇ ਸਾਲੇ ਅਤੇ ਆਪਣੇ ਵੱਡੇ ਪੁੱਤਰ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਖੁਦ ਛੋਟੇ ਪੁੱਤਰ ਨਾਲ ਸਟੇਸ਼ਨ ਪਹੁੰਚ ਗਿਆ।
Publish Date: Tue, 17 Mar 2026 11:02 AM (IST)
Updated Date: Tue, 17 Mar 2026 11:09 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਮੁੰਬਈ ਦੇ ਮੁਲੁੰਡ ਸਟੇਸ਼ਨ 'ਤੇ ਸ਼ਨੀਵਾਰ ਨੂੰ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਨੇ ਆਪਣੇ 13 ਸਾਲਾ ਪੁੱਤਰ ਦੇ ਸਾਹਮਣੇ ਆਪਣੀ ਪਤਨੀ ਨੂੰ ਤੇਜ਼ ਰਫ਼ਤਾਰ ਲੋਕਲ ਟ੍ਰੇਨ ਅੱਗੇ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਦੀ ਪਛਾਣ 42 ਸਾਲਾ ਰਾਜੂ ਗੁਪਤਾ ਵਜੋਂ ਹੋਈ ਹੈ, ਜਿਸ ਨੂੰ ਰੇਲਵੇ ਪੁਲਿਸ (GRP) ਨੇ ਸੂਰਤ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਰਾਜੂ ਗੁਪਤਾ ਦਾ ਆਪਣੀ ਪਤਨੀ ਪੁਸ਼ਪਾ ਨਾਲ ਅਕਸਰ ਝਗੜਾ ਰਹਿੰਦਾ ਸੀ। ਕਲੇਸ਼ ਇੰਨਾ ਵੱਧ ਗਿਆ ਸੀ ਕਿ ਪੁਸ਼ਪਾ ਨੇ 13 ਫਰਵਰੀ ਨੂੰ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਅਤੇ ਉਹ ਆਪਣੇ ਵੱਡੇ ਪੁੱਤਰ ਨਾਲ ਉੱਤਰ ਪ੍ਰਦੇਸ਼ ਚਲੀ ਗਈ ਸੀ।
ਫੌਜੀ ਭਰਾ ਨੇ ਕਰਵਾਈ ਸੀ ਸੁਲ੍ਹਾ
ਪੁਸ਼ਪਾ ਦਾ ਭਰਾ ਕਮਲੇਸ਼ ਕੁਮਾਰ, ਜੋ ਭਾਰਤੀ ਫੌਜ ਵਿੱਚ ਜਵਾਨ ਹੈ, ਨੇ ਦੋਵਾਂ ਵਿਚਾਲੇ ਸੁਲ੍ਹਾ ਕਰਵਾ ਕੇ ਪੁਸ਼ਪਾ ਨੂੰ 14 ਮਾਰਚ ਨੂੰ ਵਾਪਸ ਮੁੰਬਈ ਲਿਆਂਦਾ ਸੀ ਪਰ ਮੁੰਬਈ ਆਉਂਦਿਆਂ ਹੀ ਫਿਰ ਝਗੜਾ ਸ਼ੁਰੂ ਹੋ ਗਿਆ। ਪੁਸ਼ਪਾ ਨੇ ਦੁਬਾਰਾ ਸ਼ਿਕਾਇਤ ਕੀਤੀ ਅਤੇ ਹਮੇਸ਼ਾ ਲਈ ਮੁੰਬਈ ਛੱਡਣ ਦਾ ਫੈਸਲਾ ਕਰ ਲਿਆ।
ਕਤਲ ਤੋਂ ਪਹਿਲਾਂ ਦੀ ਸਾਜ਼ਿਸ਼
ਜਦੋਂ ਪੁਸ਼ਪਾ ਆਪਣੇ ਭਰਾ ਅਤੇ ਵੱਡੇ ਪੁੱਤਰ ਨਾਲ ਸਟੇਸ਼ਨ ਪਹੁੰਚੀ ਤਾਂ ਉਸ ਦੇ ਭਰਾ ਨੂੰ ਪਤਾ ਲੱਗਾ ਕਿ ਉਸ ਦਾ ਫੌਜੀ ਆਈ-ਕਾਰਡ ਅਤੇ ਏਟੀਐਮ ਗਾਇਬ ਹਨ। ਜਦੋਂ ਉਹ ਰਾਜੂ ਦੇ ਘਰ ਕਾਰਡ ਲੈਣ ਗਏ ਤਾਂ ਰਾਜੂ ਨੇ ਸਾਲੇ ਅਤੇ ਆਪਣੇ ਵੱਡੇ ਪੁੱਤਰ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਖੁਦ ਛੋਟੇ ਪੁੱਤਰ ਨਾਲ ਸਟੇਸ਼ਨ ਪਹੁੰਚ ਗਿਆ।
ਸਟੇਸ਼ਨ 'ਤੇ ਖ਼ੂਨੀ ਅੰਜਾਮ
ਸਟੇਸ਼ਨ 'ਤੇ ਰਾਜੂ ਨੇ ਪੁਸ਼ਪਾ ਨੂੰ ਰੁਕਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਸ਼ਪਾ ਨੇ ਤਲਾਕ ਦੀ ਗੱਲ ਕਹੀ ਤਾਂ ਗੁੱਸੇ ਵਿੱਚ ਆਏ ਰਾਜੂ ਨੇ ਉਸ ਨੂੰ ਕਲਿਆਣ ਜਾਣ ਵਾਲੀ ਟ੍ਰੇਨ ਅੱਗੇ ਧੱਕਾ ਦੇ ਦਿੱਤਾ। ਪੁਸ਼ਪਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸੂਰਤ ਤੋਂ ਗ੍ਰਿਫ਼ਤਾਰੀ
ਕਤਲ ਤੋਂ ਬਾਅਦ ਰਾਜੂ ਆਪਣੇ 13 ਸਾਲਾ ਪੁੱਤਰ ਨੂੰ ਨਾਲ ਲੈ ਕੇ ਟ੍ਰੇਨ ਰਾਹੀਂ ਸੂਰਤ ਭੱਜ ਗਿਆ। ਜੀਆਰਪੀ (GRP) ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਸੂਰਤ ਤੋਂ ਦਬੋਚ ਲਿਆ। ਮਾਸੂਮ ਪੁੱਤਰ ਇਸ ਖ਼ੌਫ਼ਨਾਕ ਮੰਜ਼ਰ ਦਾ ਮੁੱਖ ਗਵਾਹ ਹੈ। ਪੁਲਿਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ।