ਈਰਾਨ ਤੋਂ ਭਾਰਤ ਆਉਣ ਵਾਲੇ ਕੱਚੇ ਤੇਲ ਦੀ ਖੇਪ ਨੂੰ ਚੀਨ ਵੱਲ ਮੋੜਨ ਦੀਆਂ ਖ਼ਬਰਾਂ 'ਤੇ ਸਰਕਾਰ ਨੇ ਸਪੱਸ਼ਟ ਜਵਾਬ ਦਿੱਤਾ ਹੈ। ਸਰਕਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਗ਼ਲਤ ਅਤੇ ਭਰਮਾਊ ਦੱਸਿਆ ਹੈ ਅਤੇ ਕਿਹਾ ਹੈ ਕਿ ਤੇਲ ਦੀ ਦਰਾਮਦ ਨੂੰ ਲੈ ਕੇ ਭੁਗਤਾਨ ਦੀ ਕੋਈ ਸਮੱਸਿਆ ਨਹੀਂ ਹੈ।

ਜਹਾਜ਼ ਦੇ ਰੂਟ ਬਦਲਣ 'ਤੇ ਸਫ਼ਾਈ
ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ 'ਪਿੰਗ ਸ਼ੁਨ' ਨਾਂ ਦਾ ਜਹਾਜ਼ ਗੁਜਰਾਤ ਦੇ ਵਾਡੀਨਾਰ ਵੱਲ ਆ ਰਿਹਾ ਸੀ, ਪਰ ਬਾਅਦ ਵਿੱਚ ਉਸ ਨੇ ਆਪਣਾ ਰੁਖ਼ ਬਦਲ ਕੇ ਚੀਨ ਦੇ ਡੋਂਗਯਿੰਗ ਵੱਲ ਕਰ ਲਿਆ। ਇਸ 'ਤੇ ਸਰਕਾਰ ਨੇ ਕਿਹਾ ਕਿ ਤੇਲ ਦੇ ਕਾਰੋਬਾਰ ਵਿੱਚ ਜਹਾਜ਼ਾਂ ਦਾ ਰਸਤਾ ਬਦਲਣਾ ਇੱਕ ਆਮ ਪ੍ਰਕਿਰਿਆ ਹੈ। ਕਈ ਵਾਰ ਸਮੁੰਦਰ ਦੇ ਵਿਚਕਾਰ ਹੀ ਵਪਾਰਕ ਅਤੇ ਸੰਚਾਲਨ ਸਬੰਧੀ ਕਾਰਨਾਂ ਕਰਕੇ ਮੰਜ਼ਿਲ ਬਦਲ ਦਿੱਤੀ ਜਾਂਦੀ ਹੈ।
ਸਰਕਾਰ ਨੇ ਇਹ ਵੀ ਕਿਹਾ ਕਿ ਮੱਧ ਪੂਰਬ ਵਿੱਚ ਤਣਾਅ ਦੇ ਬਾਵਜੂਦ ਭਾਰਤ ਨੇ ਆਉਣ ਵਾਲੇ ਮਹੀਨਿਆਂ ਲਈ ਕੱਚੇ ਤੇਲ ਦੀ ਲੋੜ ਪਹਿਲਾਂ ਹੀ ਪੂਰੀ ਕਰ ਲਈ ਹੈ। ਮੰਤਰਾਲੇ ਨੇ ਭਰੋਸਾ ਦਿਵਾਇਆ ਕਿ ਦੇਸ਼ ਵਿੱਚ ਤੇਲ ਦੀ ਸਪਲਾਈ 'ਤੇ ਕੋਈ ਅਸਰ ਨਹੀਂ ਪਵੇਗਾ ਅਤੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾ ਚੁੱਕੇ ਹਨ।
LPG ਸਪਲਾਈ 'ਤੇ ਵੀ ਸਪੱਸ਼ਟੀਕਰਨ
ਐਲ.ਪੀ.ਜੀ. ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਨੂੰ ਵੀ ਸਰਕਾਰ ਨੇ ਗ਼ਲਤ ਦੱਸਿਆ ਹੈ। ਸਰਕਾਰ ਨੇ ਕਿਹਾ ਕਿ 'ਸੀ ਬਰਡ' ਨਾਂ ਦਾ ਜਹਾਜ਼ 2 ਅਪ੍ਰੈਲ ਨੂੰ ਮੰਗਲੁਰੂ ਪਹੁੰਚ ਚੁੱਕਾ ਹੈ। ਇਸ ਜਹਾਜ਼ ਵਿੱਚ ਕਰੀਬ 44 ਹਜ਼ਾਰ ਮੀਟ੍ਰਿਕ ਟਨ ਈਰਾਨੀ ਐਲ.ਪੀ.ਜੀ. ਸੀ, ਜਿਸ ਨੂੰ ਫਿਲਹਾਲ ਉਤਾਰਿਆ ਜਾ ਰਿਹਾ ਹੈ।